ਚੇਨੱਈ, 2 ਦਸੰਬਰ – ਭਾਰਤੀ ਸ਼ਤਰੰਜ ਖਿਡਾਰੀ ਅਤੇ ਵੈਸ਼ਾਲੀ ਸਪੇਨ ਦੇ ਐੱਲ ਲੋਬਰੇਗਾਟ ਓਪਨ ਵਿੱਚ ਗਰੈਂਡ ਮਾਸਟਰ ਖਿਤਾਬ ਹਾਸਲ ਕਰਨ ਵਾਲੀ ਦੇਸ਼ ਦੀ ਤੀਜੀ ਮਹਿਲਾ ਖਿਡਾਰੀ ਬਣੀ। ਇਸ ਨਾਲ ਉਹ ਆਪਣੇ ਭਰਾ ਆਰ ਪ੍ਰਗਨਾਨੰਦਾ ਨਾਲ ਮਿਲ ਕੇ ਦੁਨੀਆ ਦੀ ਪਹਿਲੀ ਭਰਾ-ਭੈਣ ਗਰੈਂਡ ਮਾਸਟਰ ਜੋੜੀ ਬਣ ਗਏ। ਵੈਸ਼ਾਲੀ ਨੇ ਇਹ ਪ੍ਰਾਪਤੀ ਸ਼ੁੱਕਰਵਾਰ ਨੂੰ 2500 ਈਐੱਲਓ ਰੇਟਿੰਗ ਅੰਕ ਪਾਰ ਕਰਨ ਮਗਰੋਂ ਹਾਸਲ ਕੀਤੀ। ਉਹ ਦੇਸ਼ ਦੀ 84ਵੀਂ ਗਰੈਂਡ ਮਾਸਟਰ ਹੈ। ਕੋਨੇਰੂ ਹੰਪੀ ਅਤੇ ਡੀ ਹਰਿਕਾ ਭਾਰਤ ਦੀਆਂ ਦੋ ਹੋਰ ਮਹਿਲਾ ਗਰੈਂਡ ਮਾਸਟਰ ਖਿਡਾਰਨਾਂ ਹਨ।
ਚੇਨੱਈ ਦੀ 23 ਸਾਲ ਦੀ ਵੈਸ਼ਾਲੀ ਨੇ ਸਪੇਨ ਵਿੱਚ 2500 ਈਪੀਓ ਰੇਟਿੰਗ ਅੰਕ ਦਾ ਅੰਕੜਾ ਪਾਰ ਕੀਤਾ, ਜਿਸ ਵਿੱਚ ਉਸ ਨੇ ਦੂਜੇ ਰਾਊਂਡ ਵਿੱਚ ਤੁਰਕੀ ਦੀ ਤੈਮਰ ਤਾਰਿਕ ਸੇਲਬੇਸ ਨੂੰ ਹਰਾਇਆ। ਵੈਸ਼ਾਲੀ ਨੇ ਅਕਤੂਬਰ ਵਿੱਚ ਕਤਰ ਮਾਸਟਰਜ਼ ਟੂਰਨਾਮੈਂਟ ਵਿੱਚ ਤੀਜੀ ਜੀਐੱਮ ਨੋਰਮ ਹਾਸਲ ਕੀਤੀ ਸੀ ਅਤੇ ਉਸ ਨੂੰ ਆਪਣੀ ਈਐੱਲਓ ਰੇਟਿੰਗ ਵਧਾਉਣ ਦੀ ਲੋੜ ਸੀ।
ਇਸ ਤਰ੍ਹਾਂ ਪ੍ਰਗਨਾਨੰਦਾ ਅਤੇ ਵੈਸ਼ਾਲੀ ਵਿਸ਼ਵ ਚੈਂਪੀਅਨਸ਼ਿਪ ਮੈਚ ਲਈ ਕੁਆਲੀਫਾਇੰਗ ਟੂਰਨਾਮੈਂਟ ਕੈਂਡੀਡੇਟਸ ਵਿੱਚ ਜਗ੍ਹਾ ਬਣਾਉਣ ਵਾਲੀ ਪਹਿਲੀ ਭੈਣ-ਭਰਾ ਦੀ ਜੋੜੀ ਵੀ ਬਣ ਗਈ। ਕੈਂਡੀਡੇਟਸ ਟੂਰਨਾਮੈਂਟ ਅਪਰੈਲ ਮਹੀਨੇ ਟੋਰਾਂਟੋ ’ਚ ਖੇਡਿਆ ਜਾਵੇਗਾ। ਵੈਸ਼ਾਲੀ ਦੇ ਛੋਟੇ ਭਰਾ ਪ੍ਰਗਨਾਨੰਦਾ ਨੇ 2018 ਵਿੱਚ ਜੀਐੱਮ ਖਿਤਾਬ ਜਿੱਤਿਆ ਸੀ, ਜਦੋਂ ਉਹ ਸਿਰਫ਼ 12 ਸਾਲ ਦਾ ਸੀ। ਹੰਪੀ ਜੀਐੱਮ ਖਿਤਾਬ ਜਿੱਤਣ ਵਾਲੀ ਦੁਨੀਆ ਦੀ ਸਭ ਤੋਂ ਛੋਟੀ ਮਹਿਲਾ ਖਿਡਾਰਨ ਹੈ। ਉਹ 15 ਸਾਲ ਦੀ ਉਮਰ ਵਿੱਚ 2002 ’ਚ ਜੀਐੱਮ ਬਣੀ ਸੀ। ਸ਼ਤਰੰਜ ਦੇ ਮਹਾਨ ਖਿਡਾਰੀ ਵਿਸ਼ਵਨਾਥਨ ਆਨੰਦ ਨੇ ਐਕਸ ’ਤੇ ਵੈਸ਼ਾਲੀ ਨੂੰ ਵਧਾਈ ਦਿੱਤੀ। ਵੈਸ਼ਾਲੀ ਦੇ ਪਿਤਾ ਰਮੇਸ਼ਬਾਬੂ ਖੁਦ ਇੱਕ ਸ਼ਤਰੰਜ ਖਿਡਾਰੀ ਹਨ, ਜਿਨ੍ਹਾਂ ਆਪਣੇ ਬੱਚਿਆਂ ਨੂੰ ਇਸ ਖੇਡ ਵਿੱਚ ਆਉਣ ਲਈ ਉਤਸ਼ਾਹਿਤ ਕੀਤਾ।
Home Page ਸ਼ਤਰੰਜ: ਭਾਰਤ ਦੀ ਵੈਸ਼ਾਲੀ ਨੇ ਗਰੈਂਡ ਮਾਸਟਰ ਖ਼ਿਤਾਬ ਹਾਸਲ ਕੀਤਾ