ਅੰਮ੍ਰਿਤਸਰ, 15 ਸਤੰਬਰ – ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪਾਂ ਦੇ ਮਾਮਲੇ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਦੇ ਬਾਹਰ ਧਰਨਾ ਦੇ ਰਹੇ ਸਿੱਖ ਕਾਰਕੁਨਾਂ ਦੇ ਹੱਕ ਵਿੱਚ ਆਏ ਕੁੱਝ ਨਿਹੰਗ ਸਿੰਘਾਂ ਅਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵਿਚਾਲੇ ਤਕਰਾਰ ਮਗਰੋਂ ਹੋਏ ਝਗੜੇ ਵਿੱਚ ਕੁੱਝ ਨਿਹੰਗ ਸਿੰਘ ਜ਼ਖ਼ਮੀ ਹੋ ਗਏ ਹਨ ਕਈਆਂ ਦੀਆਂ ਦਸਤਾਰਾਂ ਵੀ ਉੱਤਰ ਗਈਆਂ। ਇਸ ਦੌਰਾਨ ਟਾਸਕ ਫੋਰਸ ਦੇ ਕਰਮਚਾਰੀਆਂ ਵੱਲੋਂ ਮੀਡੀਆ ਕਰਮੀਆਂ ਨਾਲ ਵੀ ਬਦਸਲੂਕੀ ਕੀਤਾ ਗਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪਾਂ ਦੀ ਜਾਂਚ ਰਿਪੋਰਟ ਵਿੱਚ ਦੱਸੇ ਗਏ ਦੋਸ਼ੀਆਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਾਉਣ ਦੀ ਮੰਗ ਨੂੰ ਲੈ ਕੇ ਸਤਿਕਾਰ ਕਮੇਟੀਆਂ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਕਾਰਕੁਨ 14 ਸਤੰਬਰ ਦਿਨ ਸੋਮਵਾਰ ਤੋਂ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਦੇ ਬਾਹਰ ਧਰਨੇ ‘ਤੇ ਬੈਠੇ ਹੋਏ ਸਨ। ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ ਅਤੇ ਅੱਜ ਵੀ ਸ਼੍ਰੋਮਣੀ ਕਮੇਟੀ ਅਤੇ ਧਰਨਾਕਾਰੀਆਂ ਦੇ ਆਗੂਆਂ ਵਿਚਾਲੇ ਮੀਟਿੰਗ ਹੋਈ ਹੈ। ਰਾਤ ਵੇਲੇ ਜਦੋਂ ਧਰਨਾਕਾਰੀ ਘੱਟ ਗਿਣਤੀ ਵਿੱਚ ਰਹਿ ਗਏ ਸਨ ਤਾਂ ਸ਼੍ਰੋਮਣੀ ਕਮੇਟੀ ਨੇ ਗੁਰੂ ਰਾਮਦਾਸ ਨਿਵਾਸ, ਗੁਰਦੁਆਰਾ ਬਾਬਾ ਅਟਲ ਰਾਏ ਅਤੇ ਮੰਜੀ ਸਾਹਿਬ ਦੀਵਾਨ ਹਾਲ ਦੇ ਅੱਗੇ ਲਗਭਗ 10 ਫੁੱਟ ਉੱਚੀਆਂ ਟੀਨਾਂ ਲਾ ਕੇ ਇੱਧਰ ਆਉਣ ਵਾਲੇ ਰਸਤੇ ਰੋਕ ਦਿੱਤੇ, ਜਿਸ ਨਾਲ ਧਰਨਾਕਾਰੀ ਅਲੱਗ ਥਲੱਗ ਹੋ ਕੇ ਰਹਿ ਗਏ ਹਨ। ਸਵੇਰ ਵੇਲੇ ਜਦੋਂ ਧਰਨਾਕਾਰੀਆਂ ਦੇ ਸਮਰਥਨ ਵਿੱਚ ਕੁੱਝ ਨਿਹੰਗ ਸਿੰਘ ਪੁੱਜੇ ਤਾਂ ਉਹ ਰਸਤਾ ਬੰਦ ਦੇਖ ਕੇ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਸਾਹਮਣੇ ਧਰਨੇ ‘ਤੇ ਬੈਠ ਗਏ। ਇਨ੍ਹਾਂ ਨੇ ਇੱਥੇ ਹੀ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਖ਼ਿਲਾਫ਼ ਕੁੱਝ ਬੈਨਰ ਵੀ ਲਾਏ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਕਰਮਚਾਰੀਆਂ ਨੇ ਪਹਿਲਾਂ ਬੈਨਰ ਇੱਥੋਂ ਹਟਾਏ, ਜਿਸ ਨਾਲ ਨਿਹੰਗਾਂ ਅਤੇ ਇਨ੍ਹਾਂ ਵਿਚਾਲੇ ਤਕਰਾਰ ਸ਼ੁਰੂ ਹੋ ਗਈ ਜੋ ਝਗੜੇ ਵਿੱਚ ਬਦਲ ਗਈ। ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਨੇ ਨਿਹੰਗ ਸਮੇਤ ਹੋਰਨਾਂ ਦੀ ਕੁੱਟਮਾਰ ਕੀਤੀ ਅਤੇ ਕਈਆਂ ਦੀ ਦਸਤਾਰ ਵੀ ਉੱਤਰ ਗਈ। ਇਸ ਕਾਰਵਾਈ ‘ਚ ਕੁੱਝ ਨਿਹੰਗ ਜ਼ਖਮੀ ਵੀ ਹੋਏ ਅਤੇ ਟਾਸਕ ਫੋਰਸ ਨੇ ਉਨ੍ਹਾਂ ਨੂੰ ਭਜਾ ਦਿੱਤਾ। ਇਸੇ ਦੌਰਾਨ ਘਟਨਾ ਦੀ ਕਵਰੇਜ ਕਰ ਰਹੇ ਮੀਡੀਆ ਕਰਮੀਆਂ ਨੂੰ ਰੋਕਣ ਲਈ ਉਨ੍ਹਾਂ ਦੀ ਖਿੱਚ-ਧੂਹ ਕਰਦਿਆਂ ਕੈਮਰੇ ਖੋਹਣ ਦਾ ਵੀ ਯਤਨ ਕੀਤਾ ਗਿਆ। ਘਟਨਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਧਰਨਾਕਾਰੀਆਂ ਦੇ ਹੋਰ ਵੀ ਸਮਰਥਕ ਮੌਕੇ ‘ਤੇ ਪੁੱਜ ਗਏ ਅਤੇ ਉਨ੍ਹਾਂ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਸਾਹਮਣੇ ਧਰਨਾ ਦੇ ਦਿੱਤਾ।
Home Page ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤੇ ਨਿਹੰਗ ਸਿੰਘਾਂ ਵਿਚਾਲੇ ਤਕਰਾਰ