ਨਵੀਂ ਦਿੱਲੀ, 21 ਮਾਰਚ – 20 ਮਾਰਚ ਨੂੰ ਕੇਂਦਰ ਸਰਕਾਰ ਨੇ ਸੰਸਦ ਦੇ ਦੋਵੇਂ ਸਦਨਾਂ ਵਿੱਚ ਖ਼ੁਲਾਸਾ ਕੀਤਾ ਕਿ ਕਰੀਬ 4 ਸਾਲ ਪਹਿਲਾਂ ਇਰਾਕ ਵਿੱਚ ਆਈਐੱਸਆਈਐੱਸ ਵੱਲੋਂ ਅਗਵਾ ਕੀਤੇ ਗਏ 39 ਭਾਰਤੀਆਂ ਵਿੱਚੋਂ ਕੋਈ ਵੀ ਜ਼ਿੰਦਾ ਨਹੀਂ ਬਚਿਆ। ਇਨ੍ਹਾਂ ਵਿੱਚ 27 ਪੰਜਾਬ, 6 ਬਿਹਾਰ, 4 ਹਿਮਾਚਲ ਪ੍ਰਦੇਸ਼ ਤੇ 2 ਪੱਛਮੀ ਬੰਗਾਲ ਨਾਲ ਸਬੰਧਿਤ ਸਨ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਰਾਜ ਸਭਾ ਵਿੱਚ ਬਿਆਨ ਦਿੰਦਿਆਂ ਕਿਹਾ ਕਿ ਇਨ੍ਹਾਂ ਦੀਆਂ ਲਾਸ਼ਾਂ ਇਰਾਕ ਦੇ ਸਭ ਤੋਂ ਵੱਡੇ ਸ਼ਹਿਰ ਮੋਸੂਲ ਨੇੜਲੇ ਪਿੰਡ ਬਾਦੋਸ਼ ਵਿੱਚੋਂ ਮਿਲ ਗਈਆਂ ਹਨ, ਜਿਨ੍ਹਾਂ ਦੀ ਸ਼ਨਾਖ਼ਤ ਡੀਐਨਏ ਟੈੱਸਟਾਂ ਰਾਹੀਂ ਕੀਤੀ ਗਈ ਹੈ।
ਇਸ ਖ਼ੁਲਾਸੇ ਦੇ ਨਾਲ ਹੀ ਕੇਂਦਰ ਵੱਲੋਂ ਇਨ੍ਹਾਂ ਭਾਰਤੀਆਂ ਦੇ ਮਾਮਲੇ ਨਾਲ ਨਜਿੱਠਣ ਦੇ ਮੁੱਦੇ ‘ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਕਾਂਗਰਸ ਤੇ ਕੁੱਝ ਪੀੜਤ ਪਰਿਵਾਰਾਂ ਨੇ ਵਿਦੇਸ਼ ਮੰਤਰੀ ‘ਤੇ ਹੁਣ ਤੱਕ ਉਨ੍ਹਾਂ ਨੂੰ ਝੂਠੇ ਦਿਲਾਸੇ ਦੇਣ ਤੇ ਹਨੇਰੇ ਵਿੱਚ ਰੱਖਣ ਦਾ ਦੋਸ਼ ਲਾਇਆ ਹੈ। ਜਦੋਂ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਇਹੋ ਆਖਦੀ ਆ ਰਹੀ ਸੀ ਕਿ ਇਰਾਕ ਵਿਚਲੇ ਇਹ ਸਾਰੇ ਭਾਰਤੀ ‘ਜ਼ਿੰਦਾ’ ਹਨ। ਇਹ ਵੀ ਦੱਸਣਯੋਗ ਹੈ ਕਿ ਇਨ੍ਹਾਂ ਕੁੱਲ 40 ਭਾਰਤੀਆਂ ਵਿੱਚੋਂ ਗੁਰਦਾਸਪੁਰ ਨਾਲ ਸਬੰਧਿਤ ਹਰਜੀਤ ਮਸੀਹ ਮੌਕੇ ‘ਤੇ ਖ਼ੁਦ ਨੂੰ ਬੰਗਲਾਦੇਸ਼ੀ ਮੁਸਲਮਾਨ ਦੱਸ ਕੇ ਜਾਨ ਬਚਾਉਣ ਵਿੱਚ ਸਫਲ ਰਿਹਾ ਸੀ। ਉਹ ਲਗਾਤਾਰ ਇਨ੍ਹਾਂ ਸਾਰੇ ਭਾਰਤੀਆਂ ਨੂੰ ਆਪਣੀਆਂ ਅੱਖਾਂ ਸਾਹਮਣੇ ਕਤਲ ਕਰ ਦਿੱਤੇ ਜਾਣ ਦੀ ਗੱਲ ਆਖਦਾ ਆ ਰਿਹਾ ਸੀ ਪਰ ਵਿਦੇਸ਼ ਮੰਤਰੀ ਸਵਰਾਜ ਨੇ ਉਸ ਦੇ ਦਾਅਵਿਆਂ ਨੂੰ ਅੱਜ ਫਿਰ ਖ਼ਾਰਜ ਕਰ ਦਿੱਤਾ। ਵਿਦੇਸ਼ ਮੰਤਰੀ ਸਵਰਾਜ ਨੇ ਕਿਹਾ ਕਿ ਇਨ੍ਹਾਂ ਭਾਰਤੀਆਂ ਨੂੰ ਜੂਨ 2014 ਵਿੱਚ ਮੋਸੂਲ ਵਿੱਚੋਂ ਅਗਵਾ ਕੀਤਾ ਗਿਆ ਸੀ ਤੇ ਕਤਲ ਕਰ ਕੇ ਬਾਦੋਸ਼ ‘ਚ ਇੱਕ ਸਮੂਹਿਕ ਕਬਰਗਾਹ ਵਿੱਚ ਦਫਣਾ ਦਿੱਤਾ ਗਿਆ ਸੀ। ਵਿਦੇਸ਼ ਮੰਤਰੀ ਰੌਲੇ-ਰੱਪੇ ਕਾਰਨ ਲੋਕ ਸਭਾ ਵਿੱਚ ਇਸ ਸਬੰਧੀ ਬਿਆਨ ਨਹੀਂ ਦੇ ਸਕੀ।
ਮਾਰੇ ਗਏ 39 ਭਾਰਤੀਆਂ ਮ੍ਰਿਤਕਾਂ ਦੇ ਨਾਮ ਧਰਮਿੰਦਰ ਕੁਮਾਰ, ਹਰੀਸ਼ ਕੁਮਾਰ, ਹਰਸਿਮਰਨਜੀਤ ਸਿੰਘ, ਕੰਵਲਜੀਤ ਸਿੰਘ, ਮਲਕੀਤ ਸਿੰਘ, ਰਣਜੀਤ ਸਿੰਘ, ਸੋਨੂ, ਸੰਦੀਪ ਕੁਮਾਰ, ਮਨਜਿੰਦਰ ਸਿੰਘ, ਗੁਰਚਰਨ ਸਿੰਘ, ਬਲਵੰਤ ਰਾਏ, ਰੂਪ ਲਾਲ, ਦੇਵਿੰਦਰ ਸਿੰਘ, ਕੁਲਵਿੰਦਰ ਸਿੰਘ, ਜਤਿੰਦਰ ਸਿੰਘ, ਨਿਸ਼ਾਨ ਸਿੰਘ, ਗੁਰਦੀਪ ਸਿੰਘ, ਕਮਲਜੀਤ ਸਿੰਘ, ਗੋਬਿੰਦਰ ਸਿੰਘ, ਪ੍ਰਿਤਪਾਲ ਸ਼ਰਮਾ, ਸੁਖਵਿੰਦਰ ਸਿੰਘ, ਜਸਵੀਰ ਸਿੰਘ, ਪਰਵਿੰਦਰ ਕੁਮਾਰ, ਬਲਵੀਰ ਚੰਦ, ਸੁਰਜੀਤ ਮੈਣਕਾ, ਨੰਦ ਲਾਲ, ਰਾਕੇਸ਼ ਕੁਮਾਰ (ਸਾਰੇ ਪੰਜਾਬ ਤੋਂ), ਅਮਨ ਕੁਮਾਰ, ਸੰਦੀਪ ਸਿੰਘ ਰਾਣਾ, ਇੰਦਰਜੀਤ, ਹੇਮ ਰਾਜ (ਸਾਰੇ ਹਿਮਾਚਲ ਪ੍ਰਦੇਸ਼ ਤੋਂ), ਸਮਰ ਤਿਕਦਰ, ਖੋਖਨ ਸਿਕਦਰ (ਪੱਛਮੀ ਬੰਗਾਲ ਤੋਂ), ਸੰਤੋਸ਼ ਕੁਮਾਰ ਸਿੰਘ, ਬਿਦਿਆ ਭੂਸ਼ਨ ਤਿਵਾੜੀ, ਅਦਾਲਤ ਸਿੰਘ, ਸੁਨੀਲ ਕੁਮਾਰ ਕੁਸ਼ਵਾਹਾ, ਧਰਮੇਂਦਰ ਕੁਮਾਰ (ਸਾਰੇ ਬਿਹਾਰ ਤੋਂ) ਰਾਜੂ ਕੁਮਾਰ ਯਾਦਵ (ਅਜੇ ਪੁਸ਼ਟੀ ਹੋਣੀ ਹੈ)।
Home Page ਵਿਦੇਸ਼ ਮੰਤਰੀ ਵੱਲੋਂ 39 ਭਾਰਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ