ਉਜਾਗਰ ਸਿੰਘ, E-mail: ujagarsingh48@yahoo.com
ਪੁਲਿਸ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਬਾਰੇ ਆਮ ਲੋਕਾਂ ਵਿੱਚ ਇਹ ਪ੍ਰਭਾਵ ਹੈ ਕਿ ਉਨ੍ਹਾਂ ਦਾ ਆਮ ਲੋਕਾਂ ਨਾਲ ਵਿਵਹਾਰ ਮਾਨਵੀ ਕਦਰਾਂ ਕੀਮਤਾਂ ਵਾਲਾ ਨਹੀਂ ਹੁੰਦਾ। ਉਹ ਜਦੋਂ ਵੀ ਕਿਸੇ ਕਥਿਤ ਮੁਜ਼ਰਮ ਜਾਂ ਆਮ ਲੋਕਾਂ ਨਾਲ ਗੱਲਬਾਤ ਵੀ ਕਰਦੇ ਹਨ ਤਾਂ ਕੁਰੱਖ਼ਤ ਅਤੇ ਗੈਰ ਮਨੁੱਖੀ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ ਪ੍ਰੰਤੂ ਜੇਕਰ ਤੁਸੀਂ ਅਮਰਦੀਪ ਸਿੰਘ ਰਾਏ ਜੋ ਕਿ ਵਧੀਕ ਡਾਇਰੈਕਟਰ ਜਨਰਲ ਪੰਜਾਬ ਪੁਲਿਸ ਦੇ ਅਹੁਦੇ ਤੇ ਤਾਇਨਾਤ ਹਨ ਨੂੰ ਮਿਲੋ ਤਾਂ ਤੁਹਾਡਾ ਇਹ ਪ੍ਰਭਾਵ ਮਿੰਟਾਂ ਸਕਿੰਟਾਂ ਵਿੱਚ ਹੀ ਕਾਫ਼ੂਰ ਹੋ ਜਾਵੇਗਾ। ਉਨ੍ਹਾਂ ਨੂੰ ਮਿਲ ਕੇ ਇਹ ਪ੍ਰਭਾਵ ਕਿਧਰੇ ਵੀ ਨਹੀਂ ਪੈਂਦਾ ਕਿ ਤੁਸੀਂ ਇਤਨੇ ਵੱਡੇ ਅਹੁਦੇ ਵਾਲੇ ਪੁਲਿਸ ਅਧਿਕਾਰੀ ਨੂੰ ਮਿਲ ਰਹੇ ਹੋ। ਉਨ੍ਹਾਂ ਨੇ ਪੁਲਿਸ ਵਿਭਾਗ ਵਿੱਚ ਆ ਕੇ ਵਿਭਾਗੀ ਕਾਰਗੁਜ਼ਾਰੀ ਵਿੱਚ ਮਦਦਗਾਰ ਹੋਣ ਵਾਲੇ ਸਾਰੇ ਕੋਰਸਾਂ ਵਿੱਚ ਹਿੱਸਾ ਹੀ ਨਹੀਂ ਲਿਆ ਸਗੋਂ ਉੱਥੋਂ ਜੋ ਸਿੱਖਿਆ ਪ੍ਰਾਪਤ ਕੀਤੀ, ਉਸ ਨੂੰ ਅਮਲੀ ਜੀਵਨ ਵਿੱਚ ਅਪਣਾਇਆ, ਜਿਸ ਕਰਕੇ ਉਨ੍ਹਾਂ ਦੀ ਸ਼ਖ਼ਸੀਅਤ ਵਿਚ ਨਿਖਾਰ ਆਇਆ ਹੈ। ਉਹ ਸ਼ਰਾਫ਼ਤ, ਨਿਮਰਤਾ, ਸਲੀਕਾ ਅਤੇ ਇਮਾਨਦਾਰੀ ਦਾ ਮੁਜੱਸਮਾ ਹਨ। ਆਮ ਤੌਰ ‘ਤੇ ਬਹੁਤੇ ਪੁਲਿਸ ਕਰਮਚਾਰੀ ਅਤੇ ਅਧਿਕਾਰੀ ਅਜਿਹੇ ਕੋਰਸਾਂ ਵਿੱਚ ਜਾਣ ਦੇ ਇੱਛਕ ਨਹੀਂ ਹੁੰਦੇ ਪ੍ਰੰਤੂ ਆਪ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਸਨ। ਉਨ੍ਹਾਂ ਬੀ.ਏ. ਅਤੇ ਐਮ. ਏ. ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਰਾਜਨੀਤੀ ਸ਼ਾਸਤਰ ਅਤੇ ਇੰਟਰਨੈਸ਼ਨਲ ਰਿਲੇਸ਼ਨਜ਼ ਦੇ ਵਿਸ਼ੇ ਵਿੱਚ ਪਾਸ ਕੀਤੀਆਂ, ਜਿਸ ਕਰਕੇ ਉਨ੍ਹਾਂ ਨੂੰ ਲੋਕਾਂ ਨਾਲ ਆਪਸੀ ਸੰਬੰਧਾਂ ਨੂੰ ਕਿਵੇਂ ਬਣਾਉਣਾ ਤੇ ਬਰਕਰਾਰ ਰੱਖਣਾ ਹੁੰਦਾ ਹੈ ਵਿੱਚ ਸਫਲਤਾ ਮਿਲੀ ਹੈ। 1994 ਵਿੱਚ ਉਨ੍ਹਾਂ ਦੀ ਆਈਪੀਐੱਸ ਵਿੱਚ ਚੋਣ ਹੋਈ, ਜਿਸ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਪੋਸਟਿੰਗ ਅੰਮ੍ਰਿਤਸਰ ਵਿੱਚ ਹੋਈ। ਅੰਮ੍ਰਿਤਸਰ ਕਿਉਂਕਿ ਸਰਹੱਦੀ ਜ਼ਿਲ੍ਹਾ ਹੈ ਇਸ ਲਈ ਇਸ ਪੋਸਟਿੰਗ ਦੇ ਤਜਰਬਿਆਂ ਨੇ ਉਨ੍ਹਾਂ ਦੀ ਪੁਲਿਸ ਦੀ ਨੌਕਰੀ ਵਿੱਚ ਲਾਭ ਪਹੁੰਚਾਇਆ। ਆਪ ਨੂੰ ਸਾਰੀ ਸਰਵਿਸ ਬਹੁਤ ਸਾਰੇ ਮਹੱਤਵਪੂਰਨ ਅਹੁਦਿਆਂ ਤੇ ਤਾਇਨਾਤ ਕੀਤਾ ਗਿਆ ਜਿਹੜੇ ਵੰਗਾਰ ਪੂਰਨ ਸਨ। 1996 ਵਿੱਚ ਜੰਮੂ ਕਸ਼ਮੀਰ ਵਿੱਚ ਸਤ ਸਾਲ ਦੇ ਲੰਮੇ ਵਕਫ਼ੇ ਤੋਂ ਬਾਅਦ ਚੋਣ ਹੋਈ। ਉਸ ਚੋਣ ਵਿੱਚ ਆਪ ਜੀ ਦੀ ਡਿਊਟੀ ਲਗਾਈ ਗਈ। ਆਪ ਨੇ ਆਈਜੀਪੀ ਦੇ ਸਟਾਫ਼ ਅਧਿਕਾਰੀ ਦੇ ਤੌਰ ‘ਤੇ ਕੰਮ ਕਰਦਿਆਂ ਚੋਣ ਕਰਵਾਈ। ਜੰਮੂ ਕਸ਼ਮੀਰ ਦਾ ਸੂਬਾ ਅਸਥਿਰਤਾ ਦੇ ਮਾਹੌਲ ਵਾਲਾ ਸੀ, ਉੱਥੇ ਸ਼ਾਂਤਮਈ ਢੰਗ ਨਾਲ ਚੋਣ ਕਰਵਾਉਣ ਲਈ ਡਿਊਟੀ ਕਰਨੀ ਕੰਡਿਆਂ ਦੀ ਸੇਜ ਦੇ ਬਰਾਬਰ ਸੀ। ਉਹ ਚੋਣ ਕਰਵਾਉਣ ਕਰਕੇ ਆਪ ਨੂੰ ”ਏ ਕਥੀਆਂ ਸੇਵਾ ਮੈਡਲ” ਨਾਲ ਸਨਮਾਨਿਤ ਕੀਤਾ ਗਿਆ। ਉਸ ਤੋਂ ਬਾਅਦ ਲੁਧਿਆਣਾ ਵਿਖੇ ਐੱਸਪੀ ਟਰੈਫ਼ਿਕ ਲਗਾਇਆ ਗਿਆ। ਲੁਧਿਆਣਾ ਪੰਜਾਬ ਦਾ ਸਭ ਤੋਂ ਸੰਘਣਾ ਤੇ ਵੱਧ ਆਬਾਦੀ ਵਾਲਾ ਸ਼ਹਿਰ ਹੈ, ਜਿੱਥੇ ਟਰੈਫ਼ਿਕ ਦੀ ਸਮੱਸਿਆ ਹਮੇਸ਼ਾ ਹੀ ਬਣੀ ਰਹਿੰਦੀ ਸੀ। ਆਪ ਨੇ ਆਪਣੀ ਕਾਬਲੀਅਤ ਅਤੇ ਲੋਕਾਂ ਦੇ ਸਹਿਯੋਗ ਨਾਲ ਸ਼ਹਿਰ ਦੀ ਟਰੈਫ਼ਿਕ ਦੇ ਅਜਿਹੇ ਪ੍ਰਬੰਧ ਕੀਤੇ ਜਿੰਨਾ ਨਾਲ ਆਮ ਲੋਕਾਂ ਨੂੰ ਟਰੈਫ਼ਿਕ ਦੀ ਸਮੱਸਿਆ ਤੋਂ ਕਾਫ਼ੀ ਨਿਜਾਤ ਮਿਲੀ। ਇਸ ਸਫਲਤਾ ਤੋਂ ਬਾਅਦ 1999 ਵਿੱਚ ਖਾਲਸਾ ਸਾਜਨਾ ਦੀ ਤੀਜੀ ਸ਼ਤਾਬਦੀ ਦੇ ਮੌਕੇ ਆਨੰਦਪੁਰ ਸਾਹਿਬ ਵਿਖੇ ਵੱਡਾ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਦੇਸ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਭਾਰਤ ਦੇ ਪ੍ਰਧਾਨ ਮੰਤਰੀ, ਹੋਰ ਰਾਜਾਂ ਦੇ ਮੁੱਖ ਮੰਤਰੀ ਅਤੇ ਬਹੁਤ ਸਾਰੇ ਪਤਵੰਤੇ ਵਿਅਕਤੀ ਵੀ ਸ਼ਾਮਲ ਹੋਏ। ਇਨ੍ਹਾਂ ਸਮਾਗਮਾਂ ਦੇ ਆਯੋਜਨ ਸਮੇਂ ਟਰੈਫ਼ਿਕ ਦੀ ਸਮੱਸਿਆ ਦੇ ਹੱਲ ਲਈ ਆਪਦੀ ਵਿਸ਼ੇਸ਼ ਤੌਰ ‘ਤੇ ਡਿਊਟੀ ਲਗਾਈ ਗਈ। ਖਾਲਸਾ ਸਾਜਨਾ ਦੇ ਸਾਰੇ ਸਮਾਗਮ ਬਿਨਾ ਕਿਸੇ ਟਰੈਫ਼ਿਕ ਦੀ ਸਮੱਸਿਆ ਦੇ ਨੇਪਰੇ ਚੜ੍ਹ ਗਏ। ਇਸ ਤੋਂ ਆਪਦੀ ਕਾਬਲੀਅਤ ਦਾ ਸਿੱਕਾ ਜੰਮ ਗਿਆ। ਇਸੇ ਤਰ੍ਹਾਂ 1999 ਵਿੱਚ ਫ਼ਰੀਦਕੋਟ ਵਿਖੇ ਚੋਣ ਹੋ ਰਹੀ ਸੀ, ਜਿਸ ਵਿੱਚ ਰਾਜ ਦੇ ਮੁੱਖ ਮੰਤਰੀ ਦਾ ਸਪੁੱਤਰ ਚੋਣ ਲੜ ਰਿਹਾ ਸੀ। ਚੋਣ ਕਮਿਸ਼ਨ ਨੇ ਨਿਰਪੱਖ ਚੋਣ ਕਰਵਾਉਣ ਲਈ ਆਪਦੀ ਚੋਣ ਕੀਤੀ, ਜਿਸ ਵਿੱਚ ਆਪ ਨੂੰ ਸਫਲਤਾ ਮਿਲੀ। ਹਰ ਵੰਗਾਰ ਦਾ ਆਪ ਖਿੜੇ ਮੱਥੇ ਮੁਕਾਬਲਾ ਕਰਕੇ ਸਫਲਤਾ ਪ੍ਰਾਪਤ ਕਰਦੇ ਰਹੇ। 2000 ਤੋਂ 2002 ਤੱਕ ਆਪ ਏ ਆਈ ਜੀ ਮੁੱਖ ਦਫ਼ਤਰ ਰਹੇ ਜਿੱਥੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਬਦਲੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ, ਜਿਹੜੀ ਡਿਊਟੀ ਬੜੀ ਗੁੰਝਲਦਾਰ ਹੁੰਦੀ ਹੈ ਕਿਉਂਕਿ ਸਿਫ਼ਾਰਸ਼ਾਂ ਦੀ ਬਹੁਤਾਤ ਹੁੰਦੀ ਹੈ ਪ੍ਰੰਤੂ ਆਪ ਹਰ ਕੰਮ ਮੈਰਿਟ ਉੱਪਰ ਹੀ ਕਰਦੇ ਸਨ। 2002 ਵਿੱਚ ਸੰਗਰੂਰ, 2005 ਵਿੱਚ ਪਟਿਆਲਾ ਅਤੇ 2007 ਵਿੱਚ ਲੁਧਿਆਣਾ ਵਿਖੇ ਐਸ ਐਸ ਪੀ ਰਹੇ। ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਵਿੱਚ ਅੱਜ ਤੱਕ ਵੀ ਲੋਕ ਆਪ ਦੀ ਕਾਬਲੀਅਤ ਨਿਰਪੱਖਤਾ ਅਤੇ ਇਮਾਨਦਾਰੀ ਨੂੰ ਯਾਦ ਕਰਦੇ ਹਨ। ਜਦੋਂ ਆਪ ਪਟਿਆਲਾ ਵਿਖੇ ਐੱਸਐੱਸਪੀ ਤਾਇਨਾਤ ਸਨ ਤਾਂ ਪਟਿਆਲਾ ਵਿਖੇ ਇੰਡੋ ਪਾਕ ਖੇਡਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਖੇਡਾਂ ਨੂੰ ਵੀ ਸ਼ਾਂਤਮਈ ਨੇਪਰੇ ਚਾੜ੍ਹਨਾ ਵੰਗਾਰ ਭਰਿਆ ਕੰਮ ਸੀ ਜਿਸ ਵਿੱਚ ਵੀ ਆਪ ਸਫਲ ਹੋਏ।
Columns ਸ਼ਰਾਫ਼ਤ, ਨਿਮਰਤਾ, ਸਲੀਕਾ ਅਤੇ ਇਮਾਨਦਾਰੀ ਦਾ ਮੁਜੱਸਮਾ ਅਮਰਦੀਪ ਸਿੰਘ ਰਾਏ