ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਾਜਾਇਜ਼ ਛਪਾਈ, ਗੁਰੂ ਸਾਹਿਬ ਦੀ ਘੋਰ ਬੇਅਦਬੀ

ਬਾਲਟੀਮੋਰ, 30 ਮਈ – ਅੱਜ ਦੀ ਮੀਟਿੰਗ 29 ਮਈ ਨੂੰ ਗੁਰਦੁਆਰਾ ਸਿੱਖ ਐਸੋਸੀਏਸ਼ਨ ਆਫ਼ ਬਾਲਟੀਮੋਰ ਵਿਖੇ – ਰੈਂਡਲਸਟਾਊਨ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਸਿੱਖ ਕੋਆਰਡੀਨੇਸ਼ਨ ਕਮੇਟੀ ਯੂਐੱਸਏ ਵੱਲੋਂ ਬੁਲਾਈ ਗਈ ਇਕੱਤਰਤਾ ਵਿੱਚ ਮੈਸਾਚਿਊਸਟਸ, ਨਿਊਯਾਰਕ, ਨਿਊਜਰਸੀ, ਪੈਨਸਲਵੇਨੀਆ, ਡੈਲਾਵੇਅਰ, ਮੇਰੀਲੈਂਡ ਅਤੇ ਵਰਜੀਨੀਆ ਦੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ।
ਗੁਰੂ ਸਾਹਿਬ ਦੀਆਂ ਬੀੜਾਂ ਦੀ ਛਪਾਈ (printing) ਸਬੰਧੀ ਕੁਝ ਦੋਖੀ ਲੋਕਾਂ ਨੇ ਚਾਈਨਾ ਤੋਂ ਸਰੂਪ ਛਪਵਾ ਕੇ ਘੋਰ ਉਲੰਘਣਾ ਕੀਤੀ ਹੈ । ਛਪਾਈ ਵਿੱਚ ਬਹੁਤ ਊਣਤਾਈਆਂ ਹਨ। ਆਮ ਲੋਕਾਂ ਨੂੰ ਗੁਰੂ ਸਾਹਿਬ ਦੇ ਸਰੂਪ UPS ਰਾਹੀਂ ਭੇਜੇ ਗਏ। ਇਨ੍ਹਾਂ ਲੋਕਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ। ਸਾਡੀ ਗੁਰੂ ਸਾਹਿਬ ਪ੍ਰਤੀ ਵਫ਼ਾਦਾਰੀ ਨੂੰ ਕੀ ਹੋ ਗਿਆ ? ਮੀਟਿੰਗ ਵਿੱਚ ਸਮੂਹ ਧਾਰਮਿਕ ਅਦਾਰਿਆਂ ਨੂੰ ਸੰਜੀਦਗੀ ਨਾਲ ਕੰਮ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਇਸ ਹੱਦ ਤੱਕ ਹਾਲਾਤ ਪਹੁੰਚਣ ਦੇ ਕਾਰਨਾਂ ਵਿੱਚ ਲੰਬੇ ਸਮੇਂ ਤੋਂ ਜ਼ੁੰਮੇਵਾਰ ਸੰਸਥਾਵਾਂ ਵੱਲੋਂ ਕੌਮੀ ਮਸਲਿਆਂ ਨੂੰ ਲਟਕਾਈ ਰੱਖਣ, ਸ਼੍ਰੋਮਣੀ ਕਮੇਟੀ ਵੱਲੋਂ 328 ਸਰੂਪਾਂ ਦੇ ਗੰਭੀਰ ਮਾਮਲੇ ਪ੍ਰਤੀ ਗੈਰ-ਸੰਜੀਦਾ ਪਹੁੰਚ ਤੇ ਸਗੋਂ ਉਲਟਾ ਧਰਨੇ ਦੇ ਰਹੇ ਗੁਰਸਿੱਖਾਂ ਦੀ ਕੁੱਟ-ਮਾਰ ਤੇ ਖਿੱਚ ਧੂਹ ਕਰਨ ਕਰਕੇ, ਕਮੇਟੀਆਂ ਦੁਆਰਾ ਕਨਟੇਨਰਾਂ ਵਿਚ ਭੇਜੇ ਸਰੂਪਾਂ ਦੀ ਹੋਈ ਬੇਅਦਬੀ, ਅਤੇ ਬਾਦਲਾਂ ਦੇ ਜਥੇਦਾਰਾਂ ਵੱਲੋਂ ਸਮੇਂ-ਸਮੇਂ ਲਏ ਗਏ ਇਕਪਾਸੜ ਤੇ ਗ਼ਲਤ ਫ਼ੈਸਲਿਆਂ ਕਰਕੇ ਬੇਵਿਸ਼ਵਾਸੀ ਤੇ ਅਰਾਜਕਤਾ ਦਾ ਮਾਹੌਲ ਪੈਦਾ ਹੋਇਆ ਤੇ ਦੋਖੀਆਂ ਦੀ ਗੁਰਬਾਣੀ ਨੂੰ ਆਪੋ ਆਪਣੀ ਮਰਜ਼ੀ ਅਨੁਸਾਰ ਬਦਲਣ ਤੇ ਛਾਪਣ ਦੀ ਜੁਰਅਤ ਹੋਈ। ਇਹ ਵੀ ਖ਼ਦਸ਼ਾ ਜ਼ਾਹਿਰ ਕੀਤਾ ਗਿਆ ਕਿ ਇਹ ਸਾਰੇ ਦੋਸ਼ੀਆਂ ਦੇ ਤਾਰ ਕਿਤੇ ਨਾ ਕਿਤੇ ਪਿੱਛੇ ਜੁੜੇ ਹੋ ਸਕਦੇ ਹਨ!
ਬੁਲਾਰਿਆਂ ਨੇ ਇਕਸੁਰ ਹੋ ਕੇ ਕਿਹਾ ਕਿ ਸਮੁੱਚਾ ਪੰਥ ਇੱਕ ਪਲੇਟਫ਼ਾਰਮ ਤੇ ਇਕੱਠਾ ਹੋ ਕੇ ਸਾਰੇ ਦੋਸ਼ੀਆਂ ਨੂੰ ਸੰਗਤਾਂ ਸਾਹਮਣੇ ਲਿਆਂਦਾ ਜਾਵੇ, ਅਤੇ ਕਾਨੂੰਨੀ ਕਾਰਵਾਈ ਕਰਨ ਲਈ ਵੀ ਸਿੱਖ ਸੰਸਥਾਵਾਂ ਚਾਰਾਜੋਈ ਕਰਨ।
ਇਕੱਤਰਤਾ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਗਈ ਕਿ ਵਿਦੇਸ਼ਾਂ ਵਿੱਚ ਵੱਸਦੀਆਂ ਸੰਗਤਾਂ ਤੇ ਸੰਸਥਾਵਾਂ ਤੱਕ ਗੁਰੂ ਸਾਹਿਬ ਦੇ ਸਰੂਪ ਪਹੁੰਚਦੇ ਕਰਨ ਲਈ, ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਰੂਪ ਦੀ ਪੁਰਾਤਨ ਹੱਥ ਲਿਖਤ ਬੀੜਾਂ ਅਨੁਸਾਰੀ ਇਕਸਾਰਤਾ ਬਣਾਈ ਰੱਖਣ ਲਈ ਨੌਰਥ ਅਮਰੀਕਾ, ਯੂਰਪ ਆਦਿ ਥਾਂਵਾਂ ਤੇ ਅਧਿਕਾਰਤ ਛਪਾਈ ਲਈ ਪੱਕੇ ਪ੍ਰਬੰਧ ਕੀਤੇ ਜਾਣ, ਜਿਸ ਨਾਲ ਸਤਿਕਾਰ ਤੇ ਇਕਸਾਰਤਾ ਕਾਇਮ ਰਹੇ ਤੇ ਸੰਗਤਾਂ ਦੀ ਇਸ ਬਹਾਨੇ ਲੁੱਟ ਖਸੁੱਟ ਕਰਨ ਵਾਲੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ।
ਸੰਗਤਾਂ ਦੇ ਭਾਰੀ ਇਕੱਠ ਨੇ ਜੈਕਾਰਿਆਂ ਦੀ ਗੂੰਜ ਇਹ ਮਤੇ ਪਾਸ ਕੀਤੇ –
1- ਅੱਜ ਦੇ ਇਕੱਠ ਵਿੱਚ ਬਦੇਸੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਚੀਨ ਤੋਂ ਛਪਾਏ ਗੁਰੂ ਸਾਹਿਬ ਦੇ ਸਰੂਪਾਂ ਦੇ ਸੰਬੰਧ ਵਿੱਚ ਬਣੀ 5 ਮੈਂਬਰੀ ਕਮੇਟੀ ਅਤੇ 9 ਮੈਂਬਰੀ ਕਮੇਟੀ ਅਤੇ ਹੋਰ ਗੁਰਸਿੱਖ ਜਿਹੜੇ ਵੀ ਇਸ ਵਿਸ਼ੇ ਤੇ ਕੰਮ ਕਰ ਰਹੇ ਹਨ, ਉਨ੍ਹਾਂ ਸਭ ਨੂੰ ਦੇਸ਼ ਬਿਦੇਸ ਵਿੱਚ ਵੱਸਦੀਆਂ ਸੰਗਤਾਂ ਭਰਪੂਰ ਸਹਿਯੋਗ ਕਰਨ।
2- ਚੀਨ ਤੋਂ ਸਰੂਪ ਛਪਵਾ ਕੇ UPS ਰਾਹੀਂ ਅਮਰੀਕਾ ਤੇ ਕੈਨੇਡਾ ਵਿੱਚ ਵੱਖ ਵੱਖ ਥਾਂਵਾਂ ਭੇਜ ਕੇ ਮਰਯਾਦਾ ਦੀ ਉਲੰਘਣਾ ਕਰਨ ਵਾਲਿਆਂ ਦੇ ਜੋ ਨਾਮ ਸਾਹਮਣੇ ਆਏ,
1- ਰਾਜਵੰਤ ਸਿੰਘ
2- ਥਮਿੰਦਰ ਸਿੰਘ ਆਨੰਦ
3-ਗੁਰਦੀਪ ਸਿੰਘ ਮਲਿਕ
4- ਭਜਨੀਤ ਸਿੰਘ ਮਲਿਕ
5- ਗੁਰਮੀਤ ਸਿੰਘ ਭਾਟੀਆ
6- ਜਸਪਾਲ ਸਿੰਘ
ਇਨ੍ਹਾਂ ਨੇ ਸਰੂਪ Austin TX , Chicago, Michigan, North Carolina ਭੇਜੇ ਗਏ ਹਨ।
ਅੱਜ ਦੇ ਇਕੱਠ ਵਿੱਚ ਸਿੱਖ ਕੌਮ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇੰਨਾ ਲੋਕਾਂ ਦੇ ਧਾਰਮਿਕ ਸਟੇਜਾਂ ਤੇ ਬੋਲਣ ਅਤੇ ਰਾਜਨੀਤਕ ਨੁਮਾਇੰਦਗੀ ਕਰਨ ਤੇ ਪੂਰਨ ਪਾਬੰਦੀ ਲਗਾਈ ਜਾਵੇ। ਪੰਥ ਦੀਆਂ ਸਿਰਮੌਰ ਸੰਸਥਾਵਾਂ ਇਨ੍ਹਾਂ ਨੂੰ ਪੰਥਕ ਰਵਾਇਤਾਂ ਅਨੁਸਾਰ ਸਜ਼ਾ ਯਾਫ਼ਤਾ ਕਰਨ।
ਜਾਰੀ ਕਰਤਾ: ਹਰਜਿੰਦਰ ਸਿੰਘ (ਮੀਡੀਆ ਸਪੋਕਸਮੈਨ)