ਵਾਸ਼ਿੰਗਟਨ, 1 ਅਕਤੂਬਰ (ਹੁਸਨ ਲੜੋਆ ਬੰਗਾ) – ਵਾਸ਼ਿੰਗਟਨ ਵਿੱਚ ਉਬਾਮਾ ਮੋਦੀ ਦੇ ਸੰਮੇਲਨ ਦੌਰਾਨ ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ਅਤੇ ਮੋਦੀ ਦੇ ਸਮਰਥਕਾਂ ਵਿਚਕਾਰ ਗਰਮਾ ਗਰਮ ਜ਼ੁਬਾਨੀ ਝੜਪਾਂ ਹੋਈਆਂ ਜਿਸ ਨੂੰ ਪੂਰੇ ਵਾਸ਼ਿੰਗਟਨ ਨੇ ਵੇਖਿਆ ਜਿਸ ਦੇ ਨਤੀਜੇ ਵਜੋਂ ਕੁੱਝ ਪ੍ਰਦਰਸ਼ਨਕਾਰੀਆਂ ਨੂੰ ਲਾਫਾਯੇਟੀ ਪਾਰਕ ਵਿਚੋਂ ਹਟਾਉਣਾ ਪਿਆ। ਅਮਰੀਕੀ ਪਾਰਕ ਪੁਲਿਸ ਨੂੰ ਕਈ ਵਾਰ ਦਖ਼ਲ ਦੇਣਾ ਪਿਆ ਜਦੋਂ ਮੋਦੀ ਦੇ ਸਮਰਥਕਾਂ ਜਿਹੜੇ ਕਿ ਗਰਬਾ ਦੀਆਂ ਧੁਨਾਂ ‘ਤੇ ਨਚ ਰਹੇ ਸਨ ਅਤੇ ਸਿੱਖਾਂ ਜੋ ਕਿ 2002 ਦੀ ਨਸਲਕੁਸ਼ੀ ਦੇ ਦੋਸ਼ਾਂ ਤਹਿਤ ਮੋਦੀ ਖ਼ਿਲਾਫ਼ ਚਲ ਰਹੀ ਦੋਸ਼ੀ ਕਰਾਰ ਦੇਣ ਦੀ ਕਾਰਵਾਈ ਚਲਾ ਰਹੇ ਸਨ, ਵਿਚਕਾਰ ਗਰਮਾ ਗਰਮ ਬਹਿਸ ਹੋ ਗਈ। ਅਮਰੀਕਾ ਦੀ ਪਾਰਕ ਪੁਲਿਸ ਨੂੰ ਹੋਰ ਫੋਰਸ ਮੰਗਵਾਉਣੀ ਪਈ ਤਾਂ ਜੋ ਪਾਰਕ ਵਿਚ ਸ਼ਾਂਤੀ ਬਹਾਲ ਰੱਖੀ ਜਾਵੇ ਜਿੱਥੇ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਜਥੇਬੰਦੀਆਂ ਨੂੰ ਨਾਲੋ ਨਾਲ ਰੈਲੀਆਂ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਉਤਰੀ ਅਮਰੀਕਾ ਤੋਂ ਸੈਂਕੜੇ ਦੀ ਗਿਣਤੀ ਵਿੱਚ ਲਾਫਾਯੇਟੀ ਪਾਰਕ ਪੁੱਜੇ ਸਿਖ ਭਾਰਤ ਵਿਚ ਧਾਰਮਿਕ ਘੱਟਗਿਣਤੀਆਂ ਨੂੰ ਵਧ ਰਹੇ ਖ਼ਤਰੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਸਨ। ‘ਮੋਦੀ ਇਕ ਕਾਤਲ’ ਦੇ ਨਾਅਰਿਆਂ ਦਰਮਿਆਨ ਸਿਖਸ ਫ਼ਾਰ ਜਸਟਿਸ ਵੱਲੋਂ ਬੁਲਾਈ ਗਈ ਲੋਕ ਅਦਾਲਤ ਨੇ 2002 ਵਿਚ ਮੁਸਲਮਾਨਾਂ ‘ਤੇ ਨਸਲਕੁਸ਼ੀ ਹਮਲਿਆਂ ਵਿੱਚ…….. ਮੋਦੀ ਦੀ ਭੂਮਿਕਾ ਲਈ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਡਾ. ਮਾਰਟਿਨ ਲੁਥਰ ਕਿੰਗ ਜੂਨੀਅਰ ਦੇ ਉਸ ਬਿਆਨ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ‘ਕਿਤੇ ਵੀ ਨਾਇਨਸਾਫ਼ੀ ਹਰ ਥਾਂ ਇਨਸਾਫ਼ ਲਈ ਖ਼ਤਰਾ ਹੁੰਦੀ ਹੈ’ ਦਾ ਹਵਾਲਾ ਦਿੰਦਿਆਂ ਐੱਸ ਐਫ ਜੇ ਦੇ ਡਾਇਰੈਕਟਰ ਲਿਟੀਗੇਸ਼ਨ ਸਲਮਾਨ ਯੂਨਸ ਜਿਨ੍ਹਾਂ ਨੇ ਲੋਕ ਅਦਾਲਤ ਵਿੱਚ ਅਦਾਲਤੀ ਕਾਰਵਾਈ ਚਲਾਈ ਸੀ, ਨੇ ਜਿਊਰੀ ਨੂੰ ਬੇਨਤੀ ਕੀਤੀ ਕਿ ਭਾਰਤ ਵਿੱਚ ਘੱਟ ਗਿਣਤੀਆਂ ਦੇ ਖ਼ਾਤਮੇ ਦੇ ਦੋਸ਼ਾਂ ਤਹਿਤ ਮੋਦੀ ਨੂੰ ਦੋਸ਼ੀ ਕਰਾਰ ਦੇ ਕੇ ‘ਸਾਰਿਆਂ ਲਈ ਇਨਸਾਫ਼’ ਦੀਆਂ ਅਮਰੀਕਨ ਕਦਰਾਂ ਕੀਮਤਾਂ ਨੂੰ ਬਰਕਰਾਰ ਰਖਿਆ ਜਾਵੇ। ਜਿਊਰੀ ਨੂੰ ਅਪੀਲ ਕਰਦਿਆਂ ਯੂਨਸ ਨੇ ਕਿਹਾ ਕਿ ਅੱਜ ਤੁਸੀ ਬੇਜ਼ੁਬਾਨਾਂ ਦੀ ਆਵਾਜ਼ ਹੋ। ਵੱਖ ਵੱਖ ਧਰਮਾਂ ਦੀ ਸ਼ਮੂਲੀਅਤ ਵਾਲੀ 23 ਮੈਂਬਰੀ ਜਿਊਰੀ ਨੇ ਸਰਬਸੰਮਤੀ ਨਾਲ ਫ਼ੈਸਲਾ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਨੂੰ ਨਸਲਕੁਸ਼ੀ, ਪਹਿਲੇ ਦਰਜੇ ਦੇ ਕਤਲ, ਬਲਾਤਕਾਰ ਤੇ ਜਿਸਮਾਨੀ ਸ਼ੋਸ਼ਣ, ਤਸ਼ੱਦਦ, ਸਬੂਤਾਂ ਨਾਲ ਛੇੜਛਾੜ, ਗਵਾਹਾਂ ਪੀੜਤਾਂ ਤੇ ਸੂਹੀਆ ਨੂੰ ਧਮਕਾਉਣਾ ਅਤੇ ਅਪਰਾਧਿਕ ਜਾਂਚ ਵਿੱਚ ਅੜਿੱਕੇ ਡਾਹੁਣ ਲਈ ਦੋਸ਼ੀ ਕਰਾਰ ਦਿੱਤਾ ਹੈ। ਐੱਸ ਐਫ ਜੇ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਨੇ ਕਿਹਾ ਕਿ ਉਬਾਮਾ ਨੂੰ ਹਿੰਦੂਆਂ ਦੀ ਪਵਿੱਤਰ ਗੀਤਾ ਭੇਟ ਕਰਨਾ ਪ੍ਰਧਾਨ ਮੰਤਰੀ ਮੋਦੀ ਦੀ ਹਿੰਦੂ ਧਰਮ ਪ੍ਰਤੀ ਕੱਟੜਤਾ ਤੇ ਹਿੰਦੂ ਧਰਮ ਨੂੰ ਸਰਬ ਉਚ ਮੰਨਣ ਅਤੇ ਭਾਜਪਾ ਤੇ ਆਰ ਐੱਸ ਐੱਸ ਦੀ ਹਿੰਦੂ ਦੇਸ਼ ਬਣਾਉਣ ਦੀ ਯੋਜਨਾ ਸਾਫ਼ ਵਿਖਾਈ ਦਿੰਦੀ ਹੈ।
ਅਟਾਰਨੀ ਪੰਨੂ ਨੇ ਅੱਗੇ ਕਿਹਾ ਕਿ ਗੁਜਰਾਤ ਵਿਚ ਮੁਸਲਮਾਨਾਂ ‘ਤੇ ਵਹਿਸ਼ੀਆਨਾ ਹਮਲੇ ਕਰਵਾਉਣ ਵਾਲੇ ਮੋਦੀ ਦੇ ਹੱਥ ਗੀਤਾ ਸ਼ੋਭਦੀ ਨਹੀਂ ਜੋ ਕਿ ਸ਼ਾਂਤੀ ਤੇ ਬਰਾਬਰਤਾ ਦਾ ਪ੍ਰਚਾਰ ਕਰਦੀ ਹੈ। ਸਿਖ ਰਾਏ-ਸ਼ੁਮਾਰੀ ਲਈ ਕੇਸ ਨੂੰ ਪੇਸ਼ ਕਰਦਿਆਂ ਮਨੁੱਖੀ ਅਧਿਕਾਰਾਂ ਬਾਰੇ ਵਕੀਲ ਪੰਨੂ ਨੇ ਕਿਹਾ ਕਿ ਕਿਉਂਕਿ ਭਾਰਤੀ ਸੰਵਿਧਾਨ ਸਿੱਖ ਧਰਮ ਨੂੰ ਵੱਖਰਾ ਧਰਮ ਨਹੀਂ ਮੰਨਦਾ ਇਸ ਲਈ 2020 ਵਿੱਚ ਸਮੁੱਚਾ ਸਿਖ ਭਾਈਚਾਰਾ ਐੱਸ ਐਫ ਜੇ ਵੱਲੋਂ ਆਯੋਜਿਤ ਰਾਏ-ਸ਼ੁਮਾਰੀ ਵਿੱਚ ਸਿੱਖਾਂ ਦੇ ਖ਼ੁਦਮੁਖ਼ਤਿਆਰੀ ਦੇ ਅਧਿਕਾਰ ਦੇ ਸਵਾਲ ‘ਤੇ ਵੋਟ ਪਾਏਗਾ। ਐੱਸ ਐਫ ਜੇ ਦੇ ਡਾਇਰੈਕਟਰ ਅਮਰਦੀਪ ਸਿੰਘ ਪੁਰੇਵਾਲ ਅਨੁਸਾਰ ਉਤਰੀ ਅਮਰੀਕਾ ਦੇ ਸਮੁੱਚੇ ਸਿਖ ਮੋਦੀ ਨੂੰ 2002 ਦੇ ਨਸਲਕੁਸ਼ੀ ਅਪਰਾਧ ਲਈ ਦੋਸ਼ੀ ਠਹਿਰਾਉਣ ਲਈ ਵਾਈਟ ਹਾਊਸ ਵਿਖੇ ਇਕੱਠੇ ਹੋਏ ਸਨ ਕਿਉਂਕਿ ਸਿੱਖ ਖ਼ੁਦ 1984 ਵਿੱਚ ਨਸਲਕੁਸ਼ੀ ਦਾ ਸ਼ਿਕਾਰ ਹੋਏ ਹਨ। 2002 ਅਤੇ ਨਵੰਬਰ 1984 ਦੇ ਨਸਲਕੁਸ਼ੀਆਂ ਵਿੱਚ ਕਾਫੀ ਸਮਾਨਤਾਵਾਂ ਸਨ ਕਿਉਂਕਿ ਜਿਵੇਂ ਸਿਖ ਨਸਲਕੁਸ਼ੀ ਕਰਵਾਉਣ ਤੋਂ ਬਾਅਦ ਰਾਜੀਵ ਗਾਂਧੀ ਭਾਰਤ ਦੇ ਪ੍ਰਧਾਨ
ਮੰਤਰੀ ਬਣੇ ਸਨ ਉਸੇ ਤਰਾਂ ਮੋਦੀ ਪਹਿਲਾ ਗੁਜਰਾਤ ਦੇ ਮੁੜ ਮੁੱਖ ਮੰਤਰੀ ਬਣੇ ਤੇ ਹੁਣ ਦੇਸ਼ ਦੇ ਪ੍ਰਧਾਨ ਮੰਤਰੀ।
ਇਸ ਰੋਸ ਪ੍ਰਦਰਸ਼ਨ ਦਾ ਆਯੋਜਨ ਐੱਸ ਐਫ ਜੇ ਵੱਲੋਂ ਸਮੁੱਚੇ ਅਮਰੀਕਾ ਦੇ 70 ਤੋਂ ਵੱਧ ਗੁਰਦੁਆਰਿਆਂ ਦੀ ਸੰਗਠਿਤ ਜਥੇਬੰਦੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ। ਅਮਰੀਕਨ ਗੁਰਦੁਆਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾ. ਪ੍ਰਿਤਪਾਲ ਸਿੰਘ, ਐੱਸ ਐਫ ਜੇ ਦੇ ਕੋਆਰਡੀਨੇਟਰ ਸੁਖਵਿੰਦਰ ਸਿੰਘ ਠਾਣਾ, ਅਵਤਾਰ ਸਿੰਘ ਪੰਨੂ, ਡਾ. ਬਖਸ਼ੀਸ਼ ਸਿੰਘ ਸੰਧੂ, ਡਾ. ਅਮਰਜੀਤ ਸਿੰਘ ਵਾਸ਼ਿੰਗਟਨ, ਜਤਿੰਦਰ ਸਿੰਘ ਗਰੇਵਾਲ ਕੈਨੇਡਾ, ਤਜਿੰਦਰ ਕੌਰ ਨਿੱਝਰ ਵੈਨਕੂਵਰ, ਭਾਈ ਮੇਜਰ ਸਿੰਘ ਨਿੱਝਰ ਕੈਲੇਫੋਰਨੀਆ, ਨਰਿੰਦਰ ਸਿੰਘ ਭਾਊ, ਭਾਈ ਬੂਟਾ ਸਿੰਘ ਖਰੌਦ (ਐੱਸ ਏ ਡੀ ਅੰਮ੍ਰਿਤਸਰ), ਸਿੱਖ ਯੂਥ ਆਫ਼ ਅਮਰੀਕਾ, ਏ ਜੀ ਪੀ ਸੀ, ਦਲ ਖ਼ਾਲਸਾ, ਸਮੂਹ ਗੁਰਦੁਆਰਾ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਦੀ ਅਗਵਾਈ ਵਿੱਚ ਸੈਂਕੜਿਆਂ ਦੇ ਗਿਣਤੀ ਵਿੱਚ ਸਿਖ ਵਾਈਟ ਹਾਊਸ ਵਿਖੇ ਇਕੱਠੇ ਹੋਏ ਸਨ।
International News ਵਾਸ਼ਿੰਗਟਨ ਵਿੱਚ ਸਿੱਖਾਂ ਅਤੇ ਮੋਦੀ ਸਮਰਥਕਾਂ ਵਿਚਕਾਰ ਜ਼ਬਾਨੀ ਝੜਪਾਂ ਨੂੰ ਪੂਰੇ ਵਾਸ਼ਿੰਗਟਨ...