ਪ੍ਰਿਸੀਪਲ ਸਤਿਬੀਰ ਸਿੰਘ ਨੇ ਆਪਣੀ ਪੁਸਤਕ ਸਿੱਖ ਇਤਿਹਾਸ ਭਾਗ ਪਹਿਲਾ ਦੇ ਪੰਨਾ 239 ਤੋਂ 246 ਤੀਕ ਵੱਡੇ ਘਲੂਘਾਰੇ ‘ਤੇ ਬੜੇ ਵਿਸਥਾਰ ‘ਤੇ ਚਾਨਣਾ ਪਾਇਆ ਹੈ। ਅਹਿਮਦ ਸ਼ਾਹ ਅਬਦਾਲੀ ਨੇ 1748 ਤੋਂ ਲੈ ਕੇ 1761 ਤੱਕ ਪੰਜ ਹਮਲੇ ਹਿੰਦੁਸਤਾਨ ‘ਤੇ ਕੀਤੇ ਸਨ। ਪੰਜਵਾਂ ਹਮਲਾ ਨਿਰੋਲ ਮਰਹੱਟਿਆਂ ਦੇ ਵਿਰੁੱਧ ਸੀ। ਅਬਦਾਲੀ ਨੇ ਪਾਨੀਪਤ ਦੀ ਤੀਜੀ ਜੰਗ ਵਿੱਚ ਮਰਹੱਟਿਆਂ ਨੂੰ ਤਕੜੀ ਹਾਰ ਦਿੱਤੀ। 13 ਜਨਵਰੀ 1761 ਨੂੰ ਮਰਹੱਟਿਆਂ ਨੂੰ ਹਰਾਉਣ ਉਪਰੰਤ ਅਬਦਾਲੀ ਮਾਰਚ ਦੇ ਮਹੀਨੇ ਵਾਪਸ ਮੁੜ ਪਿਆ। ਜਦ ਉਹ ਵਾਪਸ ਮੁੜ ਰਿਹਾ ਸੀ ਤਾਂ ਸਿੱਖਾਂ ਨੇ ਅਬਦਾਲੀ ਕੋਲੋਂ ਖੂਬ ਹਿੱਸਾ ਵੰਡਾਇਆ। ਇੱਕ ਕਥਨ ਅਨੁਸਾਰ ਅਟਕ ਤਕ ਉਸ ਦਾ ਪਿੱਛਾ ਕੀਤਾ। ਉਸ ਨੇ ਐਲਾਨੀਆਂ ਕਿਹਾ ਕਿ ਹੁਣ ਸਿੱਖਾਂ ਨੂੰ ਦਬਾ ਕੇ ਹੀ ਆਰਾਮ ਕਰਾਂਗਾ।ਉਹ ਨਹੀਂ ਸੀ ਜਾਣਦਾ ਕਿ ਸਿੱਖ ਕੌਮ ਨੂੰ ਕੋਈ ਹਰਾ ਨਹੀਂ ਸਕਦਾ।
ਪੰਜਾਬ ਦੇ ਕਬਜ਼ੇ ਲਈ ਹੁਣ ਦੋ ਤਾਕਤਾਂ – ਸਿੱਖ ਅਤੇ ਅਫ਼ਗਾਨ ਲੜ ਰਹੀਆਂ ਸਨ। ਬਾਕੀ ਸਭ ਤਾਕਤਾਂ ਜਾਂ ਮੁੱਕ ਗਈਆਂ ਸਨ ਜਾਂ ਬਲਹੀਨ ਹੋ ਗਈਆਂ ਸਨ। ਸਿੱਖ 1762 ਵਿੱਚ ਪੰਜਾਬ ਦੇ ਅਮਲੀ ਤੌਰ ਉੱਤੇ ਮਾਲਕ ਸਨ। ਅਬਦਾਲੀ ਦੇ ਨਿਯਤ ਕੀਤੇ ਗਵਰਨਰ ਖ਼ਵਾਜ਼ਾ ਮਿਰਜ਼ਾ ਖ਼ਾਨ ਚਹਾਰ ਮਹੱਲ ਵਾਲਾ, ਆਬਿਦ ਖ਼ਾਨ (ਲਾਹੌਰ), ਸਾਦਤ ਖ਼ਾਨ ਤੇ ਸਾਦਕ ਖ਼ਾਨ ਅਫ਼ਰੀਦੀ, ਸਿੱਖਾਂ ਦੀ ਵਧਦੀ ਤਾਕਤ ਨੂੰ ਰੋਕ ਨਾ ਪਾ ਸਕੇ। ਅਹਿਮਦ ਸ਼ਾਹ ਅਬਦਾਲੀ ਨੇ ਨੂਰ-ਉਦ-ਦੀਨ ਨੂੰ ਮਾਰ ਕੇ ਨਸਾ ਦਿੱਤਾ। ਲਾਹੌਰ ਦਾ ਗਵਰਨਰ ਆਬਿਦ ਖ਼ਾਨ ਵੀ ਛੱਡ ਕੇ ਨੱਸ ਗਿਆ। ਸਿੱਖਾਂ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ ਅਗਵਾਈ ਹੇਠਾਂ ਲਾਹੌਰ ‘ਤੇ ਕਬਜ਼ਾ ਕੀਤਾ ਤੇ ਆਕਲਦਾਸ ਨੇ ਅਬਦਾਲੀ ਨੂੰ ਹਮਲਾ ਕਰਨ ਲਈ ਪ੍ਰੇਰਿਆ। ਸਿੱਖਾਂ ਨੂੰ ਸੂਹ ਮਿਲ ਗਈ। ਸਿੱਖਾਂ ਨੇ ਸਾਰਾ ਧਿਆਨ ਆਪਣੇ ਟੱਬਰਾਂ ਨੂੰ ਸੁਰੱਖਿਅਤ ਥਾਂ ਉੱਤੇ ਪਹੁੰਚਾਣ ਵੱਲ ਲਗਾ ਦਿੱਤਾ ਅਤੇ ਸਾਰੇ ਮਲੇਰ ਕੋਟਲੇ ਵਿੱਚ ਇਕੱਠੇ ਹੋਣੇ ਸ਼ੁਰੂ ਹੋਏ।
ਅਹਿਮਦ ਸ਼ਾਹ 3 ਫਰਵਰੀ ਨੂੰ ਅੰਦਾਜ਼ਿਆਂ ਦੇ ਉਲਟ ਲਾਹੌਰ ਪੁੱਜ ਗਿਆ। ਸਿੱਖਾਂ ਦੇ ਅੰਦਾਜ਼ੇ ਮੁਤਾਬਿਕ ਘੱਟ ਤੋਂ ਘੱਟ ਉਸ ਨੂੰ ਲਾਹੌਰ ਪੁੱਜਦਿਆਂ ਦਸ ਦਿਨ ਲੱਗ ਜਾਣੇ ਸਨ। ਸਿੱਖਾਂ ਦਾ ਯਕੀਨ ਸੀ ਕਿ ਟੱਬਰਾਂ ਨੂੰ ਸੁਰੱਖਿਅਤ ਥਾਂ ਉੱਤੇ ਪਹੁੰਚਾ ਕੇ ਉਹ ਵਾਪਸ ਮੁੜ ਕੇ ਲੜਨ ਲਈ ਤਿਆਰ ਹੋ ਸਕਣਗੇ, ਪਰ ਸਿੱਖਾਂ ਦੀ ਹੈਰਾਨੀ ਦੀ ਹੱਦ ਹੀ ਨਾ ਰਹੀ ਜਦ 5 ਫਰਵਰੀ ਨੂੰ ਕਾਸਮ ਖ਼ਾਨ ਨੂੰ ਹਮਲਾ ਕਰਦੇ ਡਿੱਠਾ। ਅਬਦਾਲੀ ਨੂੰ ਜਿੱਤ ਦਾ ਏਨਾ ਯਕੀਨ ਸੀ ਕਿ ਸ਼ਾਹ ਵਲੀ ਖ਼ਾਨ ਨੂੰ ਜਦ ਰਾਜਾ ਹਰਿ ਸਹਾਇ ਨੇ ਇਮਦਾਦ ਲਈ ਲਿਿਖਆ ਤਾਂ ਉਸ ਨੇ ਉੱਤਰ ਦਿੱਤਾ ਸੀ ਕਿ ਸਿੱਖਾਂ ਦੀ ਜੜ੍ਹ ਮੁਕਾ ਕੇ ਕੁਝ ਚਿਰ ਸਰਹੰਦ ਸ਼ਿਕਾਰ ਖੇਡੇਗਾ। ਜਿਥੇ ਸਿੰਘਾਂ ਦੇ ਟੱਬਰ ਟਿਕਦੇ ਨੇਜ਼ਿਆਂ ‘ਤੇ ਵਸਤਰ ਟੰਗ ਬੈਰਕਾਂ ਬਣਾ ਲੈਂਦੇ। ਰਾਹ ਭਾਈ ਸੰਗੂ ਸਿੰਘ ਜੀ, ਬਾਬਾ ਆਲਾ ਸਿੰਘ ਦੇ ਭੇਜੇ ਕੋਤਵਾਲ ਬਾਈ ਸਖੂ ਸਿੰਘ ਜੀ ਹੰਭਲਵਾਲ ਤੇ ਭਾਈਕੇ ਦੇ ਭਾਈ ਬੁੱਢਾ ਸਿੰਘ (ਕੈਂਥਲ) ਦੱਸ ਰਹੇ ਸਨ। ਗੁਰੂ ਗ੍ਰੰਥ ਸਾਹਿਬ ਦੀਆਂ ਦੋਵੇਂ ਬੀੜਾਂ ਦਮਦਮੀ ਤੇ ਅੰਮ੍ਰਿਤਸਰੀ ਨਾਲ ਸਨ।
ਗਿਆਨੀ ਗਿਆਨ ਸਿਘ ਦੇ ਕਥਨ ਅਨੁਸਾਰ ਸਵੇਰ ਦਾ ਸਮਾਂ ਸੀ। ਸਿੰਘ ਅਜੇ ਤਿਆਰ ਵੀ ਨਹੀਂ ਸਨ ਹੋਏ। ਅਬਦਾਲੀ ਨੇ ਘੇਰਾ ਘੱਤ ਲਿਆ। ਅਬਦਾਲੀ ਦੀਆਂ ਫੌਜਾਂ ਨੇ ਪੁਜਦੇ ਸਾਰ ਹੀ ਕਤਲਿ-ਆਮ ਅਰੰਭ ਦਿੱਤਾ। ਸਿੰਘਾਂ ਨੇ ਝਟਪਟ ਤਿਆਰੇ ਕਰ ਲਏ। ਭਾਵੇਂ ਹਮਲਾ ਅਚਨਚੇਤ ਸੀ, ਪਰ ਸਿੱਖਾਂ ਨੇ ਡਟ ਕੇ ਮੁਕਾਬਲਾੲ ਕਰਨ ਦੀ ਠਾਣੀ। ਪਹਿਲੇ ਹੱਲੇ ਵਿੱਚ ਹਜ਼ਾਰਾਂ ਸਿੰਘ ਸ਼ਹੀਦ ਹੋ ਗਏ। ਟੱਬਰਾਂ ਨੂੰ ਬਚਾਉਣ ਲਈ ਸਿੱਖਾਂ ਨੇ ਵਿਚਾਰ ਬਣਾਈ ਅਤੇ ਨਾਲ ਹੀ ਉਸੇ ਪਲ ਟੱਬਰਾਂ ਦਾ ਖ਼ਿਆਲ ਆਇਆ। ਉਹ ਸਾਰੇ ਬੇਦੋਸ਼ੇ ਸ਼ਹੀਦ ਕਰ ਦਿੱਤੇ ਜਾਣਗੇ। ਸੋ ਜਲਦੀ ਵਿੱਚ ਹੀ ਇਹ ਫ਼ੈਸਲਾ ਹੋਇਆ ਕਿ ਵਹੀਰਾਂ ਦੇ ਇਰਦ ਗਿਰਦ ਚੌਖਟਾ (ਗੋਲ ਕਿਲ੍ਹਾ) ਬਣਾ ਕੇ ਦੁਸ਼ਮਣਾਂ ਦਾ ਮੁਕਾਬਲਾ ਕੀਤਾ ਜਾਏ। ਸਰਦਾਰ ਜੱਸਾ ਸਿੰਘ ਨੇ ਕਮਾਨ ਆਪਣੇ ਹੱਥ ਸੰਭਾਲ ਲਈ। ਸਰਦਾਰ ਸ਼ਾਮ ਸਿੰਘ ਦਾ ਜੱਥਾ ਵੀ ਨਾਲ ਸੀ। ਅਜੇ ਤਿੰਨ ਮੀਲ ਹੀ ਪੈਂਡਾ ਕੀਤਾ ਸੀ ਕਿ ਭੀਖਨ ਖ਼ਾਨ, ਜ਼ੈਨ ਖ਼ਾਨ ਅਤੇ ਸ਼ਾਹ ਵਲੀ ਖ਼ਾਨ ਆ ਪਏ। ਉਹ ਗੋਲ ਕਿਲ੍ਹਾ ਤੌੜਨ ਵਿੱਚ ਕਾਮਯਾਬ ਨਾ ਹੋ ਸਕੇ। ਸਿੱਖ ਫੌਜੀਆਂ ਨੇ ਇੱਕ ਜ਼ਿੰਦਾ ਮਨੁੱਖਾਂ ਦੀ ਦੀਵਾਰ ਖੜੀ ਕਰ ਦਿੱਤੀ। ਦਸਤੇ ਅਬਦਾਲੀ ਦੀ ਫ਼ੌਜ ਦਾ ਟਾਕਰਾ ਕਰਦੇ ਰਹੇ ਤੇ ਵਹੀਰ ਬਰਨਾਲਾ ਵੱਲ ਵੱਧਦਾ ਗਿਆ। ਜ਼ੈਨ ਖ਼ਾਨ ਤੋਂ ਵਹੀਰ ਬਹੁਤ ਦੂਰ ਚਲਾ ਗਿਆ। ਇਸ ਤਰ੍ਹਾਂ ਤੁਰਦੇੇ ਮੁਕਾਬਲਾ ਕਰਦੇ ਸਿੱਖਾਂ ਦਾ ਜਾਨੀ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਸੀ, ਪਰ ਸਿੰਘ ਡਟਕੇ ਹਮਲੇ ਕਰ ਰਹੇ ਸਨ।
ਜਦ ਸਿੰਘ ਡਟ ਕੇ ਲੜੇ ਤਾਂ ਅਬਦਾਲੀ ਦੀਆਂ ਫੌਜਾਂ ਵੀ ਘਾਬਰ ਕੇ ‘ਤੋਬਾ ਤੇ ਅੱਲਾ’ ਕਰਨ ਲੱਗ ਪਈਆਂ, । ਸਿੰਘ ਵਹੀਰ ਦੀ ਰਾਖੀ ਇਸ ਤਰ੍ਹਾਂ ਕਰ ਰਹੇ ਸਨ ਜਿਵੇਂ ਕੁਕੜੀ ਆਪਣੇ ਬੱਚਿਆਂ ਦੀ, ਖੰਭ ਖਿਲਾਰ ਕੇ ਰਾਖੀ ਕਰਦੀ ਹੈ। ਅਹਿਮਦ ਸ਼ਾਹ ਤੇ ਉਸ ਦੇ ਜਰਨੈਲ ਇਸ ਪ੍ਰਕਾਰ ਦੀ ਲੜਾਈ ਨੂੰ ਦਖ ਹੈਰਾਨ ਹੋ ਰਹੇ ਸਨ।
ਅਹਿਮਦ ਸ਼ਾਹ ਨੇ ਵਲੀ ਖ਼ਾਨ, ਭੀਖਨ ਖ਼ਾਨ ਮਲੇਰ ਕੋਟਲੇ ਵਾਲੇ ਅਤੇ ਜ਼ੈਨ ਖ਼ਾਨ ਨੂੰ ਤਕੜੇ ਹੋ ਕੇ ਹਮਲਾ ਕਰਨ ਲਈ ਪ੍ਰੇਰਿਆ। 48 ਹਜ਼ਾਰ ਫੌਜ ਵਿੱਚੋਂ ਅੱਠ ਹਜ਼ਾਰ ਫੌਜੀ ਵੱਖ ਕਰ ਲਏ ਤੇ ਜਮ ਕੇ ਹਮਲਾ ਕੀਤਾ। ਵਹੀਰ ਤੇ ‘ਦਲ ਖ਼ਾਲਸਾ’ ਵੱਖ ਕਰਨ ਵਿੱਚ ਅਬਦਾਲੀ ਸਫ਼ਲ ਹੋ ਗਿਆ। ਇਸ ਹਮਲੇ ਵਿੱਚ ਸਿੰਘਾਂ ਦੇ ਪੈਰ ਉੱਖੜੇ ਤੇ ਕਿਤਨੇ ਹੀ ਸਿੰਘ ਸ਼ਹੀਦ ਹੋ ਗਏ। ਸਿੱਖ ਸਰਦਾਰਾਂ ਤੇ ਜੱਥਿਆਂ ਦੀ ਵਾੜ ਇਸ ਹਮਲੇ ਨੇ ਤੋੜ ਦਿੱਤੀ। ਟੱਬਰਾਂ ਦੇ ਟੱਬਰ ਮਾਰੇ ਗਏ। ਵਹੀਰ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਹੁਣ ਅਬਦਾਲੀ ਦੀ ਇਹ ਖ਼ਾਹਿਸ਼ ਲੱਗਦੀ ਸੀ ਕਿ ਵਹੀਰ ਦੇ ਐਨ ਵਿਚਕਾਰ ਪੁੱਜ ਕੇ ਇਤਨਾ ਵੱਡਾ ਕਤਲਿਆਮ ਕੀਤਾ ਜਾਏ ਕਿ ਫੇਰ ਸਿੱਖ ਉਠਣ ਜੋਗੇ ਨਾ ਰਹਿਣ। ਅਬਦਾਲੀ ਦੀ ਚਾਲ ਸਮਝ ਕੇ ਸਿੱਖਾਂ ਦੀ ਜਥੇਬੰਦੀ ਪੱਕੀ ਕਰ ਲਈ। ਸਾਰੇ ਜਥੇ, ਭੰਗੀ, ਘਨੱਈਏ, ਸ਼ੁਕਰਚਕੀਏ, ਡਲੇਵਾਲੀਏ, ਸ਼ਹੀਦ, ਕਰੋੜੀਏ, ਰਾਮਗੜ੍ਹੀਏ, ਨਿਸ਼ਾਨਵਾਲੀਏ ਸਰਦਾਰ ਇਕੱਠੇ ਹੋ ਗਏ ਅਤੇ ਨਵੀਂ ਵਿਉਂਤ ਨਾਲ ਲੜਨ ਲੱਗੇ। ਅਚਾਨਕ ਹਮਲੇ ‘ਤੇ ਫਿਰ ਲਗਾਤਾਰ ਹਮਲਿਆਂ ਵਿਚਕਾਰ ਜਿਸ ਤਰ੍ਹਾਂ ਸਿੱਖ ਸਰਦਾਰਾਂ ਨੇ ਆਪਣੇ ਆਪ ਨੂੰ ਬਚਾਇਆ, ਉਹ ਜੰਗੀ ਇਤਿਹਾਸ ਵਿੱਚ ਇੱਕ ਅਮਿੱਟ ਯਾਦਗਾਰ ਹੈ। ਜਿਸ ਪਾਸੇ ਸਿੰਘ ਦੌੜ ਕੇ ਪੈਂਦੇ ਸਨ ਉਸ ਪਾਸਿਉਂ ਦੁਸ਼ਮਣਾਂ ਦਾ ਤਕਰੀਬਨ ਖ਼ਾਤਮਾ ਹੀ ਹੋ ਜਾਂਦਾ ਸੀ।
ਸਰਦਾਰ ਜੱਸਾ ਸਿੰਘ ਆਹਲੂਵਾਲੀਏ, ਸਰਦਾਰ ਸਿਆਮ ਸਿੰਘ ਅਤੇ ਸਰਦਾਰ ਚੜ੍ਹਤ ਸਿੰਘ ਸ਼ੁਕਰਚਕੀਏ ਨੇ ਤਗੜੇ ਹੱਥ ਦਿਖਾਏ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤਾਂ ਕਈ ਵਾਰ ਮੌਤ ਦੇ ਮੂੰਹ ਤੋਂ ਮਸਾਂ ਬਚੇ। ਆਪ ਨੂੰ ਲਹੂ-ਲੁਹਾਨ ਦੇਖ ਕੇ ਅੰਗ-ਪਾਲਕ ਭਾਈ ਗੁਰਮੁਖ ਸਿੰਘ ਨੇ ਘੋੜੇ ਨੂੰ ਅੱਡੀ ਲਗਾ ਕੇ ਪਾਸੇ ਕਰਾਉਣ ਲਈ ਚਾਬਕ ਚੁੱਕਿਆ ਹੀ ਸੀ ਕਿ ਜੁਰਅੱਤ ਦੀ ਮੂਰਤ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਉੱਚੀ ਆਵਾਜ਼ ਦੇ ਕੇ ਕਿਹਾ “ਐਸੇ ਜੀਵਨ ਨਾਲੋਂ ਮਰਨਾ ਚੰਗਾ ਹੈ”। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਸਰੀਰ ‘ਤੇ 22 ਜ਼ਖ਼ਮਾਂ ਤੇ ਸਰਦਾਰ ਚੜ੍ਹਤ ਸਿੰਘ ਸ਼ੁਕਰਚਕੀਏ ਨੂੰ 19 ਜ਼ਖ਼ਮ ਆਏ। ਸਰਦਾਰ ਜੱਸਾ ਸਿੰਘ ਲਹੂ ਲੁਹਾਨ ਹੋਏ ਲੜ ਰਹੇ ਸਨ। ਕਹਿੰਦੇ ਹਨ ਕਿਸੇ ਸਰਦਾਰ ਚੜ੍ਹਤ ਸਿੰਘ ਨੂੰ ਕਿਹਾ ਕਿ ਤੂੰ ਤਾਂ ਕਹਿੰਦਾ ਸੈਂ ਕਿ ਅਬਦਾਲੀ ਦਾ ਸਿੱਧਾ ਟਾਕਰਾ ਕਰਾਂਗਾ। ਹੁਣ ਇੱਥੇ ਕੀ ਕਰਦਾ ਹੈਂ! ਇਤਨਾ ਸੁਣਦੇ ਹੀ ਉਨ੍ਹਾਂ ਘੋੜਾ ਅਬਦਾਲੀ ਵੱਧ ਵਧਾ ਦਿੱਤਾ। ਸਰਦਾਰ ਚੜ੍ਹਤ ਸਿੰਘ ਨੇ ਜਿਸ ਬਹਾਦਰੀ ਨਾਲ ਵਹੀਰ ਦੇ ਅਨੇਕ ਸਿੱਖਾਂ ਨੂੰ ਬਚਾਇਆ, ਉਸ ਦੀ ਸਾਰੇ ਪੰਥ ਨੇ ਉਪਮਾ ਤੇ ਵਡਿਆਈ ਕੀਤੀ। ਜਦ ਘੋੜਾ ਥੱਕ ਜਾਂਦਾ, ਸਰਦਾਰ ਚੜ੍ਹਤ ਸਿੰਘ ਜੀ ਨਵਾਂ ਬਦਲ ਲੈਂਦੇ। ਪੰਜ ਘੋੜੇ ਸਦਾ ਨਾਲ ਰੱਖਦੇ। ਜਿੱਥੇ ਵੀ ਲਲਕਾਰ ਪੈਂਦੀ, ਸੁਣ ਕੇ ਫੱਟ ਘੋੜਾ ਦੁੜਾ ਉੱਥੇ ਪੁੱਜਦੇ। ਕਿਸੇ ਜ਼ਖ਼ਮੀ ਨੂੰ ਬੇਲੇ ‘ਤੇ ਪਾ ਆਉਂਦੇ, ਕਿਸੇ ਫੱਟੜ ਸਿੰਘ ਨੂੰ ਪਿੱਠ ‘ਤੇ ਚੁੱਕ ਕੇ ਸੁਰੱਖਿਅਤ ਥਾਂ ਪਹੁੰਚਾ ਫਿਰ ਆ ਜੂਝਦੇ। ਕਿਸੇ ਸਿੰਘ ਨੂੰ ਚੰਗਾ ਹੱਥ ਦਿਖਾਂਦੇ ਦੇਖ ਹੱਲਾ-ਸ਼ੇਰੀ ਦੇ ਕੇ ਹੋਰ ਅੱਗੇ ਨਿਕਲ ਜਾਂਦੇ। ਬਸਤਰ ਸਾਰੇ ਲਹੂ ਨਾਲ ਭਰ ਗਏ ਸਨ। ਜਿਵੇਂ ਹੁਣੇ ਹੀ ਹੋਲੀ ਖੇਡ ਕੇ ਆਏ ਹੋਣ।
ਸਾਰੇ ਪੰਥ ਨੇ ਸਰਦਾਰ ਚੜ੍ਹਤ ਸਿੰਘ ਜੀ ਦੀ ਇਤਨੀ ਉਪਮਾ ਕੀਤੀ ਕਿ ਅਸੀਸਾਂ ਦੇਣ ਕਿ “ਪਾਤਸ਼ਾਹੀ ਕਰੈਂ, ਲਾਹੌਰ ਮਾਰੈਂ, ਮੁਲਤਾਨ ਕਬਜ਼ਾ ਆਵੈ। ਕਸ਼ਮੀਰ ਕਾਬਲ ਤੱਕ ਹੁਕਮ ਚਲੇ”। ਦੁਰਾਨੀ ਵੀ ਪੂਰੇ ਜ਼ੋਰਾਂ ਨਾਲ ਹਮਲਾ ਕਰ ਰਹੇ ਸਨ। ਅਬਦਾਲੀ ਦੀਆਂ ਫੌਜਾਂ ਦਾ ਇੱਕੋ ਹੀ ਨਿਸ਼ਾਨਾ ਸੀ ਕਿ ਸਿੰਘਾਂ ਦੀ ਫੌਜ ਨੂੰ ਚੀਰ ਕੇ ਸਾਰੇ ਵਹੀਰ ਨੂੰ ਸ਼ਹੀਦ ਕਰ ਦਿੱਤਾ ਜਾਵੇ। ਇਸ ਦੌਰਾਨ ਵਿੱਚ ਵਹੀਰ ਪੰਜ ਕੁ ਮੀਲ ਚਲ ਚੁੱਕਿਆ ਸੀ।ਇਸ ਘੱਲੂਘਾਰੇ ਵਿੱੱਚ ਹਿੁਸੈਨ ਸ਼ਾਹੀ, ਤਾਰੀਖ਼ੇ ਅਹਿਮਦ, ਸੋਹਣ ਲਾਲ, ਅਲੀ-ਉਦ-ਦੀਨ ਤੇ ਭਾਈ ਰਤਨ ਸਿੰਘ ਦੇ ਕਥਨ ਅਨੁਸਾਰ ਤੀਹ ਹਜ਼ਾਰ ਸਿੰਘ ਸ਼ਹੀਦ ਹੋਏ।
ਇਸ ਸਾਰੀ ਘਟਨਾ ਨੂੰ ਸਿੱਖ ਇਤਿਹਾਸ ਵਿੱਚ ਵੱਡਾ ਘੱਲੂਘਾਰਾ ਆਖ ਕੇ ਯਾਦ ਕੀਤਾ ਜਾਂਦਾ ਹੈ। ਛੋਟਾ ਘੱਲੂਘਾਰਾ ਜੂਨ, 1746 ਨੂੰ ਯਾਹੀਆ ਖ਼ਾਨ ਤੇ ਲਖਪਤ ਰਾਇ ਨੇ ਕੀਤਾ ਸੀ। ਛੋਟੇ ਘੱਲੂਘਾਰੇ ਵਿੱਚ 10 ਹਜ਼ਾਰ ਦੇ ਕਰੀਬ ਸਿੰਘ ਸ਼ਹੀਦ ਹੋਏ ਸਨ। ਇਸ ਘੱਲੂਘਾਰੇ ਵਿੱੱਚ, ਇਤਿਹਾਸਕਾਰ ਹੁਸੈਨ ਸ਼ਾਹੀ, ਤਾਰੀਖ਼ੇ ਅਹਿਮਦ, ਸੋਹਣ ਲਾਲ, ਅਲੀ-ਉਦ-ਦੀਨ ਤੇ ਭਾਈ ਰਤਨ ਸਿੰਘ ਦੇ ਕਥਨ ਅਨੁਸਾਰ ਤੀਹ ਹਜ਼ਾਰ ਸਿੰਘ ਸ਼ਹੀਦ ਹੋਏ। ਸਿੱਖ ਕੌਮ ਉੱਤੇ ਇਹ ਇੱਕ ਨਾ ਮਿਟਣ ਵਾਲੀ ਸੱਟ ਸੀ। ਅੱਧੀ ਕੌਮ ਇੱਕ ਦਿਨ ‘ਚ ਸ਼ਹੀਦ ਹੋ ਗਈ ਪਰ ਸੰਸਾਰ ਨੇ ਹੈਰਾਨੀ ਨਾਲ ਪੜ੍ਹਿਆ ਅਤੇ ਇਤਿਹਾਸਕਾਰਾਂ ਲਿਿਖਆ ਕਿ ਸਿੱਖ ਨਾ ਸਿਰਫ਼ ਚੜ੍ਹਦੀ ਕਲਾ ਵਿੱਚ ਰਹੇ ਸਗੋਂ ਸ਼ੁਕਰ ਕੀਤਾ।
Columns ਵੱਡਾ ਘੱਲੂਘਾਰਾ ਕੁੱਪ ਰੋਹੀੜਾ ਦਿਵਸ ‘ਤੇ ਵਿਸ਼ੇਸ਼