ਵਿਧਾਨ ਸਭਾ ਚੋਣਾਂ 2022: ਪੰਜਾਬ ‘ਚ 65.32% ਪੋਲਿੰਗ ਹੋਈ, ਸੂਬੇ ਦੇ ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ ‘ਚ ਬੰਦ

ਮਾਨਸਾ ‘ਚ ਸਭ ਤੋਂ ਵੱਧ 78.7% ਤੇ ਅੰਮ੍ਰਿਤਸਰ ‘ਚ ਸਭ ਤੋਂ ਘੱਟ 61.2% ਵੋਟਾਂ ਪਈਆਂ
ਚੰਡੀਗੜ੍ਹ, 20 ਫਰਵਰੀ – 20 ਫਰਵਰੀ ਦਿਨ ਐਤਵਾਰ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਮੁਕੰਮਲ ਹੋ ਗਿਆ। ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਵਿੱਚ 1304 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋ ਗਿਆ। ਹੁਣ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣਗੇ।
ਚੋਣ ਕਮਿਸ਼ਨ ਅਨੁਸਾਰ ਪੰਜਾਬ ਵਿੱਚ 65.32% ਪੋਲਿੰਗ ਹੋਈ। ਸੂਬੇ ਦੇ ਪੰਜ ਜ਼ਿਲ੍ਹੇ ਅਜਿਹੇ ਰਹੇ ਜਿੱਥੇ ਵੋਟਰਾਂ ਨੇ ਦਿਲਚਸਪੀ ਨਹੀਂ ਦਿਖਾਈ। ਇੱਥੇ 65% ਤੋਂ ਘੱਟ ਵੋਟਾਂ ਪਈਆਂ ਜਦੋਂ ਕਿ 12 ਜ਼ਿਲ੍ਹਿਆਂ ਵਿੱਚ 70% ਤੋਂ ਉੱਤੇ ਵੋਟਾਂ ਪਈਆਂ। ਸਭ ਤੋਂ ਜ਼ਿਆਦਾ ਵੋਟਾਂ ਮਾਨਸਾ ਵਿੱਚ 78.7% ਤੇ ਸਭ ਤੋਂ ਘੱਟ ਅੰਮ੍ਰਿਤਸਰ ਵਿੱਚ 61.2% ਵੋਟਾਂ ਪਈਆਂ।
ਵੋਟਾਂ ਪਾਉਣ ਦਾ ਕੰਮ ਸਵੇਰੇ 7.00 ਵਜੇ ਤੋਂ ਸ਼ਾਮ 6.00 ਵਜੇ ਤੱਕ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹਿਆਂ। ਚੋਣਾਂ ਦੌਰਾਨ ਸੂਬੇ ‘ਚ ਇੱਕਾ-ਦੁੱਕਾ ਹਿੰਸਕ ਘਟਨਾਵਾਂ ਦੇ ਬਾਵਜੂਦ ਹਾਲਾਤ ਸ਼ਾਂਤਮਈ ਰਹੇ। ਸੂਬੇ ਦੇ 117 ਹਲਕਿਆਂ ਵਿੱਚ 1304 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ‘ਚ 1209 ਪੁਰਸ਼, 93 ਔਰਤਾਂ ਅਤੇ 2 ਟਰਾਂਸਜੈਂਡਰ ਸ਼ਾਮਲ ਹਨ, ਇਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਵੋਟਿੰਗ ਮਸ਼ੀਨਾਂ ‘ਚ ਬੰਦ ਹੋ ਗਿਆ ਹੈ। ਚੋਣ ਕਮਿਸ਼ਨ ਵੱਲੋਂ ਸੂਬੇ ਵਿੱਚ ਚੋਣਾਂ ਕਰਾਉਣ ਲਈ 1 ਲੱਖ 60 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਭਦੌੜ ਵਿਧਾਨ ਸਭਾ ਸੀਟ ‘ਤੇ 71.3%, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲਾ ਸੀਟ ਲਈ 59.5%, ਭਗਵੰਤ ਮਾਨ ਦੀ ਧੂਰੀ ਸੀਟ ‘ਤੇ 68%, ਪ੍ਰਕਾਸ਼ ਸਿੰਘ ਬਾਦਲ ਦੀ ਲੰਬੀ ਸੀਟ ‘ਤੇ 72.4%, ਸੁਖਬੀਰ ਬਾਦਲ ਦੀ ਜਲਾਲਾਬਾਦ ਸੀਟ ‘ਤੇ 71.5%, ਨਵਜੋਤ ਸਿੰਘ ਸਿੱਧੂ ਦੀ ਅੰਮ੍ਰਿਤਸਰ ਪੂਰਬੀ ਸੀਟ ‘ਤੇ 53%, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਚਮਕੌਰ ਸਾਹਿਬ ਸੀਟ ‘ਤੇ 68% ਵੋਟਾਂ ਪਈਆਂ।