ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨੇ ਵੈਲਿੰਗਟਨ ‘ਚ ਭਾਰਤੀ ਹਾਈ ਕਮਿਸ਼ਨ ਦੀ ਨਵੀਂ ਚੈਂਸਰੀ ਦਾ ਉਦਘਾਟਨ ਕੀਤਾ

ਵੈਲਿੰਗਟਨ, 9 ਅਕਤੂਬਰ – ਨਿਊਜ਼ੀਲੈਂਡ ਦੌਰ ‘ਤੇ ਆਏ ਹੋਏ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਐਤਵਾਰ ਨੂੰ ਵੈਲਿੰਗਟਨ ‘ਚ ਨਵੇਂ ਬਣੇ ਭਾਰਤੀ ਹਾਈ ਕਮਿਸ਼ਨ ਦੀ ਚੈਂਸਰੀ ਦਾ ਉਦਘਾਟਨ ਕੀਤਾ ਅਤੇ ਕਿਹਾ ਕਿ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਮਹੱਤਵਪੂਰਨ ਸਬੰਧਾਂ ਨੂੰ ਹੋਰ ਡੂੰਘਾ ਕਰਨ ਲਈ ਇੱਕ-ਦੂਜੇ ਦੀਆਂ ਸਮਰੱਥਾਵਾਂ ਦਾ ਤਾਲਮੇਲ ਕਰਨਾ ਵਧੇਰੇ ਸਮਝਦਾਰੀ ਵਾਲਾ ਤਰੀਕਾ ਹੈ।
ਵਿਦੇਸ਼ ਮੰਤਰੀ ਵਜੋਂ ਨਿਊਜ਼ੀਲੈਂਡ ਦੇ ਆਪਣੇ ਪਹਿਲੇ ਦੌਰੇ ‘ਤੇ ਆਏ ਜੈਸ਼ੰਕਰ ਨੇ ਇਹ ਵੀ ਕਿਹਾ ਕਿ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਨਵੇਂ ਸਿਰੇ ਤੋਂ ਲੈ ਕੇ ਜਾਣ ਦੀ ਲੋੜ ਹੈ। ਡਾ. ਜੈਸ਼ੰਕਰ ਨੇ ਐਤਵਾਰ ਨੂੰ ਟਵੀਟ ਕੀਤਾ, ”ਅੱਜ ਵੈਲਿੰਗਟਨ ‘ਚ ਨਵੇਂ ਭਾਰਤੀ ਹਾਈ ਕਮਿਸ਼ਨ ਦੀ ਚੈਂਸਰੀ ਦਾ ਉਦਘਾਟਨ ਕੀਤਾ। ਥੋੜ੍ਹੇ ਸਮੇਂ ਵਿੱਚ ਤਿੰਨ ਮੰਤਰੀ ਪੱਧਰੀ ਦੌਰੇ ਭਾਰਤ-ਨਿਊਜ਼ੀਲੈਂਡ ਸਬੰਧਾਂ ਨੂੰ ਡੂੰਘਾ ਕਰਨ ਦੀ ਸਾਡੀ ਸਾਂਝੀ ਇੱਛਾ ਨੂੰ ਦਰਸਾਉਂਦੇ ਹਨ’। ਉਨ੍ਹਾਂ ਕਿਹਾ, ‘ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜੈਸਿੰਡਾ ਆਰਡਰਨ ਦੇ ਵਿਜ਼ਨ ਅਤੇ ਵਚਨਬੱਧਤਾ ਨਾਲ ਭਾਰਤ ਅਤੇ ਨਿਊਜ਼ੀਲੈਂਡ ਦੇ ਰਿਸ਼ਤੇ ਮਜ਼ਬੂਤ ਹੋਏ ਹਨ’।
ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਵਪਾਰ, ਡਿਜੀਟਲ ਅਤੇ ਖੇਤੀਬਾੜੀ ਵਰਗੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੀਆਂ ਸੰਭਾਵਨਾਵਾਂ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, “ਸਾਡੇ ਸਬੰਧਾਂ ਨੂੰ ਡੂੰਘਾ ਕਰਨ ਦਾ ਵਧੇਰੇ ਸਮਝਦਾਰੀ ਵਾਲਾ ਤਰੀਕਾ ਅਸਲ ‘ਚ ਇੱਕ ਦੂਜੇ ਦੀਆਂ ਸਮਰੱਥਾਵਾਂ ਨੂੰ ਤਾਲਮੇਲ ਕਰਨਾ ਹੈ। ਸਾਨੂੰ ਹੋਰ ਕਾਰੋਬਾਰ ਕਰਨ ਦੇ ਤਰੀਕੇ ਲੱਭਣੇ ਚਾਹੀਦੇ ਹਨ, ਕਿਉਂਕਿ ਕਿਸੇ ਵੀ ਰਿਸ਼ਤੇ ਲਈ ਸਭ ਕਾਰੋਬਾਰ ਚੰਗਾ ਹੁੰਦਾ ਹੈ। ਇੱਕ ਵਾਰ ਵਪਾਰਕ ਰਿਸ਼ਤੇ ਦੀ ਮਜ਼ਬੂਤ ਨੀਂਹ ਰੱਖੀ ਜਾਂਦੀ ਹੈ, ਉਹ ਰਿਸ਼ਤਾ ਅਸਲ ‘ਚ ਮਜ਼ਬੂਤ ਅਤੇ ਸਥਿਰ ਹੁੰਦਾ ਹੈ’।
ਉਨ੍ਹਾਂ ਨੇ ਟਵੀਟ ਕੀਤਾ, ‘ਵਪਾਰ, ਡਿਜੀਟਲ, ਖੇਤੀਬਾੜੀ, ਸਿੱਖਿਆ, ਹੁਨਰ, ਪਰੰਪਰਾਗਤ ਦਵਾਈ ਅਤੇ ਸਮੁੰਦਰੀ ਸੁਰੱਖਿਆ ਵਿੱਚ ਅਪਾਰ ਕਾਰੋਬਾਰੀ ਸੰਭਾਵਨਾਵਾਂ ਹਨ। ਮਜ਼ਬੂਤ ਸਹਿਯੋਗ ਸਾਡੇ ਸਾਂਝੇ ਖੇਤਰ ‘ਚ ਸ਼ਾਂਤੀ, ਖ਼ੁਸ਼ਹਾਲੀ ਅਤੇ ਤਰੱਕੀ ਨੂੰ ਯਕੀਨੀ ਬਣਾਏਗਾ’। ਹਾਲ ਹੀ ਦੇ ਸਾਲਾਂ ਵਿੱਚ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਸਮੇਂ-ਸਮੇਂ ‘ਤੇ ਸਮਾਗਮਾਂ ਦੇ ਨਾਲ-ਨਾਲ ਮੁਲਾਕਾਤ ਕਰਕੇ ਇੱਕ ਰਿਸ਼ਤਾ ਬਣਾਇਆ ਹੈ ਤੇ ਜਦੋਂ ਨੇਤਾ ਉੱਚ ਪੱਧਰ ‘ਤੇ ਮਿਲਦੇ ਹਨ, ਤਾਂ ਇਸ ਨਾਲ ਬਹੁਤ ਫ਼ਰਕ ਪੈਂਦਾ ਹੈ।
ਉਨ੍ਹਾਂ ਕਿਹਾ, “ਸਾਡਾ ਮੰਨਣਾ ਹੈ ਕਿ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਸਬੰਧਾਂ ਨੂੰ ਨਵਿਆਉਣ ਦੀ ਲੋੜ ਹੈ। ਭਾਰਤ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਲਈ ਬਹੁਤ ਸਾਰੀਆਂ ਚੁਣੌਤੀਆਂ, ਬਹੁਤ ਸਾਰੀਆਂ ਸੰਭਾਵਨਾਵਾਂ ਹਨ ਜੋ ਮਹੱਤਵਪੂਰਨ ਹਨ”। ਉਨ੍ਹਾਂ ਨੇ ਕਿਹਾ, ‘ਮੈਨੂੰ ਇਹ ਸੰਦੇਸ਼ ਦਿੰਦੇ ਹੋਏ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਭਾਰਤ ਵਪਾਰ ਲਈ ਤਿਆਰ ਹੈ ਅਤੇ ਅਜਿਹੇ ਬਹੁਤ ਸਾਰੇ ਖੇਤਰ ਹਨ ਜਿਨ੍ਹਾਂ ਵਿੱਚ ਤੁਹਾਡੇ ਕੋਲ ਅਨੁਭਵ, ਸਮਰੱਥਾਵਾਂ ਹਨ ਅਤੇ ਤੁਹਾਡੇ ਕੋਲ ਸ਼ਾਨਦਾਰ ਪ੍ਰਣਾਲੀਆਂ ਹਨ ਜੋ ਇੱਕ ਵੱਡਾ ਫ਼ਰਕ ਲਿਆਉਂਦੀਆਂ ਹਨ’।
ਉਨ੍ਹਾਂ ਕਿਹਾ ਕਿ ਡਿਜੀਟਲ ਕਨੈਕਟੀਵਿਟੀ ਇੱਕ ਹੋਰ ਖੇਤਰ ਹੈ ਜਿਸ ਵਿੱਚ ਵਧੇਰੇ ਸਹਿਯੋਗ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਖੇਤੀ ਵਪਾਰ ਦੇ ਖੇਤਰ ਵਿੱਚ ਸਾਂਝੇਦਾਰੀ ਦੀਆਂ ਵੀ ਅਪਾਰ ਸੰਭਾਵਨਾਵਾਂ ਹਨ। ਉਨ੍ਹਾਂ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਸਿੱਧੀ ਹਵਾਈ ਸੰਪਰਕ ਬਾਰੇ ਵੀ ਗੱਲ ਕੀਤੀ। ਵਿਦੇਸ਼ ਮੰਤਰੀ ਨੇ ਕਿਹਾ ਕਿ ਕੋਵਿਡ -19 ਦੌਰਾਨ ਇੱਥੇ ਭਾਰਤੀ ਵਿਦਿਆਰਥੀਆਂ ਨੇ ਮੁਸ਼ਕਲ ਦੌਰ ਦਾ ਸਾਹਮਣਾ ਕੀਤਾ।
ਇੰਡੋ-ਪੈਸੀਫਿਕ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ਭਾਰਤ ਅਤੇ ਨਿਊਜ਼ੀਲੈਂਡ ਇਸ ਸੰਸਾਧਨ ਨਾਲ ਭਰਪੂਰ ਖੇਤਰ ਦੇ ਦੋ ਉਲਟ ਸਿਰਿਆਂ ‘ਤੇ ਖੜ੍ਹੇ ਹਨ। ਜਦੋਂ ਅਸੀਂ ਭਾਰਤ ਅਤੇ ਨਿਊਜ਼ੀਲੈਂਡ ਬਾਰੇ ਸੋਚਦੇ ਹਾਂ, ਤਾਂ ਸਾਡੇ ਦਿਮਾਗ਼ ਵਿੱਚ ਇੰਡੋ-ਪੈਸੀਫਿਕ ਖੇਤਰ ਆਉਂਦਾ ਹੈ ਕਿਉਂਕਿ ਜੇਕਰ ਤੁਸੀਂ ਵੱਡੇ ਹਿੰਦ-ਪ੍ਰਸ਼ਾਂਤ ਖੇਤਰ ਨੂੰ ਦੇਖਦੇ ਹੋ, ਤਾਂ ਅਸੀਂ ਦੋ ਉਲਟ ਸਿਰਿਆਂ ‘ਤੇ ਖੜ੍ਹੇ ਹਾਂ। ਪਰ ਸਚਾਈ ਇਹ ਹੈ ਕਿ ਸਾਡੇ ਹਰੇਕ ਦੇਸ਼ ਕੋਲ ਇਸ ਸਾਂਝੇ ਖੇਤਰ ਵਿੱਚ ਯੋਗਦਾਨ ਪਾਉਣ ਲਈ ਕੁੱਝ ਨਾ ਕੁੱਝ ਹੈ ਅਤੇ ਅਸੀਂ ਨਿੱਜੀ ਤੌਰ ‘ਤੇ ਵੀ ਇਸ ਵਿੱਚ ਯੋਗਦਾਨ ਪਾ ਸਕਦੇ ਹਾਂ, ਪਰ ਕੂਟਨੀਤੀ ਦਾ ਅਧਾਰ ਦੂਜੇ ਲੋਕਾਂ ਨਾਲ ਹੈ। ਇਹ ਤੁਹਾਡਾ ਕੰਮ ਹੈ।
ਡਾ. ਜੈਸ਼ੰਕਰ ਨੇ ਇਹ ਵੀ ਕਿਹਾ, ”ਸਾਡੇ ਕੋਲ ਕ੍ਰਿਕਟ ‘ਚ ਵੀ ਸਹਿਯੋਗ ਦੀ ਚੰਗੀ ਮਿਸਾਲ ਹੈ ਕ੍ਰਿਕਟ ਵਿੱਚ ਅਸੀਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ, ਭਾਵੇਂ ਅਸੀਂ ਚਾਹੁੰਦੇ ਹਾਂ ਕਿ ਸਾਡੀ ਟੀਮ ਹੀ ਜਿੱਤੇ।
ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨਿਊਜ਼ੀਲੈਂਡ ਤੋਂ ਬਾਅਦ ਕੈਨਬਰਾ ਅਤੇ ਸਿਡਨੀ ਦੀ ਯਾਤਰਾ ਕਰਨਗੇ, ਜੋ ਇਸ ਸਾਲ ਉਨ੍ਹਾਂ ਦੀ ਆਸਟਰੇਲੀਆ ਦੀ ਦੂਜੀ ਯਾਤਰਾ ਹੋਵੇਗੀ।