ਦੇਹਰਾਦੂਨ/ਪਣਜੀ, 14 ਫਰਵਰੀ – ਉੱਤਰਾਖੰਡ ਦੀਆਂ 70 ਅਤੇ ਗੋਆ ਦੀਆਂ 40 ਸੀਟਾਂ ‘ਤੇ ਇੱਕੋ ਗੇੜ ‘ਚ ਵੋਟਿੰਗ ਦਾ ਕੰਮ ਅਮਨ-ਅਮਾਨ ਨਾਲ ਮੁਕੰਮਲ ਹੋ ਗਿਆ। ਉੱਤਰਾਖੰਡ ‘ਚ 62.5% ਅਤੇ ਗੋਆ ‘ਚ 78.94% ਲੋਕਾਂ ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ। ਇਨ੍ਹਾਂ ਦੋਵੇਂ ਸੂਬਿਆਂ ਦੇ ਵੋਟਾਂ ਦੀ ਗਿਣਤੀ ਅਤੇ ਨਤੀਜੇ ਬਾਕੀ ਤਿੰਨ ਸੂਬਿਆਂ ਯੂਪੀ, ਪੰਜਾਬ ਅਤੇ ਮਨੀਪੁਰ ਨਾਲ ਇਕੱਠਿਆਂ 10 ਮਾਰਚ ਨੂੰ ਐਲਾਨੇ ਜਾਣਗੇ। ਉੱਤਰਾਖੰਡ ਦੇ ਰਾਜਪਾਲ ਲੈਫ਼ਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ, ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਸਾਬਕਾ ਮੁੱਖ ਮੰਤਰੀਆਂ ਤ੍ਰਿਵੇਂਦਰ ਸਿੰਘ ਰਾਵਤ ਤੇ ਰਮੇਸ਼ ਪੋਖਰਿਆਲ ਨਿਸ਼ੰਕ, ‘ਆਪ’ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਕਰਨਲ (ਸੇਵਾਮੁਕਤ) ਅਜੈ ਕੋਥਿਆਲ, ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਗਣੇਸ਼ ਗੋਦਿਆਲ, ਪ੍ਰੀਤਮ ਸਿੰਘ, ਯੋਗ ਗੁਰੂ ਰਾਮਦੇਵ ਅਤੇ ਨਿਰੰਜਨੀ ਅਖਾੜਾ ਮਹਾਮੰਡਲੇਸ਼ਵਰ ਕੈਲਾਸ਼ਨੰਦ ਬ੍ਰਹਮਚਾਰੀ ਨੇ ਵੀ ਵੋਟਾਂ ਪਾਈਆਂ। ਧਾਮੀ ਨੇ ਖਟੀਮਾ, ਤ੍ਰਿਵੇਂਦਰ ਅਤੇ ਨਿਸ਼ੰਕ ਨੇ ਦੇਹਰਾਦੂਨ, ਕੋਥਿਆਲ ਨੇ ਉੱਤਰਕਾਸ਼ੀ ਅਤੇ ਰਾਮਦੇਵ ਨੇ ਕਨਖਲ ‘ਚ ਵੋਟ ਪਾਈ।
ਅੱਜ ਵੋਟਾਂ ਦਾ ਕੰਮ ਪੂਰਾ ਹੋਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ, ਸਾਬਕਾ ਮੰਤਰੀਆਂ ਯਸ਼ਪਾਲ ਆਰਿਆ, ਧਾਮੀ, ਗੋਦਿਆਲ, ਪ੍ਰੀਤਮ ਸਿੰਘ, ਸਤਪਾਲ ਮਹਾਰਾਜ, ਸੁਬੋਧ ਉਨਿਆਲ, ਅਰਵਿੰਦ ਪਾਂਡੇ, ਧਨ ਸਿੰਘ ਰਾਵਤ ਅਤੇ ਰੇਖਾ ਆਰਿਆ ਦੀ ਕਿਸਮਤ ਈਵੀਐੱਮ ਮਸ਼ੀਨਾਂ ‘ਚ ਬੰਦ ਹੋ ਗਈ ਹੈ। ਭਾਜਪਾ ਲਗਾਤਾਰ ਦੂਜੀ ਵਾਰ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ‘ਚ ਹੈ ਜਦੋਂ ਕਿ ਕਾਂਗਰਸ 2017 ਤੋਂ ਬਾਅਦ ਮੁੜ ਸੱਤਾ ਹਾਸਲ ਕਰਨਾ ਚਾਹੁੰਦੀ ਹੈ। ‘ਆਪ’ ਨੇ ਕੋਥਿਆਲ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਕੇ ਆਪਣਾ ਦਾਅ ਖੇਡਿਆ ਹੈ। ਪਹਿਲੀ ਵਾਰ ਸੂਬੇ ‘ਚ 101 ‘ਸਖੀ’ ਪੋਲਿੰਗ ਬੂਥ ਸਥਾਪਤ ਕੀਤੇ ਗਏ ਸਨ ਜੋ ਮਹਿਲਾਵਾਂ ਵੱਲੋਂ ਚਲਾਏ ਗਏ ਤਾਂ ਜੋ ਮਹਿਲਾਵਾਂ ਨੂੰ ਚੋਣ ਅਮਲ ‘ਚ ਉਤਸ਼ਾਹਿਤ ਕੀਤਾ ਜਾ ਸਕੇ।
ਦੂਜੇ ਪਾਸੇ ਗੋਆ ਦੀਆਂ 40 ਸੀਟਾਂ ‘ਤੇ ਵੋਟਿੰਗ ਹੋਈ। ਗੋਆ ‘ਚ 78.94% ਪੋਲਿੰਗ ਹੋਈ, ਇਸ ਨਾਲ 301 ਉਮੀਦਵਾਰਾਂ ਦੀ ਕਿਸਮਤ ਈਵੀਐੱਮ ਮਸ਼ੀਨਾਂ ‘ਚ ਬੰਦ ਹੋ ਗਈ ਹੈ। ਸੂਬੇ ‘ਚ ਭਾਜਪਾ, ਕਾਂਗਰਸ ਗੱਠਜੋੜ, ‘ਆਪ’ ਅਤੇ ਤ੍ਰਿਣਮੂਲ ਕਾਂਗਰਸ ਗੱਠਜੋੜ ਵਿਚਕਾਰ ਫਸਵਾਂ ਮੁਕਾਬਲਾ ਹੈ। ਭਾਜਪਾ ਲਗਾਤਾਰ ਦੂਜੀ ਵਾਰ ਸੱਤਾ ‘ਚ ਆਉਣ ਦੀਆਂ ਕੋਸ਼ਿਸ਼ਾਂ ‘ਚ ਹੈ। ਮੁੱਖ ਮੰਤਰੀ ਪ੍ਰਮੋਦ ਸਾਵੰਤ ਸੰਖਾਲਿਮ ‘ਚ ਦੂਜੀ ਵਾਰ ਵਿਧਾਇਕ ਬਣਨ ਦੀ ਦੌੜ ‘ਚ ਹਨ।
Home Page ਵਿਧਾਨ ਸਭਾ ਚੋਣਾਂ 2022: ਉੱਤਰਾਖੰਡ ‘ਚ 62.5% ਅਤੇ ਗੋਆ ‘ਚ 78.94% ਪੋਲਿੰਗ...