ਸ਼ੋਕਮਈ ਸਮਾਚਾਰ: ਸ. ਅਵਤਾਰ ਸਿੰਘ ਹਾਂਸ ਦਾ ਦੇਹਾਂਤ, ਅੰਤਿਮ ਸਸਕਾਰ 7 ਜੁਲਾਈ ਨੂੰ ਮੈਨੂਕਾਓ ਮੈਮੋਰੀਅਲ ਗਾਰਡਨ ਵਿਖੇ

ਆਕਲੈਂਡ, 5 ਜੁਲਾਈ – ਨਿਊਜ਼ੀਲੈਂਡ ਵੱਸਦੇ ਪੰਜਾਬੀ ਭਾਈਚਾਰੇ ਲਈ ਸ਼ੋਕਮਈ ਖ਼ਬਰ ਹੈ ਕਿ 56 ਸਾਲਾ ਸ. ਅਵਤਾਰ ਸਿੰਘ ਹਾਂਸ ਜੋ ਕਿ ਕੀਵੀ, ਸਬਜ਼ੀ ਅਤੇ ਫੁੱਲਾਂ ਦੀ ਖੇਤੀ ਦੇ ਮਾਹਿਰ ਕਿਸਾਨ ਸਨ, ਉਹ 4 ਜੁਲਾਈ ਦਿਨ ਮੰਗਲਵਾਰ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹ ਕੁੱਝ ਸਮੇਂ ਤੋਂ ਬਿਮਾਰ ਸਨ ਅਤੇ ਅੱਜ ਉਨ੍ਹਾਂ ਆਪਣਾ ਆਖ਼ਰੀ ਸਾਹ ਮਿਡਲਮੋਰ ਹਸਪਤਾਲ ਵਿਖੇ ਲਿਆ। ਟੈਕਸੀ ਕਾਰੋਬਾਰ ਦੇ ਨਾਲ-ਨਾਲ ਉਨ੍ਹਾਂ ਆਪਣੀ ਇੰਡੀਆ ਦੀ ਖੇਤੀਬਾੜੀ ਪੜ੍ਹਾਈ (B.Sc. Agriculture-ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ) ਦਾ ਫ਼ਾਇਦਾ ਚੁੱਕਦਿਆਂ ਇੱਥੇ ਫੁੱਲਾਂ ਦੀ ਸਫਲ ਖੇਤੀ ਕੀਤੀ ਅਤੇ ਆਪਣਾ ਕੀਵੀ ਫਾਰਮ ਸਥਾਪਿਤ ਕਰਨ ਦੇ ਨਾਲ ਸਫਲ ਕਿਸਾਨੀ ਜੀਵਨ ਜੀਵਿਆ। ਉਹ 1999 ਤੋਂ ਇੱਥੇ ਰਹਿ ਰਹੇ ਸਨ। ਸ. ਹਾਂਸ ਨਿਊਜ਼ੀਲੈਂਡ ਦੀ ਰਾਜਨੀਤੀ ਦੇ ਵਿੱਚ ਸਰਗਰਮ ਰਹੇ ਅਤੇ ਉਹ ਮੈਨੂਕਾਓ ਈਸਟ ਚੋਣ ਹਲਕੇ ਤੋਂ ਨੈਸ਼ਨਲ ਪਾਰਟੀ ਦੇ 11 ਸਾਲ ਚੇਅਰ ਵੀ ਰਹੇ। ਉਨ੍ਹਾਂ ਲੋਕਲ ਬੋਰਡ ਦੀ ਚੋਣ ਵੀ ਲੜੀ ਸੀ।
ਉਹ ਆਪਣੇ ਪਿੱਛੇ ਆਪਣੀ ਪਤਨੀ ਸ੍ਰੀ ਨਵਜੀਤ ਕੌਰ, ਇਕ ਪੁੱਤਰ ਸ. ਕਰਨ ਸਿੰਘ ਹਾਂਸ ਅਤੇ ਇਕ ਬੇਟੀ ਛੱਡ ਗਏ ਹਨ। ਸ. ਹਾਂਸ ਦਾ ਅੰਤਿਮ ਸਸਕਾਰ 7 ਜੁਲਾਈ ਦਿਨ ਸ਼ੁੱਕਰਵਾਰ ਨੂੰ ਦੁਪਹਿਰੇ ੧੨ ਵਜੇ ਮੈਨੂਕਾਓ ਮੈਮੋਰੀਅਲ ਗਾਰਡਨ, ਪੁਹੀਨੂਹੀ ਰੋਡ ਵਿਖੇ ਕੀਤਾ ਜਾਏਗਾ। ਅੰਤਿਮ ਸਸਕਾਰ ਤੋਂ ਬਾਅਦ ਸੰਗਤਾਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਅਰਦਾਸ ਵਾਸਤੇ ਇਕੱਤਰ ਹੋਣਗੇ।