ਵਿਧਾਨ ਸਭਾ ਚੋਣਾਂ 2022: ਅੱਜ ਪੰਜਾਬ, ਯੂਪੀ, ਉੱਤਰਾਖੰਡ, ਗੋਆ ਤੇ ਮਨੀਪੁਰ ‘ਚ ਵੋਟਾਂ ਦੀ ਗਿਣਤੀ ਤੇ ਨਤੀਜੇ ਆਉਣਗੇ ਸਾਹਮਣੇ

ਨਵੀਂ ਦਿੱਲੀ, 10 ਮਾਰਚ – ਦੇਸ਼ ਵਿੱਚ ਹੋਈਆਂ 5 ਸੂਬਿਆਂ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਦੀਆਂ ਵਿਧਾਨ ਸਭਾ ਚੋਣਾਂ ਦੀ ਅੱਜ ਗਿਣਤੀ ਤੇ ਨਤੀਜਿਆਂ ਦਾ ਦਿਨ ਹੈ, ਅੱਜ ਕੁੱਝ ਹੀ ਘੰਟਿਆਂ ਤੱਕ ਸਾਫ਼ ਹੋ ਜਾਵੇਗਾ ਕੀ ਕਿਸ ਸੂਬੇ ਵਿੱਚ ਕਿਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ।
ਇਨ੍ਹਾਂ ਚੋਣਾਂ ‘ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਲਈ ਬਹੁਤ ਕੁੱਝ ਦਾਅ ‘ਤੇ ਹੈ। ਖ਼ਾਸ ਤੌਰ ‘ਤੇ 403 ਮੈਂਬਰਾਂ ਵਾਲੀ ਯੂਪੀ ਵਿਧਾਨ ਸਭਾ ਕਿਉਂਕਿ ਕਿਹਾ ਜਾਂਦਾ ਹੈ ਕਿ ਕਿਸੇ ਵੀ ਪਾਰਟੀ ਦੀ ਕੇਂਦਰ ਵਿੱਚ ਸੱਤਾ ‘ਚ ਆਉਣ ਦਾ ਰਾਹ ਯੂਪੀ ਤੋਂ ਹੋ ਕੇ ਨਿਕਲਦੀ ਹੈ। ਮੌਜੂਦਾ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਸਮਾਜਵਾਦੀ ਪਾਰਟੀ (ਸਪਾ) ਅਖਿਲੇਸ਼ ਯਾਦਵ ਦੀ ਅਗਵਾਈ ਵਾਲੇ ਗੱਠਜੋੜ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਹੈ। ਬਸਪਾ ਦੀ ਮਾਇਆਵਤੀ ਅਤੇ ਕਾਂਗਰਸ ਦੀ ਪ੍ਰਿਯੰਕਾ ਗਾਂਧੀ ਵਾਡਰਾ ਦਾ ਭਵਿੱਖ ਵੀ ਦਾਅ ‘ਤੇ ਹੈ।
ਯੂਪੀ ਦੇ ਨਤੀਜੇ ਜੁਲਾਈ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਤੇ ਵੀ ਪ੍ਰਭਾਵ ਪਾਉਣਗੇ, ਜਦੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਆਪਣਾ ਕਾਰਜਕਾਲ ਪੂਰਾ ਕਰਨਗੇ। ਭਾਰਤ ਦੇ ਰਾਸ਼ਟਰਪਤੀ ਦੀ ਚੋਣ 776 ਸੰਸਦ ਮੈਂਬਰਾਂ ਅਤੇ ਲਗਭਗ 4,120 ਵਿਧਾਇਕਾਂ ਦੁਆਰਾ ਬਣਾਏ ਗਏ ਚੋਣਕਾਰ ਕਾਲਜ ਦੁਆਰਾ ਕੀਤੀ ਜਾਂਦੀ ਹੈ।
ਪੰਜਾਬ ਦੀ ਗੱਲ ਕਰੀਏ ਤਾਂ 117 ਸੀਟਾਂ ਵਾਲੀ ਵਿਧਾਨ ਸਭਾ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (ਕਾਂਗਰਸ), ਸੁਖਬੀਰ ਬਾਦਲ (ਅਕਾਲੀ ਦਲ), ਭਗਵੰਤ ਮਾਨ (ਆਪ) ਅਤੇ ਭਾਜਪਾ, ਕੈਪਟਨ, ਢੀਂਡਸਾ ਗੱਠਜੋੜ ਦਾ ਦਾਅ ਵੀ ਲੱਗਾ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ 66 ਥਾਵਾਂ ‘ਤੇ 117 ਕੇਂਦਰਾਂ ‘ਤੇ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਇਨ੍ਹਾਂ 117 ਸੀਟਾਂ ਲਈ 93 ਔਰਤਾਂ ਅਤੇ 2 ਟਰਾਂਸਜੈਂਡਰਾਂ ਸਮੇਤ ਕੁੱਲ 1,304 ਉਮੀਦਵਾਰ ਚੋਣ ਮੈਦਾਨ ਵਿੱਚ ਸਨ।
ਐਗਜ਼ਿਟ ਪੋਲ ਵਿੱਚ ਪੰਜਾਬ ‘ਚ ਆਮ ਆਦਮੀ ਪਾਰਟੀ (ਆਪ) ਤੇ ਯੂਪੀ ‘ਚ ਭਾਜਪਾ ਨੂੰ ਸਰਕਾਰ ਬਣਾਉਂਦੇ ਦਰਸਾਇਆ ਗਿਆ ਹੈ, ਹੁਣ ਇਸ ਦਾ ਫ਼ੈਸਲਾ ਅੱਜ ਸਾਫ਼ ਹੋਵੇਗਾ ਕਿ ਐਗਜ਼ਿਟ ਪੋਲ ਸਹੀ ਹਨ ਜਾਂ ਨਹੀਂ।