ਵੈਕਸੀਨ ਲਾਜ਼ਮੀ ਕਰਨ ਦੇ ਵਿਰੋਧ ‘ਚ ਨਿਊਯਾਰਕ ਵਿੱਚ ਵਿਸ਼ਾਲ ਰੈਲੀ ਕੱਢੀ

ਕੋਵਿਡ -19 ਟੀਕਾਕਰਣ ਵਿਰੁੱਧ ਨਿਊਯਾਰਕ ਵਿਚ ਕੱਢੀ ਰੈਲੀ ਦਾ ਇਕ ਦ੍ਰਿਸ਼

ਕੋਵਿਡ ਟੀਕਾਕਰਣ ਦੀ ਬਜਾਏ ਵੱਡੀ ਤਾਦਾਦ ਵਿੱਚ ਕਾਮੇ ਨੌਕਰੀਆਂ ਛੱਡਣ ਲਈ ਤਿਆਰ – ਸਰਵੇ
ਸੈਕਰਾਮੈਂਟੋ, 29 ਅਕਤੂਬਰ (ਹੁਸਨ ਲੜੋਆ ਬੰਗਾ) –
ਕੋਵਿਡ -19 ਵੈਕਸੀਨ ਲਾਜ਼ਮੀ ਕਰਨ ਦੇ ਵਿਰੋਧ ‘ਚ ਨਿਊਯਾਰਕ ਵਿੱਚ ਅੱਗ ਬੁਝਾਊ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਇੱਕ ਵਿਸ਼ਾਲ ਰੈਲੀ ਕੱਢੀ ਗਈ। ਮੁਲਾਜ਼ਮ ਮੇਅਰ ਦੀ ਸਰਕਾਰੀ ਰਿਹਾਇਸ਼ ਗਰੇਸੀ ਮੈਨਸ਼ਨ ਵਿਖੇ ਇਕੱਠੇ ਹੋਏ ਤੇ ਕੋਵਿਡ ਵੈਕਸੀਨ ਲਾਜ਼ਮੀ ਲਵਾਉਣ ਦਾ ਵਿਰੋਧ ਕੀਤਾ। ਪ੍ਰਦਰਸ਼ਨਕਾਰੀਆਂ ਨੇ ਵੈਕਸੀਨ ਟੀਕਾਕਰਣ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ‘ਮਾਈ ਬੌਡੀ ਮਾਈ ਚੌਇਸ’ , ਨੈਚਰਲ ਇਮਊਨਿਟੀ’ ਤੇ ‘ਇਸ਼ੈਂਸ਼ੀਅਲ ਵਰਕਰਜ਼ ਆਰ ਨਾਟ ਡਿਸਪੋਜ਼ੇਬਲ ਹੀਰੋਜ਼’ ਵਰਗੇ ਨਾਅਰੇ ਲਾ ਕੇ ਕੋਵਿਡ -19 ਟੀਕਾਕਰਣ ਦਾ ਵਿਰੋਧ ਕੀਤਾ। ਇੱਥੇ ਵਰਨਣਯੋਗ ਹੈ ਕਿ ਨਿਊਯਾਰਕ ਦੇ ਅੱਗ ਬੁਝਾਊ ਵਿਭਾਗ, ਪੁਲਿਸ ਵਿਭਾਗ ਤੇ ਸ਼ਹਿਰ ਵਿੱਚ ਕੰਮ ਕਰਦੇ ਹੋਰ ਮੁਲਾਜ਼ਮਾਂ ਨੂੰ ਸ਼ੁੱਕਰਵਾਰ ਸ਼ਾਮ 5 ਵਜੇ ਤੱਕ ਘੱਟੋ ਘੱਟ ਇੱਕ ਟੀਕਾ ਲੱਗੇ ਹੋਣ ਦਾ ਸਬੂਤ ਵਿਖਾਉਣ ਲਈ ਕਿਹਾ ਗਿਆ ਹੈ। ਇਸੇ ਦੌਰਾਨ ਮੁਲਾਜ਼ਮਾਂ ਨੇ ਕਿਹਾ ਹੈ ਕਿ ਉਹ ਕੋਵਿਡ -19 ਟੀਕੇ ਨਹੀਂ ਲਵਾਉਣਗੇ ਤੇ ਨੌਕਰੀਆਂ ਛੱਡ ਜਾਣਗੇ।
72% ਕਾਮੇ ਨੌਕਰੀਆਂ ਛੱਡਣ ਲਈ ਤਿਆਰ: ਕਾਰੋਬਾਰੀ ਅਦਾਰਿਆਂ ਵਿੱਚ ਕੰਮ ਕਰਦੇ ਵੱਡੀ ਤਾਦਾਦ ਵਿੱਚ ਕੋਵਿਡ ਟੀਕਾਕਰਣ ਨਾ ਕਰਵਾਉਣ ਵਾਲੇ ਕਾਮਿਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਮਾਲਕਾਂ ਨੇ ਕੋਵਿਡ -19 ਮਹਾਂਮਾਰੀ ਬਾਰੇ ਸੰਘੀ ਨਿਯਮਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਨੌਕਰੀਆਂ ਛੱਡ ਦੇਣਗੇ। ਕੈਸਰ ਫੈਮਲੀ ਫਾਊਂਡੇਸ਼ਨ ਜੋ ਸਿਹਤ ਮੁੱਦਿਆਂ ਨਾਲ ਜੁੜੀ ਇੱਕ ਵੱਡੀ ਸੰਸਥਾ ਹੈ, ਵੱਲੋਂ ਕਰਵਾਏ ਇੱਕ ਸਰਵੇ ਵਿੱਚ ਸਪਸ਼ਟ ਹੋਇਆ ਹੈ ਕਿ ਕੋਵਿਡ -19 ਟੀਕਾਕਰਣ ਨਾ ਕਰਵਾਉਣ ਵਾਲੇ 72% ਕਾਮਿਆਂ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਮਾਲਕਾਂ ਨੇ ਕੋਵਿਡ ਵੈਕਸੀਨ ਜ਼ਰੂਰੀ ਲਵਾਉਣ ਲਈ ਕਿਹਾ ਤੇ ਟੈੱਸਟ ਕਰਵਾਉਣ ਦੀ ਪੇਸ਼ਕਸ਼ ਨਾ ਕੀਤੀ ਤਾਂ ਉਹ ਨੌਕਰੀਆਂ ਛੱਡ ਦੇਣਗੇ। 37% ਕਾਮਿਆਂ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਕੋਵਿਡ ਵੈਕਸੀਨ ਲਵਾਉਣ ਲਈ ਮਜਬੂਰ ਕੀਤਾ ਜਾਂ ਵੈਕਸੀਨ ਨਾ ਲਵਾਉਣ ‘ਤੇ ਹਫ਼ਤਾਵਾਰੀ ਟੈੱਸਟ ਲਾਜ਼ਮੀ ਕਰ ਦਿੱਤਾ ਤਾਂ ਉਹ ਨੌਕਰੀਆਂ ਨੂੰ ਅਲਵਿਦਾ ਕਹਿ ਦੇਣਗੇ। ਜ਼ਿਕਰਯੋਗ ਹੈ ਕਿ ਬਾਈਡਨ ਪ੍ਰਸ਼ਾਸਨ ਨੇ ਕੋਵਿਡ -19 ਸਬੰਧੀ ਨਵੇਂ ਨਿਯਮ ਤਿਆਰ ਕੀਤੇ ਹਨ ਜਿਨ੍ਹਾਂ ਤਹਿਤ ਜੇਕਰ ਕਿਸੇ ਕਾਰੋਬਾਰੀ ਅਦਾਰੇ ਵਿੱਚ 100 ਜਾਂ ਇਸ ਤੋਂ ਵਧ ਮੁਲਾਜ਼ਮ ਕੰਮ ਕਰਦੇ ਹਨ ਤਾਂ ਉਸ ਨੂੰ ਆਪਣੇ ਸਾਰੇ ਮੁਲਾਜ਼ਮਾਂ ਦਾ ਟੀਕਾਕਰਣ ਕਰਵਾਉਣਾ ਲਾਜ਼ਮੀ ਹੋਵੇਗਾ ਤੇ ਜਿਹੜੇ ਮੁਲਾਜ਼ਮ ਟੀਕਾਕਰਣ ਨਹੀਂ ਕਰਵਾਉਣਗੇ ਉਨ੍ਹਾਂ ਨੂੰ ਹਫ਼ਤੇ ਵਿੱਚ ਦੋ ਵਾਰ ਕੋਰੋਨਾ ਟੈੱਸਟ ਕਰਵਾਉਣੇ ਪੈਣਗੇ। ਸਰਵੇ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਬਹੁਤ ਸਾਰੇ ਕਾਰੋਬਾਰੀ ਅਦਾਰਿਆਂ ਦੇ ਸਮੁੱਚੇ ਮੁਲਾਜ਼ਮ ਟੀਕਾਕਰਣ ਕਰਵਾਉਣ ਲਈ ਸਹਿਮਤ ਹੋਏ ਹਨ ਜਾਂ ਉਨ੍ਹਾਂ ਨੇ ਟੀਕਾਕਰਣ ਕਰਵਾ ਲਿਆ ਹੈ। ਯੁਨਈਇਟਡ ਏਅਰਲਾਈਨਜ਼ ਤੇ ਟਾਈਸਨ ਫੂਡਜ਼ ਜਿਨ੍ਹਾਂ ਨੇ ਟੀਕਾਕਰਣ ਲਾਜ਼ਮੀ ਕੀਤਾ ਹੈ, ਦੇ ਸਾਰੇ ਮੁਲਾਜ਼ਮ ਟੀਕਾਕਰਣ ਨਿਯਮਾਂ ਨੂੰ ਅਪਣਾਉਣ ਲਈ ਸਹਿਮਤ ਹੋਏ ਹਨ। ਕਾਰੋਬਾਰੀ ਅਦਾਰਿਆਂ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੀਕਾਕਰਣ ਦੇ ਵਿਰੋਧ ਵਿੱਚ ਮੁਲਾਜ਼ਮਾਂ ਵੱਲੋਂ ਨੌਕਰੀਆਂ ਛੱਡ ਦੇਣ ਕਾਰਣ ਵੱਡੀ ਪੱਧਰ ਉੱਪਰ ਮੁਲਾਜ਼ਮਾਂ ਦੀ ਘਾਟ ਪੈਦਾ ਹੋ ਜਾਵੇਗੀ ਜਿਸ ਕਾਰਨ ਸਪਲਾਈ ਪ੍ਰਭਾਵਿਤ ਹੋਵੇਗੀ ਜਿਸ ਦਾ ਸਿੱਧਾ ਅਸਰ ਕਾਰੋਬਾਰੀ ਅਦਾਰਿਆਂ ਉੱਪਰ ਹੀ ਪਵੇਗਾ।