ਨਵੀਂ ਦਿੱਲੀ, 23 ਸਤੰਬਰ – ਵਿਦੇਸ਼ ਮੰਤਰਾਲੇ ਨੇ ਅੱਜ ਕੈਨੇਡਾ ਵਿੱਚ ਰਹਿੰਦੇ ਭਾਰਤੀਆਂ ਅਤੇ ਜਿਹੜੇ ਭਾਰਤੀ ਕੈਨੇਡਾ ਦੀ ਯਾਤਰਾ ’ਤੇ ਜਾ ਰਹੇ ਹਨ, ਨੂੰ ਸਾਵਧਾਨ ਤੇ ਚੌਕਸ ਰਹਿਣ ਦਾ ਮਸ਼ਵਰਾ ਦਿੱਤਾ ਹੈ। ਵਿਦੇਸ਼ ਮੰਤਰਾਲਾ ਨੇ ਇਹ ਮਸ਼ਵਰਾ ਕੈਨੇਡਾ ਵਿੱਚ ਤੇਜ਼ੀ ਨਾਲ ਵਧ ਰਹੀਆਂ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ, ਨਸਲੀ ਹਿੰਸਾ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਦੇ ਮੱਦੇਨਜ਼ਰ ਦਿੱਤਾ ਹੈ।
ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ, ‘‘ਕੈਨੇਡਾ ਵਿੱਚ ਨਫ਼ਰਤੀ ਅਪਰਾਧ, ਨਸਲੀ ਹਿੰਸਾ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਨਾਲ ਸਬੰਧਤ ਘਟਨਾਵਾਂ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਕੈਨੇਡਾ ’ਚ ਸਾਡੇ ਹਾਈ ਕਮਿਸ਼ਨ/ਕੌਂਸਲੇਟ ਜਨਰਲ ਨੇ ਉੱਥੋਂ ਦੇ ਪ੍ਰਸ਼ਾਸਨ ਨਾਲ ਇਨ੍ਹਾਂ ਘਟਨਾਵਾਂ ਨੂੰ ਉਠਾਇਆ ਹੈ ਅਤੇ ਅਜਿਹੇ ਮਾਮਲਿਆਂ ਦੀ ਜਾਂਚ ਕਰਨ ਤੇ ਇਸ ਸਬੰਧ ’ਚ ਢੁੱਕਵੀਂ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਪਰ ਕੈਨੇਡਾ ਵਿੱਚ ਅਜੇ ਤੱਕ ਅਜਿਹੇ ਅਪਰਾਧਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਖੜ੍ਹਾ ਨਹੀਂ ਕੀਤਾ ਗਿਆ ਹੈ’’। ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਅਜਿਹੇ ਅਪਰਾਧਾਂ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੈਨੇਡਾ ’ਚ ਭਾਰਤੀ ਨਾਗਰਿਕਾਂ ਤੇ ਵਿਦਿਆਰਥੀਆਂ ਅਤੇ ਉੱਥੇ ਯਾਤਰਾ ਜਾਂ ਸਿੱਖਿਆ ਲਈ ਜਾਣ ਵਾਲਿਆਂ ਨੂੰ ਚੌਕਸ ਤੇ ਸਾਵਧਾਨ ਰਹਿਣ ਦਾ ਮਸ਼ਵਰਾ ਦਿੱਤਾ ਜਾਂਦਾ ਹੈ’’। ਬਿਆਨ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ’ਚ ਭਾਰਤੀ ਨਾਗਰਿਕ ਤੇ ਵਿਦਿਆਰਥੀ ਓਟਵਾ ’ਚ ਭਾਰਤੀ ਹਾਈ ਕਮਿਸ਼ਨ ਜਾਂ ਟੋਰਾਂਟੋ ਤੇ ਵੈਨਕੂਵਰ ’ਚ ਕੌਂਸਲੇਟ ਜਨਰਲ ਨਾਲ ਸਬੰਧਤ ਵੈੱਬਸਾਈਟ ਜਾਂ ‘ਮਦਦ ਪੋਰਟਲ ‘ਮਦਦ.ਗੋਵ.ਇਨ’ (MADAD portal madad.gov.in.) ’ਤੇ ਰਜਿਸਟਰੇਸ਼ਨ ਕਰਵਾ ਸਕਦੇ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਰਜਿਸਟਰੇਸ਼ਨ ਕਰਵਾਉਣ ਨਾਲ ਹਾਈ ਕਮਿਸ਼ਨ ਅਤੇ ਕੌਂਸਲੇਟ ਜਨਰਲ ਲਈ ਕਿਸੇ ਵੀ ਜ਼ਰੂਰਤ ਜਾਂ ਐਮਰਜੈਂਸੀ ਵਿੱਚ ਕੈਨੇਡਾ ’ਚ ਭਾਰਤੀ ਨਾਗਰਿਕਾਂ ਨੂੰ ਬਿਹਤਰ ਢੰਗ ਨਾਲ ਸੰਪਰਕ ਕਰਨਾ ਆਸਾਨ ਹੋਵੇਗਾ।
Home Page ਵਿਦੇਸ਼ ਮੰਤਰਾਲੇ ਵੱਲੋਂ ਕੈਨੇਡਾ ਰਹਿੰਦੇ ਭਾਰਤੀਆਂ ਨੂੰ ਚੌਕਸ ਰਹਿਣ ਦੀ ਸਲਾਹ, ਵਿਦੇਸ਼...