ਹਰ ਇਨਸਾਨ ਵਿੱਚ ਕੋਈ ਇਕ ਖਾਸ ਗੁਣ ਅਤੇ ਜ਼ਿੰਦਗੀ ਵਿੱਚ ਸ਼ੌਕ ਹੁੰਦਾ ਹੈ। ਉਹ ਗੁਣ ਅਤੇ ਸ਼ੌਕ ਕਿਸੇ ਵੀ ਰੂਪ ਵਿੱਚ ਪ੍ਰਗਟ ਹੋ ਸਕਦਾ ਹੈ। ਸ਼ੌਕ ਦਾ ਕੋਈ ਮੁੱਲ ਵੀ ਨਹੀਂ ਹੁੰਦਾ। ਉਸ ਨੂੰ ਸੰਭਾਲਣਾ ਇਨਸਾਨ ਦੇ ਵਸ ਵਿੱਚ ਹੁੰਦਾ ਹੈ ਕਿ ਉਸ ਨੇ ਉਸ ਦਾ ਸਦਉਪਯੋਗ ਕਿਵੇਂ ਕਰਨਾ ਹੈ। ਲੁਧਿਆਣਾ ਜਿਲ੍ਹੇ ਦੀ ਸਮਰਾਲਾ ਤਹਿਸੀਲ ਦੇ ਪਿੰਡ ਦੀਵਾਲਾ ਵਿਖੇ ਇਕ ਨੌਜਵਾਨ ਤਸਵਿੰਦਰ ਸਿੰਘ ਬੜੈਚ ਵਿੱਚ ਪੁਰਤਤਵ ਵਿਰਾਸਤੀ ਵਸਤਾਂ ਨੂੰ ਇਕੱਠੀਆਂ ਕਰਕੇ ਸਾਂਭਣ ਦਾ ਗੁਣ ਅਤੇ ਸ਼ੌਕ ਕੁਦਰਤ ਨੇ ਉਸ ਨੂੰ ਦਿੱਤਾ ਹੈ। ਪਰੰਤੂ ਉਸ ਦੇ ਮੱਧ ਵਰਗੀ ਕਿਸਾਨ ਦਾ ਮੈਂਬਰ ਹੋਣ ਕਰਕੇ ਆਰਥਿਕ ਔਕੜਾਂ ਸ਼ੌਕ ਨੂੰ ਪੂਰਾ ਕਰਨ ਦੇ ਰਾਹ ਵਿੱਚ ਪਹਾੜ ਦੀ ਤਰ੍ਹਾਂ ਖੜ੍ਹੀਆਂ ਹੋ ਗਈਆਂ ਸਨ ਪਰੰਤੂ ਉਸ ਨੇ ਹੌਸਲਾ ਨਹੀਂ ਹਾਰਿਆ। ਸਹਿਜਤਾ ਨਾਲ ਆਪਣੇ ਸ਼ੌਕ ਦੀ ਪੂਰਤੀ ਲਈ ਜੁਟਿਆ ਰਿਹਾ। ਫਿਰ ਉਸ ਨੇ ਆਪਣੇ ਘਰ ਵਿੱਚ ਹੀ ਇਕ ਛੋਟਾ ਜਿਹਾ ਪੁਰਾਤਤਵ ਪੰਜਾਬੀ ਵਿਰਾਸਤੀ ਵਸਤਾਂ ਦਾ ‘ ਮਿੰਨੀ ਅਜਾਇਬ ਘਰ’ ਸਥਾਪਤ ਕਰ ਲਿਆ, ਜਿਸ ਦਾ ਨਾਮ ਉਸਨੇ ‘ਬਾਬਾ ਨੰਦ ਸਿੰਘ ਬੜੈਚ’ ਪਿੰਡ ਦੀਵਾਲਾ ਰੱਖਿਆ ਹੈ। ਅਸਲ ਵਿੱਚ ਇਹ ‘ਲੋਕ ਅਜਾਇਬ ਘਰ’ ਹੈ ਕਿੳਂੁਕਿ ਇਸ ਨੂੰ ਕਦੀ ਵੀ ਕੋਈ ਆ ਕੇ ਵੇਖ ਸਕਦਾ ਹੈ। ਕੋਈ ਸਮਾਂ ਨਿਸਚਤ ਨਹੀਂ ਹੈ ਕਿਉਂ ਕਿ ਘਰ ਵਿੱਚ ਹੀ ਹੋਣ ਕਰਕੇ ਹਮੇਸ਼ਾ ਲਈ ਖੁਲ੍ਹਾ ਰਹਿੰਦਾ ਹੈ। ਸ਼ੌਕ ਮਨੁੱਖ ਦੀ ਸੋਚ ਦਾ ਲਖਾਇਕ ਹੁੰਦਾ ਹੈ। ਸ਼ੌਕ ਵੀ ਅਨੇਕ ਕਿਸਮ ਦੇ ਅਵੱਲੜੇ ਉਸਾਰੂ ਅਤੇ ਪਿਛਾਂਹ ਖਿੱਚੂ ਹੁੰਦੇ ਹਨ। ਸ਼ੌਕ ਦੀ ਪੂਰਤੀ ਇਨਸਾਨ ਕਿਸੇ ਮਕਸਦ ਨਾਲ ਨਹੀਂ ਕਰਦਾ ਸਗੋਂ ਸ਼ੌਕ ਦੀ ਪੂਰਤੀ ਲਈ ਉਹ ਹਰ ਇੱਛਾ ਨੂੰ ਤਿਆਗ ਸਕਦਾ ਹੈ। ਵਰਤਮਾਨ ਸਮਾਜ ਦਾ ਤਾਣਾ-ਬਾਣਾ ਆਧੁਨਿਕਤਾ ਦੇ ਸ਼ੌਕੀਨਾ ਦੀ ਭੇਂਟ ਚੜ੍ਹ ਗਿਆ ਹੈ। ਨੌਜਵਾਨ ਪੀੜ੍ਹੀ ਬਰਾਂਡਡ ਵਸਤਾਂ ਦੀ ਦੀਵਾਨੀ ਹੋਈ ਫਿਰਦੀ ਹੈ। ਉਨ੍ਹਾਂ ਨੂੰ ਪੁਰਾਤਨ ਵਿਰਾਸਤੀ ਵਸਤਾਂ ਦੇ ਨਾਮ ਵੀ ਪਤਾ ਨਹੀਂ। ਕਈ ਵਾਰ ਸ਼ੌਕ ਮਨੁੱਖ ਨੂੰ ਕਰਜ਼ੇ ਦੀ ਲਪੇਟ ਵਿੱਚ ਲੈ ਲੈਂਦਾ ਹੈ। ਸ਼ੌਕ ਦੀ ਪੂਰਤੀ ਲਈ ਘਰ ਫੂਕ ਤਮਾਸ਼ਾ ਵੇਖਣ ਵਾਲੀ ਗੱਲ ਬਣ ਜਾਂਦਾ ਹੈ। ਸ਼ੌਕ ਵਿੱਚੋਂ ਕੱਢਣ ਪਾਉਣ ਨੂੰ ਕੁਝ ਨਹੀਂ ਹੁੰਦਾ। ਸ਼ੌਕ ਗੁਆਉਂਦਾ ਹੈ ਪਰੰਤੂ ਮਾਨਸਿਕ ਸੰਤੁਸ਼ਟੀ ਜ਼ਰੂਰ ਦਿੰਦਾ ਹੈ। ਵਿਰਾਸਤੀ ਵਸਤਾਂ ਇਕੱਠੀਆਂ ਕਰਨ ਵਿੱਚ ਹੁਣ ਤੱਕ ਤਸਵਿੰਦਰ ਸਿੰਘ ਬੜੈਚ 5 ਲੱਖ ਰੁਪਏ ਖ਼ਰਚਾ ਕਰ ਚੁੱਕਾ ਹੈ। ਜਿਥੋਂ ਵੀ ਇਹ ਵਸਤਾਂ ਮਿਲ ਸਕਦੀਆਂ ਹਨ, ਉਨ੍ਹਾਂ ਨੂੰ ਲੈਣ ਲਈ ਉਹ ਦਿੱਲੀ, ਕਲਕੱਤਾ, ਰਾਜਸਥਾਨ ਅਤੇ ਹੋਰ ਜਿਥੇ ਵੀ ਕਿਸੇ ਵਿਰਾਸਤੀ ਵਸਤੂ ਦੀ ਕਨਸੋਅ ਮਿਲਦੀ ਹੈ, ਉਥੇ ਪਹੁੰਚ ਜਾਂਦਾ ਹੈ। ਅਜੋਕੇ ਜ਼ਮਾਨੇ ਵਿੱਚ ਹਰ ਵਿਰਾਸਤੀ ਵਸਤੂ ਮੁੱਲ ਖਰੀਦਣੀ ਪੈਂਦੀ ਹੈ। ਇਥੇ ਹੀ ਬਸ ਨਹੀਂ ਸਗੋਂ ਮੂੰਹ ਮੰਗੀ ਕੀਮਤ ਦੇਣੀ ਪੈਂਦੀ ਹੈ। ਕਈ ਲੋਕ ਤਾਂ ਤਸਵਿੰਦਰ ਸਿੰਘ ਨੂੰ ਕਹਿੰਦੇ ਹਨ ਕਿ ਉਹ ਫਾਲਤੂ ਵਿੱਚ ਹੀ ਖ਼ਰਚਾ ਕਰ ਰਿਹਾ ਹੈ ਅਤੇ ਨਾਲੇ ਉਹ ਆਪਣੇ ਖੇਤੀਬਾੜੀ ਦੇ ਕਾਰੋਬਾਰ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਇਥੋਂ ਤੱਕ ਕਿ ਕੁਝ ਲੋਕ ਤਾਂ ਉਸ ਦੇ ਸ਼ੌਕ ਨੂੰ ਪਾਗਲਪਣ ਕਹਿੰਦੇ ਹਨ। ਪਰੰਤੂ ਤਸਵਿੰਦਰ ਸਿੰਘ ਲੋਕਾਂ ਦੀਆਂ ਇਨ੍ਹਾਂ ਗੱਲਾਂ ਦੀ ਪਰਵਾਹ ਨਹੀਂ ਕਰਦਾ, ਸਗੋਂ ਹੋਰ ਉਤਸ਼ਾਹ ਨਾਲ ਕੰਮ ਕਰਦਾ ਹੈ। ਕਿਸਾਨ ਦਾ ਪੁੱਤ ਹੋਣ ਕਰਕੇ ਪਰਿਵਾਰ ਦੇ ਗੁਜ਼ਾਰੇ ਦਾ ਵੀ ਫ਼ਿਕਰ ਰਹਿੰਦਾ ਹੈ ਪਰੰਤੂ ਉਹ ਹਰ ਸਭਿਆਚਾਰਕ, ਇਤਿਹਾਸਿਕ, ਧਾਰਮਿਕ ਅਤੇ ਖੇਡ ਮੇਲਿਆਂ ਵਿੱਚ ਆਪਣੀਆਂ ਵਸਤਾਂ ਦੀ ਪ੍ਰਦਰਸ਼ਨੀ ਲਾਉਣ ਲਈ ਪਹੁੰਚ ਜਾਂਦਾ ਹੈ। ਸਮਾਂ ਅਤੇ ਪੈਸਾ ਵੀ ਬਰਬਾਦ ਹੁੰਦਾ ਹੈ। ਲੋਕਾਂ ਦੇ ਤਾਨ੍ਹੇ ਮਿਹਣੇ ਵੀ ਸੁਣਨੇ ਪੈਂਦੇ ਹਨ। ਅਜੋਕੀ ਨੌਜਵਾਨ ਪੀੜ੍ਹੀ ਸ਼ੌਕ ਦੀ ਪੂਰਤੀ ਲਈ ਵਿਰਾਸਤ ‘ਤੇ ਪਹਿਰਾ ਨਹੀਂ ਦਿੰਦੀ। ਇਸ ਦੀ ਚੀਸ ਤਸਵਿੰਦਰ ਸਿੰਘ ਬੜੈਚ ਨੂੰ ਬਹੁਤ ਸਤਾਉਂਦੀ ਹੈ। ਨੌਜਵਾਨ ਕੋਈ ਵੀ ਵਿਰਾਸਤੀ ਵਸਤੂ ਨੂੰ ਇਸਤੇਮਾਲ ਹੀ ਨਹੀਂ ਕਰਨਾ ਚਾਹੁੰਦਾ, ਸਗੋਂ ਪੁਰਾਤਤਵੀ ਚੀਜ਼ਾਂ ਨੂੰ ਵਰਤਣ ਵਾਲੇ ਨੂੰ ਚੰਗਾ ਨਹੀਂ ਸਮਝਿਆ ਜਾਂਦਾ। ਪੁਰਾਤਤਵ ਸਾਡੀ ਵਿਰਾਸਤ ਹੈ, ਵਿਰਾਸਤ ਤੋਂ ਮੂੰਹ ਮੋੜ ਕੇ ਸਫਲਤਾ ਪ੍ਰਾਪਤ ਕਰਨੀ ਮੁਸ਼ਕਲ ਹੋ ਜਾਂਦੀ ਹੈ। ਵਿਰਾਸਤ ਕਿਸੇ ਸਮਾਜ ਦੀ ਹੋਂਦ ਦੀ ਪਛਾਣ ਹੁੰਦੀ ਹੈ। ਪੰਜਾਬ ਦੀ ਵਿਰਾਸਤ ਬਹੁਤ ਅਮੀਰ ਹੈ। ਪਰੰਤੂ ਦੁੱਖ ਦੀ ਗੱਲ ਹੈ ਕਿ ਸਾਡਾ ਭਵਿਖ ਸਾਡੇ ਬੱਚੇ ਆਪਣੀ ਵਿਰਾਸਤ ਨਾਲ ਜੁੜਨ ਦੀ ਥਾਂ ਦੂਰ ਜਾ ਰਹੇ ਹਨ। ਤਸਵਿੰਦਰ ਸਿੰਘ ਬੜੈਚ ਦਾ ਆਪਣੇ ਪਿੰਡ ਵਿੱਚ ਪੁਰਾਤਤਵੀ ਵਸਤਾਂ ਦਾ ‘ ਮਿੰਨੀ ਅਜਾਇਬ ਘਰ’ ਸਥਾਪਤ ਕਰਨਾ, ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜ ਕੇ ਰੱਖਣ ਦਾ ਉਪਰਾਲਾ ਹੀ ਹੈ। ਉਨ੍ਹਾਂ ਸਾਰੀਆਂ ਵਸਤਾਂ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਸਜਾਇਆ ਹੋਇਆ ਹੈ। ਉਸ ਨੇ ਸਾਰੀਆਂ ਵਸਤਾਂ ਇਕ ਸੁਲਝੇ ਹੋਏ ਕੇਅਰ ਟੇਕਰ ਦੀ ਤਰ੍ਹਾਂ ਸੀਮਤ ਸਾਧਨਾ ਦੇ ਹੁੰਦਿਆਂ ਕੰਧਾਂ ‘ਤੇ ਟਾਂਡਾਂ ਬਣਾਕੇ ਵਸਤਾਂ ਨੂੰ ਸਜਾਇਆ ਹੋਇਆ ਹੈ। ਉਸ ਦੇ ਅਜਾਇਬ ਘਰ ਵਿੱਚ ਬਹੁਤ ਸਾਰੀਆਂ ਅਜਿਹੀਆਂ ਵਸਤਾਂ ਹਨ, ਜਿਹੜੀਆਂ ਅੱਜ ਕੱਲ੍ਹ ਲੱਭਿਆਂ ਨਹੀਂ ਲੱਭਦੀਆਂ। ਜਿਵੇਂ ਈਸਟ ਇੰਡੀਆ ਕੰਪਨੀ, ਅਹਿਮਦ ਸ਼ਾਹ ਅਬਦਾਲੀ, ਅਕਬਰ, ਸ਼ੇਰ ਸ਼ਾਹ ਸੂਰੀ ਅਤੇ ਨਾਨਕਸ਼ਾਹੀ ਸਿੱਕੇ ਉਸ ਦੇ ਅਜਾਇਬ ਘਰ ਦੀ ਸ਼ੋਭਾ ਵਧਾ ਰਹੇ ਹਨ। ਇੱਕ ਲਾਹੌਰ ਦਾ ਬਣਿਆਂ 100 ਸਾਲ ਪੁਰਾਣਾ ਸਾਈਕਲ ਹੈ। ਉਸ ਸਾਈਕਲ ਨੂੰ ਪ੍ਰਾਪਤ ਕਰਨ ਲਈ ਉਸਨੂੰ ਮੂੰਹ ਮੰਗਿਆ ਪੈਸਾ ਦੇਣਾ ਪਿਆ ਹੈ। ਉਹ ਦਸਦਾ ਹੈ ਕਿ ਇਸ ਸਾਈਕਲ ਬਦਲੇ ਉਹ ਆਪਣੀ ਪੁਰਾਣੀ ਮਾਰੂਤੀ ਕਾਰ ਵੀ ਦੇਣ ਲਈ ਤਿਆਰ ਸੀ। ਇਸ ਤੋਂ ਇਲਾਵਾ ਪੰਜਾਬੀ ਲੋਕ ਗਾਇਕਾਂ ਅਤੇ ਗੀਤਕਾਰਾਂ ਦੇ ਲਗਪਗ 300 ਤਵੇ ਹਨ। ਉਸ ਕੋਲ ਹਰ ਪੰਜਾਬੀ ਗਾਇਕ ਦੇ ਤਵੇ ਵਰਕਿੰਗ ਹਾਲਤ ਵਿੱਚ ਪਏ ਹਨ। ਸਮਾਜ ਦੇ ਅਲੋਪ ਹੋ ਰਹੇ ਸਾਰੇ ਚੇਟਕ ਉਸ ਨੇ ਸਾਂਭੇ ਹੋਏ ਹਨ। ਤਸਵਿੰਦਰ ਸਿੰਘ ਬੜੈਚ ਨੇ ਮਹਿਸੂਸ ਕੀਤਾ ਕਿ ਜੇਕਰ ਸਾਡੀ ਨਵੀਂ ਪਨੀਰੀ ਆਪਣੀ ਵਿਰਾਸਤ ਨਾਲੋਂ ਟੁੱਟ ਗਈ ਤਾਂ ਉਨ੍ਹਾਂ ਦਾ ਵਿਰਾਸਤ ‘ਤੇ ਮਾਣ ਕਰਨਾ ਤਾਂ ਅਸੰਭਵ ਹੈ ਪ੍ਰੰਤੂ ਆਉਣ ਵਾਲੀਆਂ ਨਸਲਾਂ ਨੂੰ ਵੀ ਆਪਣੀ ਵਿਰਾਸਤ ਤੋਂ ਵਾਂਝੀਆਂ ਰੱਖਣ ਦਾ ਕੰਮ ਕਰਨਗੀਆਂ।
ਤਸਵਿੰਦਰ ਸਿੰਘ ਬੜੈਚ ਨੂੰ ਇਹ ਸ਼ੌਕ ਇਕ ਘਟਨਾ ਤੋਂ ਬਾਅਦ ਪੈਦਾ ਹੋਇਆ, ਜਦੋਂ ਉਹ 2000 ਵਿੱਚ ਆਪਣੇ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਤਾਂ ਉਸ ਨੂੰ ਇਕ ਡਬਲੀ ਪੈਸਾ ਲੱਭਿਆ। ਜਦੋਂ ਉਹ ਡਬਲੀ ਪੈਸਾ ਉਨ੍ਹਾਂ ਬੱਚਿਆਂ ਨੂੰ ਵਿਖਾ ਕੇ ਪੁਛਿਆ ਕਿ ਇਹ ਕੀ ਹੈ? ਤਾਂ ਬੱਚੇ ਬਿਲਕੁਲ ਅਣਜਾਣ ਸਨ। ਉਸ ਦਿਨ ਤੋਂ ਬਾਅਦ ਉਨ੍ਹਾਂ ਮਨ ਬਣਾ ਲਿਆ ਕਿ ਪੁਰਾਤਨ ਪੁਰਾਤਤਵੀ ਵਿਰਾਸਤੀ ਵਸਤਾਂ ਇਕੱਠੀਆਂ ਕਰਕੇ ਉਨ੍ਹਾਂ ਦੀ ਪ੍ਰਦਰਸ਼ਨੀ ਸਕੂਲਾਂ, ਕਾਲਜਾਂ ਅਤੇ ਸਭਿਆਚਾਰਕ ਮੇਲਿਆਂ ਵਿੱਚ ਲਗਾਈ ਜਾਵੇਗੀ ਤਾਂ ਜੋ ਵਿਦਿਆਰਥੀਆਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਦੀ ਵਿਰਾਸਤ ਕਿਹੋ ਜਿਹੀ, ਕਿਤਨੀ ਪੁਰਾਣੀ ਤੇ ਅਮੀਰ ਸੀ। ਵਿਰਾਸਤ ਦਿਹਾਤੀ ਰਹਿਤਲ ਵਿੱਚ ਵਿਚਰਦਿਆਂ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਜਿਨ੍ਹਾਂ ਵਿੱਚ ਪਹਿਰਾਵਾ, ਸਿੱਕੇ, ਖੇਤੀ ਨਾਲ ਸੰਬੰਧਤ ਸੰਦ, ਤਰਖਾਣਾ, ਲੁਹਾਰਾ, ਆਵਾਜਾਈ ਦੇ ਸਾਧਨ ਅਤੇ ਭਾਂਡੇ ਟੀਂਡੇ ਅਤੇ ਹੋਰ ਘਰੇਲੂ ਸਾਜੋ ਸਾਮਾਨ ਆਦਿ ਆ ਜਾਂਦੇ ਹਨ। ਤਸਵਿੰਦਰ ਸਿੰਘ ਬੜੈਚ ਦੇ ਅਜਾਇਬ ਘਰ ਵਿੱਚ ਬਹੁਤ ਸਾਰੀਆਂ ਪੁਰਾਤਨ ਵਸਤਾਂ ਹਨ, ਪਰੰਤੂ ਸਾਰੀਆਂ ਲਿਖੀਆਂ ਨਹੀਂ ਜਾ ਸਕਦੀਆਂ। ਇਨ੍ਹਾਂ ਵਸਤਾਂ ਦੇ ਵੱਖਰੇ-ਵੱਖਰੇ ਕਾਰਨਰ ਸਾਧਾਰਨ ਢੰਗ ਨਾਲ ਬਣਾਏ ਹੋਏ ਹਨ ਕੁਝ ਕੁ ਇਸ ਪ੍ਰਕਾਰ ਹਨ, ਜਿਵੇਂ ਪਿਤਲ ਦੇ ਭਾਂਡੇ, ਹਮਾਮ, ਬਲਟੋਹੀ, ਤਪਾਈ, ਪਤੀਲੀ, ਕੰਗਣੀ ਵਾਲੇ ਗਲਾਸ, ਡੋਲੂ, ਜੱਗ, ਕਾਂਸੀ ਦੇ ਕੌਲ, ਛੰਨੇ, ਕੜਛੀ, ਥਾਲ, ਪਰਾਤ, ਕੱਦੂਕਸ਼, ਗੜਬੀ, ਕੁਮੰਡਲ, ਕੇਤਲੀ, ਡੋਰੀ, ਤੜਕਣੀ, ਤੁਸਕ ਆਦਿ। ਇਸੇ ਤਰ੍ਹਾਂ ਚਰਖਾ, ਰੂੰ ਪਿੰਜਣ ਵਾਲਾ ਵੇਲਣਾ, ਊਰਾ, ਅਟੇਰਨ, ਨਾਲੇ ਬੁਣਨ ਵਾਲਾ ਅੱਡਾ, ਖੱਡੀ ਵਾਲੀ ਨਾਲ, ਚਾਦਰਾਂ ਤੇ ਫੁੱਲ ਪਾਉਣ ਵਾਲੇ ਠੱਪੇ, ਪੰਜੇ, ਕੁੰਡੀਆਂ ਆਦਿ। ਖੇਤੀ ਨਾਲ ਸੰਬੰਧਤ, ਤੰਗਲੀ, ਸਲੰਘ, ਪੰਜਾਲੀ, ਸੁਹਾਗਾ, ਹਲ, ਦੋਲਾ, ਊਠ ਦੀ ਕਾਠੀ, ਘੋੜੇ ਦੀ ਕਾਠੀ, ਬਲਦਾਂ ਦੀਆਂ ਟੱਲੀਆਂ, ਖੂਹ ਦੀਆਂ ਟਿੰਡਾਂ, ਊਠ ਦੀ ਨਿਉਲ, ਦਾਤੀ, ਖਰਖਰਾ, ਖੁਰੀ, ਘੋੜੇ ਦੀ ਰਕਾਬ, ਛਿਕਲੀ, ਪਸ਼ੂਆਂ ਨੂੰ ਦਵਾਈ ਦੇਣ ਵਾਲੀ ਨਾਲ ਅਤੇ ਫੌੜਾ ਆਦਿ। ਬੱਚਿਆਂ ਦੇ ਖਿਡੌਣੇ ਜਿਵੇਂ ਪਰਤਾਪਾ, ਗਡੀਹਰਾ, ਲਾਟੂ, ਬੰਟੇ, ਪਿੱਠੂ, ਗੁਲੇਲ, ਖਿੱਦੋ ਖੁੰਡੀ, ਗੁੱਲੀ ਡੰਡਾ ਆਦਿ। ਮਨੋਰੰਜਨ ਦੇ ਸਾਧਨ ਟਿਊਬਾਂ ਵਾਲੇ ਰੇਡੀਓ, ਗਰਾਮੋਫੋਨ, ਤਵੇ, ਟੇਪ ਰਿਕਾਰਡ, ਕੈਸਿਟਾਂ, ਟੈਕਸਲਾ ਦਾ ਬਲੈਕ ਐਂਡ ਵਾਈਟ.ਟੀ.ਵੀ., ਪੁਰਾਣੇ ਫੋਨ, ਪੁਰਾਣੇ ਕੈਮਰੇ, ਘਰੇਲੂ ਸਾਮਾਨ ਲੂਣਦਾਨੀ, ਸੇਵੀਆਂ ਵੱਟਣ ਵਾਲੀ ਜੰਡੀ, ਟਰੰਕ, ਛਾਲਣੇ, ਛੱਜ, ਰੋਪੜੀ ਜਿੰਦੇ, ਟੋਕਰੀ, ਮੂੜਾ, ਪੀਪਾ, ਸੂਤ ਵਾਲਾ ਮੰਜਾ, ਮਧਾਣੀ ਚਕਲਾ-ਵੇਲਣਾ, ਬੱਤੀਆਂ ਵਾਲਾ ਸਟੋਵ, ਸਾਗ ਚੀਰਨ ਵਾਲੀ ਦਾਤੀ, ਛਾਬਾ, ਪੀੜ੍ਹੀਆਂ, ਖੁਰਚਣੀ, ਚਿਮਟਾ, ਭੂਕਣਾ, ਘੋਟਣਾ, ਕੁੰਡੀ-ਸੋਟਾ, ਚੱਕੀ, ਹਾਰਾ, ਤੌੜੀ, ਉਖਲੀ ਮੋਹਲਾ, ਪਟਾਰੀ, ਲੈਂਪ, ਲਾਲਟੈਣ, ਫੱਟੀ ਤੇ ਸਲੇਟ, ਗੱਲਾ, ਡੋਲ, ਡੋਲ ਕੱਢਣ ਵਾਲੀਆਂ ਕੁੰਡੀਆਂ, ਤੱਕੜੀ, ਖਲ, ਨਸਵਾਰ ਵਾਲੀ ਡੱਬੀ, ਠੋਕਰ, ਹੱਟੜੀ, ਦਰੀਆਂ, ਖੇਸ, ਫੁਲਕਾਰੀ, ਘੱਗਰਾ, ਝੋਲਾ, ਹੱਥ ਪੱਖਾ, ਪੱਖੀ, ਇੰਨੂ, ਪਿੱਛੂ, ਲੁਹਾਰਾਂ ਦੀ ਧੌਂਕਣੀ ਆਦਿ ਹਨ। ਇਸ ਤੋਂ ਇਲਾਵਾ 100 ਸਾਲ ਪੁਰਾਣਾ ਲਾਹੌਰ ਦਾ ਬਣਿਆਂ ਸਾਈਕਲ, ਸਾਈਕਲ ਲਾਈਸੈਂਸ, ਰੇਡੀਓ ਲਾਈਸੈਂਸ। ਇਨ੍ਹਾਂ ਨੂੰ ਇਕੱਤਰ ਕਰਨ ਵਿੱਚ ਭਾਵੇਂ ਕਾਫ਼ੀ ਖ਼ਰਚਾ ਹੋ ਰਿਹਾ ਹੈ ਤਾਂ ਵੀ ਪਰਿਵਾਰ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਤਸਵਿੰਦਰ ਸਿੰਘ ਬੜੈਚ ਦੀ ਪਤਨੀ ਹਰਜਿੰਦਰ ਕੌਰ, ਦੋਵੇਂ ਸਪੁੱਤਰ ਕੋਮਲਪ੍ਰੀਤ ਸਿੰਘ, ਅਕਸ਼ਪ੍ਰੀਤ ਸਿੰਘ ਅਤੇ ਉਸ ਦੇ ਪਿਤਾ ਦਾ ਦੋਸਤ ਚਮਕੌਰ ਸਿੰਘ ਘਣਗਸ ਵੀ ਇਸ ਕੰਮ ਵਿੱਚ ਸਹਿਯੋਗ ਦੇ ਰਹੇ ਹਨ।
ਤਸਵਿੰਦਰ ਸਿੰਘ ਬੜੈਚ ਨੇ ਆਪਣੇ ਘਰ ਵਿੱਚ ਹੀ ਇੱਕ ਲਾਇਬਰੇਰੀ ਵੀ ਸਥਾਪਤ ਕੀਤੀ ਹੋਈ ਹੈ ਤਾਂ ਜੋ ਪਿੰਡ ਦੀ ਨੌਜਵਾਨ ਪੀੜ੍ਹੀ ਵਿੱਚ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਹੋ ਸਕੇ। ਦੇਸ਼ ਵਿਦੇਸ਼ ਤੋਂ ਲੋਕ ਇਸ ਅਜਾਇਬ ਘਰ ਨੂੰ ਵੇਖਣ ਆਉਂਦੇ ਹਨ। ਉਨ੍ਹਾਂ ਦੀ ਚਾਹ ਪਾਣੀ ਦੀ ਸੇਵਾ ਵੀ ਕੀਤੀ ਜਾਂਦੀ ਹੈ। ਉਸ ਨੂੰ ਕਈ ਸੰਸਥਾਵਾਂ ਨੇ ਸਨਮਾਨਤ ਵੀ ਕੀਤਾ ਹੈ, ਜਿਨ੍ਹਾਂ ਵਿੱਚ ਪੰਜਾਬੀ ਸੱਥ ਬਰਬਾਲੀ, ਲਾਲ ਚੰਦ ਯਮਲਾ ਜੱਟ ਸਭਿਆਚਾਰਕ ਕਮੇਟੀ ਪਿੰਡ ਲੁਹਾਰਾ ਮੋਗਾ, ਕੋਹਿਨੂਰ ਵੈਲਫੇਅਰ ਐਂਡ ਸਪੋਰਟਸ ਕਲੱਬ ਖੱਟਰਾਂ, ਪੰਜਾਬ ਯੂਥ ਫੋਰਮ ਮਾਛੀਵਾੜਾ ਸਾਹਿਬ, ਪੰਜਾਬ ਕਲਾ ਮੰਚ ਚਮਕੌਰ ਸਾਹਿਬ, ਮਾਣ ਪੰਜਾਬੀਆਂ ਤੇ ਅੰਤਰ-ਰਾਸ਼ਟਰੀ ਸਾਹਿਤਕ ਮੰਚ ਅਤੇ ਪ੍ਰਾਚੀਨ ਸ੍ਰੀ ਮੁਕਤੇਸ਼ਵਰ ਮਹਾਂ ਦੇਵ ਸ਼ਿਵ ਮੰਦਰ ਸਸਾਇਟੀ ਚਹਿਲਾਂ ਆਦਿ। ਤਸਵਿੰਦਰ ਸਿੰਘ ਬੜੈਚ ਦਾ ਜਨਮ ਸਮਰਾਲਾ ਤਹਿਸੀਲ ਜਿਲ੍ਹਾ ਲੁਧਿਆਣਾ ਦੇ ਪਿੰਡ ਦੀਵਾਲਾ ਵਿਖੇ 16 ਮਈ 1973 ਨੂੰ ਮਾਤਾ ਚਰਨਜੀਤ ਕੌਰ ਦੀ ਕੁੱਖੋਂ ਪਿਤਾ ਮੇਵਾ ਸਿੰਘ ਦੇ ਘਰ ਹੋਇਆ। ਉਸ ਨੇ ਪਹਿਲੀਆਂ ਤਿੰਨ ਕਲਾਸਾਂ ਪਿੰਡ ਦੇ ਸਕੂਲ, ਚੌਥੀ ਤੇ ਪੰਜਵੀਂ ਦਹਿੜੂ ਅਤੇ ਅੱਠਵੀਂ, ਨੌਵੀਂ ਤੇ ਦਸਵੀਂ ਸਰਕਾਰੀ ਹਾਈ ਸਕੂਲ ਨਾਗਰਾ ਤੋਂ ਪਾਸ ਕੀਤੀਆਂ।
Columns ਵਿਰਾਸਤੀ ਵਸਤਾਂ ਇਕੱਠੀਆਂ ਕਰਨ ਦਾ ਸ਼ੌਕੀਨ – ਤਸਵਿੰਦਰ ਸਿੰਘ ਬੜੈਚ