ਆਰਐੱਸਐੱਸ ਮੁਖੀ ਮੋਹਨ ਭਾਗਵਤ ਤੇ ਯੋਗੀ ਅਦਿੱਤਿਆ ਨੰਦ ਦਾ ਕੀਤਾ ਜਾਵੇਗਾ ਘਿਰਾਓ : ਹਿੰਮਤ ਸਿੰਘ
ਸਿੱਖਾਂ ਅਤੇ ਦਲਿਤਾਂ ਤੇ ਜ਼ੁਲਮ ਕਰਨ ਵਾਲਿਆਂ ਦੀ ਅਵਾਜ਼ ਕਰਾਂਗੇ ਸ਼ਿਕਾਗੋ ਵਿੱਚ ਬੰਦ : ਆਗੂ
ਨਿਊਯਾਰਕ, 2 ਮਈ – ਸਵਾਮੀ ਵਿਵੇਕਾਨੰਦ ਦਾ ਸਹਾਰਾ ਲੈ ਕੇ ਹਿੰਦੂਤਵਾ ਦੇ ਭਗਵਾਂ ਕਰਨ ਦੇ ਏਜੰਡੇ ਉੱਤੇ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਚਾਰ ਕਰ ਰਹੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਅਤੇ ਭਾਰਤੀ ਜਨਤਾ ਪਾਰਟੀ ਦੇ ਵਿਰੋਧ ਵਿੱਚ ਅਮਰੀਕਾ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ‘ਤੇ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਸਖ਼ਤ ਵਿਰੋਧ ਕੀਤਾ ਹੈ, ਅਤੇ ਕਿਹਾ ਹੈ ਕਿ ਸ਼ਿਕਾਗੋ ਵਿੱਚ 7 ਤੋਂ 9 ਸਤੰਬਰ 2018 ਨੂੰ ਕੱਟੜਪੰਥੀ ਹਿੰਦੂ ਜਥੇਬੰਦੀਆਂ ਆਰਐੱਸਐੱਸ ਅਤੇ ਭਾਜਪਾ ਵੱਲੋਂ ਕੀਤੀ ਜਾ ਰਹੀ ‘ਵਿਸ਼ਵ ਹਿੰਦੂ ਕਾਨਫ਼ਰੰਸ’ ਦਾ ਉਹ ਸਖ਼ਤ ਵਿਰੋਧ ਕਰਨਗੇ ਅਤੇ ਇਸ ਕਾਨਫ਼ਰੰਸ ਵਿਰੁੱਧ ਤਿੰਨੇ ਦਿਨ ਮੁਜ਼ਾਹਰੇ ਕੀਤੇ ਜਾਣਗੇ ਅਤੇ ਇਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ।
ਇਹ ਬਿਆਨ ਜਾਰੀ ਕਰਦਿਆਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐੱਸਏ) ਦੇ ਕੋਆਰਡੀਨੇਟਰ ਹਿੰਮਤ ਸਿੰਘ, ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ, ਵੀਰ ਸਿੰਘ ਮਾਂਗਟ, ਦਵਿੰਦਰ ਸਿੰਘ ਦਿਓ ਨੇ ਕਿਹਾ ਕਿ ਸਤੰਬਰ 1893 ਵਿੱਚ 125 ਸਾਲ ਪਹਿਲਾਂ ‘ਵਰਲਡ ਰਲੀਜੀਅਸ ਪਾਰਲੀਮੈਂਟ’ ਸ਼ਿਕਾਗੋ ਵਿੱਚ ਹੋਈ ਸੀ, ਉਸ ਵਿੱਚ ਸਵਾਮੀ ਵਿਵੇਕਾਨੰਦ ਜਿਹੇ ਵਿਅਕਤੀ ਪੁੱਜੇ ਸਨ। ਪਰ ਹੁਣ ਸਵਾਮੀ ਵਿਵੇਕਾਨੰਦ ਦਾ ਨਾਮ ਵਰਤ ਕੇ ਆਰਐੱਸਐੱਸ ਨੇ ਹਿੰਦੂਤਵਾ ਦੇ ਭਗਵੇਂ ਕਰਨ ਦੇ ਏਜੰਡੇ ਨੂੰ ਵਿਦੇਸ਼ਾਂ ਵਿੱਚ ਫੈਲਾਉਣ ਦਾ ਕੰਮ ਅਰੰਭ ਦਿੱਤਾ ਹੈ, ਇਸ ਕਾਨਫ਼ਰੰਸ ਵਿੱਚ ਜਿੱਥੇ ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਪੁੱਜ ਰਹੇ ਹਨ ਉੱਥੇ ਹੀ ਉੱਤਰ ਪਰਦੇਸ (ਯੂਪੀ) ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨੰਦ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੰਡਨਵੀਸ ਵੀ ਪੁੱਜ ਰਹੇ ਹਨ, ਹਿੰਮਤ ਸਿੰਘ ਨੇ ਕਿਹਾ ਕਿ ਜਦੋਂ ਦੀ ਭਾਰਤ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਭਾਰਤ ਦੇ ਸਾਰੇ ਰਾਜਾਂ ਵਿੱਚ ਬਲਾਤਕਾਰਾਂ ਦੀਆਂ ਘਟਨਾਵਾਂ ਹੋ ਰਹੀਆਂ ਹਨ, ਤਾਜ਼ੀ ਮਿਸਾਲ ਆਸਿਫਾ ਦੀ ਹੈ, ਭਾਰਤ ਵਿੱਚ ਦਲਿਤਾਂ ਖ਼ਿਲਾਫ਼, ਘੱਟ ਗਿਣਤੀਆਂ ਖ਼ਿਲਾਫ਼ ਜ਼ੁਲਮ ਹੋ ਰਹੇ ਹਨ, ਈਸਾਈਆਂ ਦੀਆਂ ਚਰਚਾਂ, ਮੁਸਲਮਾਨਾਂ ਦੀਆਂ ਮਸਜਿਦਾਂ ਤੇ ਸਿੱਖਾਂ ਦੇ ਗੁਰਦੁਆਰਿਆਂ ਨੂੰ ਵੀ ਤੋੜਿਆ ਜਾ ਰਿਹਾ ਹੈ ਤੇ ਇਤਿਹਾਸਕ ਗੁਰੂ ਘਰਾਂ ‘ਤੇ ਕਬਜ਼ੇ ਕੀਤੇ ਜਾ ਰਹੇ ਹਨ, ਚੇਤੇ ਰਹੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਪਰ ਜਦੋਂ ਹਿੰਦੁਤਵਾ ਅਤੇ ਆਰਐੱਸਐੱਸ ਦਾ ਘੱਟ ਗਿਣਤੀਆਂ ਪ੍ਰਤੀ ਰਵੱਈਆ ਬੜਾ ਘਾਤਕ ਹੈ, ਜਿਸ ਵਿੱਚ ਸਿੱਖ ਗੁਰੂ ਸਾਹਿਬਾਨਾਂ ਦੇ ਇਤਿਹਾਸ ਨਾਲ ਛੇੜ-ਛਾੜ ਕਰਨੀ ਤੇ ਅਪਮਾਨਜਨਕ ਟਿੱਪਣੀਆਂ ਕਰਨੀਆਂ ਤੇ ਸਿੱਖਾਂ ਨੂੰ ਹਿੰਦੂ ਧਰਮ ਦਾ ਹੀ ਹਿੱਸਾ ਦੱਸਣਾ ਜੋ ਬਰਦਾਸ਼ਤ ਤੋਂ ਬਾਹਰ ਹੈ। ਮੁੱਖ ਮੰਤਰੀ ਯੋਗੀ ਅਦਿੱਤਿਆ ਨੰਦ ਦਾ ਭਗਵਾਂ ਕਰਨ ਯੂਪੀ ਵਿੱਚ ਸਪਸ਼ਟ ਨਜ਼ਰ ਆਉਂਦਾ ਹੈ। ਹਿੰਮਤ ਸਿੰਘ ਨੇ ਕਿਹਾ ਹੈ ਕਿ ਉਹ ਸ਼ਿਕਾਗੋ ਵਿੱਚ ਹੋ ਰਹੀ ਵਿਸ਼ਵ ਹਿੰਦੂ ਕਾਨਫ਼ਰੰਸ ਦਾ ਜ਼ਬਰਦਸਤ ਵਿਰੋਧ ਕਰਨਗੇ ਤੇ ਤਿੰਨੇ ਦਿਨ ਮੁਜ਼ਾਹਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹਿੰਦੁਤਵਾ ਜੋ ਕਿ ਭਾਰਤ ਵਿੱਚ ਘੱਟ ਗਿਣਤੀਆਂ ਤੇ ਦਲਿਤਾਂ ਲਈ ਕੱਟੜਤਾ ਨਾਲ ਭਰਿਆ ਅਤਿਵਾਦ ਹੈ ਦੇ ਵਿਰੋਧ ਵਿੱਚ ਸਾਰੇ ਲੋਕ ਇੱਕਮੁੱਠ ਹੋਣ ਤਾਂ ਕਿ ਅਮਰੀਕਾ ਵਿੱਚ ਇਨ੍ਹਾਂ ਦੇ ਭਗਵੇਂ ਕਰਨ ਦੇ ਏਜੰਡੇ ਨੂੰ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਕਾਨਫ਼ਰੰਸ ਨੂੰ ਜਿੱਥੇ ਤੱਕ ਹੋ ਸਕਿਆ ਅਮਰੀਕੀ ਸਰਕਾਰ ਨੂੰ ਹਿੰਦੂਤਵਾ ਦੇ ਅਸਲ ਏਜੰਡੇ ਤੋਂ ਜਾਣੂ ਕਰਵਾ ਕੇ ਰਾਬਤਾ ਕਾਇਮ ਕਰਕੇ ਰੱਦ ਕਰਾਉਣ ਲਈ ਉਹ ਹਰ ਹੀਲਾ ਵਰਤਣਗੇ, ਕਿਉਂਕਿ ਇਹ ਕਾਨਫ਼ਰੰਸ ਘੱਟ ਗਿਣਤੀਆਂ ਵਿੱਚ ਖ਼ੌਫ਼ ਪੈਦਾ ਕਰਨ ਲਈ ਕੀਤੀ ਜਾ ਰਹੀ ਹੈ।
Home Page ਸ਼ਿਕਾਗੋ ਵਿੱਚ ਹੋ ਰਹੀ ‘ਵਿਸ਼ਵ ਹਿੰਦੂ ਕਾਨਫ਼ਰੰਸ’ ਦਾ ਕੀਤਾ ਜਾਵੇਗਾ ਸਖ਼ਤ ਵਿਰੋਧ