ਵਿਕਟਰੀ ਡੇਅ ਪਰੇਡ: ਪੱਛਮ ਦੀਆਂ ਨੀਤੀਆਂ ਕਾਰਨ ਯੂਕਰੇਨ ‘ਚ ਫ਼ੌਜੀ ਕਾਰਵਾਈ ਕੀਤੀ – ਰੂਸੀ ਰਾਸ਼ਟਰਪਤੀ ਪੂਤਿਨ

ਮਾਸਕੋ, 9 ਮਈ – ਵਿਕਟਰੀ ਡੇਅ ਪਰੇਡ ਮੌਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਦਾਅਵਾ ਕੀਤਾ ਹੈ ਕਿ ਪੱਛਮੀ ਮੁਲਕਾਂ ਦੀਆਂ ਨੀਤੀਆਂ ਦੇ ਜਵਾਬ ‘ਚ ਮਜਬੂਰੀ ਕਾਰਨ ਉਨ੍ਹਾਂ ਨੂੰ ਯੂਕਰੇਨ ‘ਚ ਫ਼ੌਜੀ ਕਾਰਵਾਈ ਕਰਨੀ ਪਈ ਹੈ।
ਦੂਜੀ ਵਿਸ਼ਵ ਜੰਗ ‘ਚ ਨਾਜ਼ੀਆਂ ‘ਤੇ ਜਿੱਤ ਦੇ ਜਸ਼ਨ ਦੀ ਵਿਕਟਰੀ ਡੇਅ ਪਰੇਡ ਦੌਰਾਨ ਆਪਣੇ ਸੰਬੋਧਨ ‘ਚ ਪੂਤਿਨ ਨੇ ਯੂਕਰੇਨ ‘ਚ ਰੂਸੀ ਫ਼ੌਜ ਦੀ ਕਾਰਵਾਈ ਦੀ ਤੁਲਨਾ ਨਾਜ਼ੀਆਂ ਨਾਲ ਹੋਈ ਜੰਗ ਨਾਲ ਕੀਤੀ। ਵਿਕਟਰੀ ਡੇਅ ਪਰੇਡ ਦੌਰਾਨ ਰੂਸ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ। ਪੂਤਿਨ ਨੇ ਪੱਛਮੀ ਮੁਲਕਾਂ ‘ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਸੁਰੱਖਿਆ ਗਾਰੰਟੀ ਬਾਰੇ ਰੂਸੀ ਮੰਗਾਂ ਅਤੇ ਨਾਟੋ ‘ਚ ਵਿਸਥਾਰ ਨਾ ਕਰਨ ਦੀ ਅਪੀਲ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਮਾਸਕੋ ਕੋਲ ਹੋਰ ਕੋਈ ਬਦਲ ਨਾ ਹੋਣ ਕਾਰਨ ਯੂਕਰੇਨ ‘ਚ ਕਾਰਵਾਈ ਕਰਨੀ ਪਈ। ਉਨ੍ਹਾਂ ਯੂਕਰੇਨ ਜੰਗ ‘ਚ ਸ਼ਹੀਦ ਹੋਣ ਵਾਲੇ ਰੂਸੀ ਫ਼ੌਜੀਆਂ ਦੀ ਯਾਦ ‘ਚ ਇਕ ਮਿੰਟ ਦਾ ਮੌਨ ਵੀ ਧਾਰਿਆ। ਪੂਤਿਨ ਨੇ ਦਾਅਵਾ ਕੀਤਾ ਕਿ ਰੂਸੀ ਫ਼ੌਜ ਯੂਕਰੇਨ ‘ਚ ਆਪਣੇ ਮੁਲਕ ਦੀ ਸੁਰੱਖਿਆ ਲਈ ਲੜ ਰਹੀ ਹੈ ਅਤੇ ਪਰੇਡ ‘ਚ ਸ਼ਾਮਲ ਕੁੱਝ ਜਵਾਨ ਪਹਿਲਾਂ ਯੂਕਰੇਨ ‘ਚ ਜੰਗ ਲੜ ਚੁੱਕੇ ਹਨ।