ਲੁਧਿਆਣਾ, 22 ਨਵੰਬਰ – ਕਾਂਗਰਸ ਨੇ ਸੂਬੇ ਵਿੱਚ ਹੋਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੱਜ ਲੁਧਿਆਣਾ ਵਿੱਚ ਵੱਡੀ ਰੈਲੀ ਕਰਕੇ ਚੋਣ ਬਿਗਲ ਵਜਾ ਦਿੱਤਾ ਹੈ। ਕਾਂਗਰਸ ਪਾਰਟੀ ਨੇ ‘ਵਰਕਰ ਮਿਲਣੀ’ ਦੇ ਨਾਂ ‘ਤੇ ਰੈਲੀ ਕਰਕੇ ਆਪਣੀ ਇੱਕਜੁੱਟਤਾ ਦਾ ਸ਼ਕਤੀ ਪ੍ਰਦਰਸ਼ਨ ਵੀ ਕੀਤਾ। ਮੰਚ ਸਾਂਝਾ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਵਰਕਰਾਂ ਨੂੰ ਚੋਣਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਅੱਜ ਤੋਂ ਕੇਬਲ ਮਾਫ਼ੀਏ ਖ਼ਿਲਾਫ਼ ਜੰਗ ਦਾ ਐਲਾਨ ਕਰਦਿਆਂ ਕੇਬਲ ਟੀਵੀ ਕੁਨੈਕਸ਼ਨ ਦੀ ਦਰ 100 ਰੁਪਏ ਮਹੀਨਾ ਤੈਅ ਕਰਨ ਦਾ ਐਲਾਨ ਕੀਤਾ ਤਾਂ ਜੋ ਸੂਬੇ ਵਿੱਚ ਕੇਬਲ ਦੀ ਅਜਾਰੇਦਾਰੀ ਨੂੰ ਮੁਕੰਮਲ ਤੌਰ ‘ਤੇ ਖ਼ਤਮ ਕੀਤਾ ਜਾ ਸਕੇ। ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਕੇਬਲ ਮਾਫ਼ੀਏ ਵੱਲੋਂ ਵਾਧੂ ਦਰਾਂ ਦੀ ਵਸੂਲੀ ਰਾਹੀਂ ਲੋਕਾਂ ਦਾ ਬੇਲੋੜਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਜਿਸ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਕੜਵਲ ਵੱਲੋਂ ਕਰਵਾਈ ਰੈਲੀ ਦੌਰਾਨ ਚੰਨੀ ਨੇ ਕਿਹਾ ਕਿ ਟਰਾਂਸਪੋਰਟ ਅਤੇ ਕੇਬਲ ਦੇ ਅਜਿਹੇ ਸਾਰੇ ਕਾਰੋਬਾਰ ਉੱਤੇ ਬਾਦਲ ਪਰਿਵਾਰ ਦੀ ਮਾਲਕੀ ਹੈ ਅਤੇ ਹੁਣ ਲੋਕਾਂ ਨੂੰ ਕੇਬਲ ਲਈ ਹਰੇਕ ਮਹੀਨੇ 100 ਰੁਪਏ ਤੋਂ ਵੱਧ ਦੇਣ ਦੀ ਲੋੜ ਨਹੀਂ ਹੈ। ਨਵੀਆਂ ਦਰਾਂ ਦੀ ਪਾਲਣਾ ਨਾ ਕਰਨ ਵਾਲਿਆਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਜੇਕਰ ਤੁਹਾਨੂੰ ਕੋਈ ਤੰਗ-ਪ੍ਰੇਸ਼ਾਨ ਕਰਦਾ ਹੈ ਤਾਂ ਮੈਨੂੰ ਦੱਸੋ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸਾਰੇ ਗੈਰ-ਕਾਨੂੰਨੀ ਬੱਸ ਪਰਮਿਟ ਰੱਦ ਕੀਤੇ ਜਾਣਗੇ ਅਤੇ ਬਦਲੇ ਵਿਚ ਬੇਰੁਜ਼ਗਾਰ ਨੌਜਵਾਨਾਂ ਨੂੰ ਨਵੇਂ ਪਰਮਿਟ ਅਲਾਟ ਕੀਤੇ ਜਾਣਗੇ। ਉਨ੍ਹਾਂ ਐਲਾਨ ਕੀਤਾ ਕਿ ਅਗਲੇ 10 ਦਿਨਾਂ ਵਿੱਚ ਨਗਰ ਨਿਗਮ ਅਤੇ ਮਿਉਂਸਿਪਲ ਕੌਂਸਲਾਂ ਦੇ ਸਾਰੇ ਸਫ਼ਾਈ ਸੇਵਕਾਂ ਦੀਆਂ ਸੇਵਾਵਾਂ ਰੈਗੂਲਰ ਕਰ ਦਿੱਤੀਆਂ ਜਾਣਗੀਆਂ ਤੇ ਇਸ ਲਈ 10 ਸਾਲ ਦੀ ਸੇਵਾ ਦੀ ਕੋਈ ਸ਼ਰਤ ਨਹੀਂ ਹੋਵੇਗੀ। ਇਸ ਤੋਂ ਇਲਾਵਾ ਭਰਤੀ ਲਈ ਠੇਕੇਦਾਰੀ ਪ੍ਰਬੰਧ ਵੀ ਖ਼ਤਮ ਕੀਤਾ ਜਾਵੇਗਾ। ਆਪਣੀ ਸਰਕਾਰ ਵੱਲੋਂ ਗ਼ਰੀਬ ਲੋਕਾਂ ਦੇ ਭਲੇ ਲਈ ਉਠਾਏ ਗਏ ਕਈ ਇਤਿਹਾਸਕ ਫ਼ੈਸਲਿਆਂ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ‘ਚ ਬਿਜਲੀ ਦਰਾਂ ਵਿੱਚ 3 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ, ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕਰਨਾ, ਪਾਣੀ ਦਾ ਬਿੱਲ ਪ੍ਰਤੀ ਮਹੀਨਾ 50 ਰੁਪਏ ਕਰਨਾ, ਰੇਤਾ ਤੇ ਗਟਕੇ ਦੇ ਰੇਟ ਘਟਾ ਕੇ 5.50 ਰੁਪਏ ਪ੍ਰਤੀ ਮਹੀਨਾ ਕਰਨ ਤੋਂ ਇਲਾਵਾ ਪੇਂਡੂ ਜਲ ਸਪਲਾਈ ਸਕੀਮਾਂ ਲਈ ਮੁਫ਼ਤ ਬਿਜਲੀ ਮੁਹੱਈਆ ਕਰਵਾਉਣਾ ਸ਼ਾਮਲ ਹਨ। ਮਹਿਲਾਵਾਂ ਦੇ ਸ਼ਕਤੀਕਰਨ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਸਰਕਾਰ ਦੇ ਨਾਲ-ਨਾਲ ਪਾਰਟੀ ਵਿੱਚ ਵੀ ਮਹਿਲਾਵਾਂ ਨੂੰ ਬਰਾਬਰ ਦੀ ਨੁਮਾਇੰਦਗੀ ਦਿੱਤੀ ਜਾਵੇਗੀ।
ਇਸ ਮੌਕੇ ਮੁੱਖ ਮੰਤਰੀ ਦੀ ਹਾਜ਼ਰੀ ‘ਚ ਜਗਰਾਉਂ ਹਲਕੇ ਤੋਂ ਅਕਾਲੀ ਟਿਕਟ ‘ਤੇ 2017 ਦੀ ਵਿਧਾਨ ਸਭਾ ਚੋਣ ਲੜ ਚੁੱਕੀ ਸੀਨੀਅਰ ਆਗੂ ਸਰਬਜੀਤ ਕੌਰ ਸਾਹੋਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਿਹਾਲ ਸਿੰਘ ਵਾਲਾ ਤੋਂ ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ ਆਪਣੇ ਸਮਰਥਕਾਂ ਸਮੇਤ ਕਾਂਗਰਸ ਪਾਰਟੀ ‘ਚ ਸ਼ਾਮਲ ਹੋਏ। ਇਸ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਡਾ. ਅਮਰ ਸਿੰਘ ਸਣੇ ਹੋਰ ਕਈਆਂ ਨੇ ਰੈਲੀ ਨੂੰ ਸੰਬੋਧਨ ਕੀਤਾ।
Home Page ਵਿਧਾਨ ਸਭਾ ਚੋਣਾਂ 2022: ਕਾਂਗਰਸ ਨੇ ਪੰਜਾਬ ‘ਚ ਵਜਾਇਆ ਚੋਣ ਬਿਗਲ