ਵਿਰੋਧੀ ਗੱਠਜੋੜ: ਮੋਦੀ ਨੂੰ ਹਰਾਉਣ ਲਈ 26 ਵਿਰੋਧੀ ਪਾਰਟੀਆਂ ਵੱਲੋਂ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ਗੱਠਜੋੜ ਦਾ ਗਠਨ

ਬੰਗਲੂਰੂ, 18 ਜੁਲਾਈ – ਅਗਲੇ ਸਾਲ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋੋਣਾਂ ‘ਚ ਭਾਜਪਾ ਦੀ ਅਗਵਾਈ ਵਾਲੇ ਸੱਤਾਧਾਰੀ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਨਾਲ ਮੱਥਾ ਲਾਉਣ ਲਈ 26 ਵਿਰੋਧੀ ਪਾਰਟੀਆਂ ਨੇ ਅੱਜ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਨਾਂ ਦਾ ਗੱਠਜੋੜ ਬਣਾਇਆ ਹੈ। ਹੁਣ ਵਿਰੋਧੀ ਪਾਰਟੀਆਂ ਦਾ ਗੱਠਜੋੜ ‘ਇੰਡੀਆ’ (INDIA) ਅਗਲੀਆਂ 2024 ਚੋਣਾਂ ‘ਚ ਐਨਡੀਏ ਦੇ ਗੱਠਜੋੜ ਦੇ ਨਾਲ ਲੜੇਗੀ। I ਤੋਂ ਇੰਡੀਆ, N ਤੋਂ ਨੈਸ਼ਨਲ, D ਡਿਵੈਲਪਮੈਂਟਲ, I ਇਨਕਲੂਸਿਵ ਅਤੇ A ਅਲਾਇੰਸ ਹੋਵੇਗਾ। ਭਾਰਤ ਦਾ ਨਾਂ ਰੱਖਣ ਪਿੱਛੇ ਕਈ ਕਾਰਨ ਹੋ ਸਕਦੇ ਹਨ।
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ 2024 ਵਿੱਚ ਹੋਣ ਵਾਲੀ ਇਹ ਲੜਾਈ ‘ਇੰਡੀਆ ਬਨਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ’ ਹੋਵੇਗੀ। ਇੱਥੇ 26 ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਚਾਰ ਘੰਟੇ ਦੇ ਕਰੀਬ ਚੱਲੀ ਮੀਟਿੰਗ ਉਪਰੰਤ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਵਿਰੋਧੀ ਧਿਰਾਂ ਦੇ ਗੱਠਜੋੜ ਦਾ ਨਾਂ ਐਲਾਨਿਆ ਗਿਆ।
ਕਾਂਗਰਸ ਪਾਰਟੀ ਦੀ ਮੇਜ਼ਬਾਨੀ ‘ਚ ਹੋਈ ਮੀਟਿੰਗ ‘ਚ ਸ਼ਾਮਲ 26 ਵਿਰੋਧੀ ਪਾਰਟੀਆਂ ਵਿੱਚ ਕਾਂਗਰਸ, ਟੀਐੱਮਸੀ, ਡੀਐੱਮਕੇ, ‘ਆਪ’, ਜੇਡੀਯੂ, ਆਰਜੇਡੀ, ਜੇਐੱਮਐੱਮ, ਐੱਨਸੀਪੀ (ਸ਼ਰਦ ਪਵਾਰ), ਸ਼ਿਵ ਸੈਨਾ (ਯੂਬੀਟੀ), ਸਪਾ, ਨੈਸ਼ਨਲ ਕਾਨਫਰੰਸ, ਪੀਡੀਪੀ, ਸੀਪੀਐੱਮ, ਸੀਪੀਆਈ, ਆਰਐੱਲਡੀ, ਐੱਮਡੀਐੱਮਕੇ, ਕੇਐੱਮਡੀਕੇ, ਵੀਸੀਕੇ, ਆਰਐੱਸਪੀ, ਸੀਪੀਆਈ-ਐੱਮਐੱਲ(ਲਬਿਰੇਸ਼ਨ), ਫਾਰਵਰਡ ਬਲਾਕ, ਆਈਯੂਐੱਮਐੱਲ, ਕੇਰਲਾ ਕਾਂਗਰਸ (ਜੋਸੇਫ), ਕੇਰਲਾ ਕਾਂਗਰਸ (ਮਣੀ), ਅਪਨਾ ਦਲ (ਕਾਮੇਰਾਵਾੜੀ) ਤੇ ਐੱਮਐੱਮਕੇ ਹਨ। ਇਨ੍ਹਾਂ 26 ਪਾਰਟੀਆਂ ਦੀਆਂ ਲੋਕ ਸਭਾ ਵਿੱਚ ਲਗਪਗ 150 ਸੀਟਾਂ ਹਨ। ਮੀਟਿੰਗ ਵਿੱਚ ਕਾਂਗਰਸ ਆਗੂ ਸੋਨੀਆ ਗਾਂਧੀ, ਤਾਮਿਲ ਨਾਡੂ ਤੇ ਝਾਰਖੰਡ ਦੇ ਮੁੱਖ ਮੰਤਰੀ, ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਕਈ ਪਾਰਟੀਆਂ ਦੇ ਆਗੂ ਹਾਜ਼ਰ ਸਨ।