ਵਿਦੇਸ਼ਾਂ ਵਿਚ ਭਾਰਤੀਆਂ ਦੀ ਰੱਖਿਆ ਕਰਨ ਵਿਚ ਕੇਂਦਰ ਬਿਲਕੁਲ ਨਾਕਾਮ
ਲੋਕ ਸਭਾ ਦੀਆਂ ਸਾਰੀਆਂ ਸੀਟਾਂ ਜਿੱਤੇਗਾ ਗਠਜੋੜ
ਕੇਂਦਰ ਦੀ ਰਿਪੋਰਟ ਅਨੁਸਾਰ ਪੰਜਾਬ ਸਭ ਤੋਂ ਸ਼ਾਂਤ ਸੂਬਾ-ਮਜੀਠੀਆ
ਅੰਮ੍ਰਿਤਸਰ, 25 ਸਤੰਬਰ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਵਲੋਂ ਆਪਣੀ ਪਾਰਟੀ ਤੇ ਸਹਿਯੋਗੀ ਦਲਾਂ ਦੇ ਦਾਗੀ ਤੇ ਸਜ਼ਾਯਾਫ਼ਤਾ ਨੇਤਾਵਾਂ ਨੂੰ ਬਚਾਉਣ ਲਈ ਲੋਕ ਪ੍ਰਤੀਨਿਧਤਾ ਕਾਨੂੰਨ ਵਿੱਚ ਸੋਧ ਕਰਕੇ ਨਵਾਂ ਆਰਡੀਨੈਂਸ ਲਿਆਂਦੇ ਜਾਣ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਘਪਲਿਆਂ ਵਿੱਚ ਘਿਰੀ ਕੇਂਦਰ ਸਰਕਾਰ ਵਲੋਂ ਹੁਣ ਸੁਪਰੀਮ ਕੋਰਟ ਦੇ ਫੈਸਲੇ ਨੂੰ ਉਲਟਾ ਕੇ ਆਪਣੀ ਪਾਰਟੀ ਤੇ ਸਹਿਯੋਗੀਆਂ…… ਦੇ ਸਜ਼ਾਯਾਫ਼ਤਾ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਤੋਂ ਬਚਾਉਣਾ ਚਾਹੁੰਦੀ ਹੈ।
ਅੱਜ ਇੱਥੇ ਅੰਮ੍ਰਿਤਸਰ ਜਿੱਲ੍ਹੇ ਵਿਚ ਕੁੱਲ ੧੭੭ ਕਰੋੜ ਰੁਪੇ ਦੇ ਵਿਕਾਸ ਕੰਮਾਂ ਦੇ ਨੀਂਹ ਪੱਥਰ ਰੱਖਣ ਮੌਕੇ ਮਜੀਠਾ ਹਲਕੇ ਦੇ ਪਿੰਡ ਰਾਮ ਦਿਵਾਲੀ ਮੁਸਲਮਾਨਾਂ ਵਿਖੇ ਇਕ ਵੱਡੀ ਰੈਲੀ ਨੂੰ ਸੰਬੋਧਨ ਕਰਨ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਦਾਗੀ ਨੇਤਾਵਾਂ ਨੂੰ ਬਚਾਉਣ ਲਈ ਲਿਆਂਦੇ ਗਏ ਇਹ ਆਰਡੀਨੈਂਸ ਲਿਆਂਦਾ ਗਿਆ ਹੈ ਜਿਸ ਦਾ ਸਿੱਧਾ ਲਾਭ ਕਾਂਗਰਸੀ ਨੇਤਾਵਾਂ ਅਤੇ ਲਾਲੂ ਪ੍ਰਸ਼ਾਦ ਯਾਦਵ ਆਦਿ ਵਰਗੇ ਆਗੂਆਂ ਨੂੰ ਹੋਣਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਅਜਿਹੇ ਯਤਨ ਉਸ ਨੂੰ ਬਚਾ ਨਹੀਂ ਸਕਣਗੇ ਅਤੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਲੋਕ ਕਾਂਗਰਸ ਦਾ ਸਫਾਇਆ ਕਰ ਦੇਣਗੇ, ਕਿਉਂਕਿ ਇਸ ਵੇਲੇ ਰਾਸ਼ਟਰੀ ਜਮਹੂਰੀ ਗਠਜੋੜ ਦੇ ਹੱਕ ਵਿੱਚ ਲੋਕ ਲਹਿਰ ਚੱਲ ਰਹੀ ਹੈ।
ਅਮਰੀਕਾ ਵਿਖੇ ਸਿੱਖ ਪ੍ਰੋਫੈਸਰ ‘ਤੇ ਹੋਏ ਹਮਲੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਇਕ ਸਿੱਖ ਹੈ ਅਤੇ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਵੀ ਸਿੱਖ ਪਰਿਵਾਰ ਤੋਂ ਹੈ, ਪਰ ਫਿਰ ਵੀ ਕੇਂਦਰ ਸਰਕਾਰ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਕਰਨ ਲਈ ਗੰਭੀਰ ਨਹੀਂ ਹੈ।
ਪੰਜਾਬ ਕਾਂਗਰਸ ਨੂੰ ਏਜੰਡਾ ਰਹਿਤ ਦੱਸਦਿਆਂ ਸ. ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੇਕਰ ਗੱਪੀ ਸਨ ਤਾਂ ਪ੍ਰਤਾਪ ਸਿੰਘ ਬਾਜਵਾ ਮਹਾਂ ਗੱਪੀ ਹੈ, ਕਿਉਂ ਜੋ ਉਹ ਪੰਜਾਬ ਦੇ ਖ਼ਜ਼ਾਨੇ ਬਾਰੇ ਕੂੜ ਪ੍ਰਚਾਰ ਕਰਕੇ ਸੂਬੇ ਨਾਲ ਦੁਸ਼ਮਣੀ ਨਿਭਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ-ਭਾਜਪਾ ਗਠਜੋੜ ਰਾਜ ਦੀਆਂ ਸਾਰੀਆਂ 13 ਸੀਟਾਂ ‘ਤੇ ਜਿੱਤ ਪ੍ਰਾਪਤ ਕਰੇਗਾ ਕਿਉਂ ਜੋ ਪੰਜਾਬ ਵਾਸੀ ਵਿਕਾਸ ਨੂੰ ਵੋਟ ਪਾਉਂਦੇ ਹਨ।
ਉਨ੍ਹਾਂ ਕਿਹਾ ਕਿ ਵੈਸੇ ਵੀ ਦੇਸ਼ ਦੇ ਜਿਸ ਸੂਬੇ ਵਿਚ ਵੀ ਕਾਂਗਰਸ ਲਗਾਤਾਰ ਦੋ ਵਾਰ ਸੱਤਾ ਤੋਂ ਬਾਹਰ ਰਹੀ ਹੈ ਉੱਥੇ ਦੁਬਾਰਾ ਉਸ ਦੇ ਕਦੇ ਪੈਰ ਨਹੀਂ ਲੱਗੇ, ਜਿਸ ਦੀ ਉਦਾਹਰਨ ਉਤਰ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ, ਬੰਗਾਲ, ਗੁਜਰਾਤ, ਮੱਧ ਪ੍ਰਦੇਸ਼ ਹਨ। ਉਨ੍ਹਾਂ ਕਿਹਾ ਕਿ ਇਸ ਲੜੀ ਤਹਿਤ ਪੰਜਾਬ ਅੰਦਰ ਕਾਂਗਰਸ ਦੀ ਵਾਰੀ ਹੈ, ਜਿਸ ਦਾ ਲੋਕ ਸਭਾ ਚੋਣਾਂ ਦੌਰਾਨ ਸੂਫੜਾ ਸਾਫ ਹੋ ਜਾਵੇਗਾ।
ਇਸ ਮੌਕੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਾਰੇ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਨਵੀਂ ਦਿੱਲੀ ਵਿਖੇ ਪਿਛਲੇ ਦਿਨੀਂ ਹੀ ਕੌਮੀ ਏਕਤਾ ਕੌਂਸਲ ਦੀ ਮੀਟਿੰਗ ‘ਚ ਹਿੱਸਾ ਲਿਆ ਹੈ, ਜਿੱਥੇ ਪ੍ਰਧਾਨ ਮੰਤਰੀ ਵੱਲੋਂ ਜਾਰੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਦੇਸ਼ ਦੇ 20 ਸੂਬਿਆਂ ਵਿਚੋਂ ਅਮਨ ਸ਼ਾਂਤੀ, ਫਿਰਕੂ ਸਦਭਾਵਨਾ, ਭਾਈਚਾਰਕ ਏਕਤਾ ਪੱਖੋਂ ਪੰਜਾਬ ਪਹਿਲੇ ਸਥਾਨ ‘ਤੇ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਨੇਤਾ ਕੁਝ ਵੀ ਬੋਲਣ ਤੋਂ ਪਹਿਲਾਂ ਆਪਣੀ ਹੀ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਰਿਪੋਰਟਾਂ ਜ਼ਰੂਰ ਪੜ੍ਹ ਲਿਆ ਕਰਨ। ਸ. ਮਜੀਠੀਆ ਨੇ ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦੇ ਹਲਕੇ ਵਿੱਚ ਕੀਤੇ ਜਾ ਰਹੇ ਵਿਕਾਸ ਕੰਮਾਂ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਉਪ ਮੁੱਖ ਮੰਤਰੀ ਕੋਲ ਕੁੱਝ ਜ਼ਰੂਰੀ ਮੰਗਾਂ ਵੀ ਰੱਖੀਆਂ।
ਭਾਜਪਾ ਵਲੋਂ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰ ਬਦਲ ਕਰਨ ਦੇ ਮਾਮਲੇ ਬਾਰੇ ਸ. ਬਾਦਲ ਨੇ ਕਿਹਾ ਕਿ ਇਹ ਭਾਜਪਾ ਦਾ ਅੰਦਰੂਨੀ ਮਾਮਲਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਭਾਜਪਾ ਜਿਸ ਵੀ ਉਮੀਦਵਾਰ ਨੂੰ ਅੰਮ੍ਰਿਤਸਰ ਤੋਂ ਉਮੀਦਵਾਰ ਐਲਾਨੇਗੀ ਅਕਾਲੀ ਦਲ ਉਸ ਦਾ ਡਟਵਾਂ ਸਮਰਥਨ ਕਰੇਗਾ।
ਇਸ ਮੌਕੇ ਸ. ਬਾਦਲ ਨੇ ਨਾਲ ਹੀ ਐਲਾਨ ਕੀਤਾ ਕਿ ਪੰਜਾਬ ਸਰਕਾਰ ਵਲੋਂ ਅਗਲੇ 2 ਮਹੀਨਿਆਂ ਦੌਰਾਨ ੫ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ੨ ਲੱਖ ਕੁਨੈਕਸ਼ਨ ਦਿੱਤੇ ਜਾਣ ਦਾ ਫੈਸਲਾ ਲਿਆ ਗਿਆ ਹੈ ਜਿਸ ਸਬੰਧੀ ਪ੍ਰਕ੍ਰਿਆ ਹਾੜੀ ਦੀ ਸੀਜ਼ਨ ਤੱਕ ਮੁਕੰਮਲ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ੧੦ ਅਕਤੂਬਰ ਤੋਂ ਸਰਹੱਦ ਪਾਰ ਦੀਆਂ ਜ਼ਮੀਨਾਂ ਦਾ ਪ੍ਰਤੀ ਏਕੜ ਤਿੰਨ ਹਜ਼ਾਰ ਰੁਪਏ ਮੁਆਵਜ਼ਾ ਕਿਸਾਨਾਂ ਨੂੰ ਦੇ ਦਿੱਤਾ ਜਾਵੇਗਾ।
ਸ. ਸੁਖਬੀਰ ਸਿੰਘ ਬਾਦਲ ਨੇ ਰੈਲੀ ਨੂੰ ਸੰਬੋਧਨ ਕਰਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੀ ਮੰਗ ਨੂੰ ਪੂਰੀ ਕਰਦੇ ਮੱਤੇਵਾਲ ਵਿਖੇ 66 ਕੇ. ਵੀ. ਦਾ ਬਿਜਲੀ ਗਰਿਡ ਬਣਾਉਣ, ਮੱਤੇਵਾਲ ਅਤੇ ਮਜੀਠਾ ਵਿਖੇ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ। ਅੱਜ ਇਸ ਰੈਲੀ ਮੌਕੇ ਬਲਾਕ ਸੰਮਤੀ ਤਰਸਿੱਕਾ ਦੇ ਸਾਬਕਾ ਚੇਅਰਮੈਨ ਜਗਦੇਵ ਸਿੰਘ ਬੱਗਾ ਅਤੇ ਸਰਪੰਚ ਸਤਨਾਮ ਸਿੰਘ ਕਾਜੀਕੋਟ ਨੇ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ।
ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਨੇ ਪਿੰਡ ਫਤਾਹਪੁਰ ਵਿਖੇ 153.25 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕੇਂਦਰੀ ਸੁਧਾਰ ਘਰ ਦਾ ਨੀਂਹ ਪੱਥਰ ਰੱਖਿਆ। 2200 ਕੈਦੀਆਂ ਦੀ ਸਮਰੱਥਾ ਵਾਲੀ ਇਹ ਜੇਲ੍ਹ 67 ਏਕੜ ਰਕਬੇ ਵਿੱਚ ਬਣਾਈ ਜਾਣੀ ਹੈ, ਜਿਸ ਵਿੱਚ ਕੈਦੀਆਂ ਦੀ ਹਰ ਸਹੂਲਤ ਲਈ ਖੇਡ ਦੇ ਮੈਦਾਨ, ਨਸ਼ਾ ਛਡਾਊ ਕੇਂਦਰ, ਹਸਪਤਾਲ, ਅਥਲੈਟਿਕ ਟਰੈਕ, ਮਲਟੀਪਰਪਜ਼ ਹਾਲ, ਟਰੇਨਿੰਗ ਸੈਂਟਰ, ਡਿਸਪੈਂਸਰੀ, ਧਾਰਮਿਕ ਸਥਾਨ, ਬਾਲਵਾੜੀ ਆਦਿ ਦਾ ਪ੍ਰਬੰਧ ਕੀਤਾ ਜਾਣਾ ਹੈ। ਸ. ਬਾਦਲ ਨੇ ਅੱਜ ਜ਼ਿਲ੍ਹਾ ਅੰਮ੍ਰਿਤਸਰ ਵਿੱਚ ੧੭੭ ਕਰੋੜ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਵੱਖ-ਵੱਖ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ। ਜਿੰਨਾ ਵਿੱਚ ਹਲਕਾ ਮਜੀਠਾ ਵਿਖੇ ਰਾਮ ਦਿਵਾਲੀ ਮੁਸਲਮਾਨਾਂ ਤੋਂ ਝਾਮਕੇ ਤੱਕ ਸੜਕ, ਮਜੀਠਾ ਤੋਂ ਕੱਥੂਨੰਗਲ ਵਾਇਆ ਜਲਾਲਪੁਰ ਸ਼ਾਮ ਨਗਰ ਸੜਕ, ਅੰਮ੍ਰਿਤਸਰ ਫਤਹਿਗੜ੍ਹ ਚੂੜੀਆਂ ਰੋਡ ਤੋਂ ਦਾਦੂਪੁਰਾ ਸੜਕਾਂ ਸ਼ਾਮਿਲ ਹਨ। ਇਸੇ ਤਰਾਂ ਹਲਕਾ ਅਜਨਾਲਾ ਵਿੱਚ ਅਬੂ ਸਾਇਦ ਤੋਂ ਚਮਿਆਰੀ, ਨਾਨੋਕੇ ਤੋਂ ਸੁਧਾਰ, ਮਾਕੋਵਾਲ ਤੋਂ ਸੁਧਾਰ, ਕੁਰਾਲੀਆਂ ਤੋਂ ਥੋਬਾ, ਦਰਿਆ ਮੁਸਾ ਤੋਂ ਥੋਬਾ ਸੜਕਾਂ ਸ਼ਾਮਿਲ ਹਨ। ਇਸੇ ਤਰਾਂ ਰਾਜਾਸਾਸੀ ਹਲਕੇ ਵਿੱਚ ਲੋਪੋਕੇ ਤੋਂ ਅਜਨਾਲਾ ਅਤੇ ਮੋਤਲਾ ਤੋਂ ਜੈ ਰਾਮ ਕੋਟ ਸੜਕਾਂ ਦੇ ਨੀਂਹ ਪੱਥਰ ਵੀ ਸ. ਬਾਦਲ ਨੇ ਰੱਖੇ। ਅੱਜ ਇਨ੍ਹਾਂ ਸਮਾਗਮਾਂ ਵਿੱਚ ਹੋਰਨਾਂ ਤੋਂ ਇਲਾਵਾ ਲੋਕ ਸਭਾ ਮੈਂਬਰ ਡਾ. ਰਤਨ ਸਿੰਘ ਅਜਨਾਲਾ, ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ, ਮੁੱਖ ਸੰਸਦੀ ਸਕੱਤਰ ਅਮਰਪਾਲ ਸਿੰਘ ਬੋਨੀ, ਸਾਬਕਾ ਰਾਜ ਸਭਾ ਮੈਂਬਰ ਰਾਜਮਹਿੰਦਰ ਸਿੰਘ ਮਜੀਠਾ, ਸੀਨੀਅਰ ਭਾਜਪਾ ਆਗੂ ਰਜਿੰਦਰਮੋਹਨ ਸਿੰਘ ਛੀਨਾ, ਸ੍ਰੀ ਤਰੁਣ ਚੁੱਗ, ਵਿਧਾਇਕ ਬਲਜੀਤ ਸਿੰਘ ਜਲਾਲਉਸਮਾ, ਸਾਬਕਾ ਵਿਧਾਇਕਾ ਰਣਜੀਤ ਸਿੰਘ ਵਰਿਆਮਨੰਗਲ, ਚੇਅਰਮੈਨ ਮਨਜੀਤ ਸਿੰਘ, ਸੁਖਵਿੰਦਰ ਸਿੰਘ ਗੋਲਡੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਚੇਅਰਮੈਨ ਕੁਲਬੀਰ ਸਿੰਘ ਮੱਤੇਵਾਲ, ਤਲੀਬਰ ਸਿੰਘ ਗਿੱਲ, ਜਥੇਦਾਰ ਮਗਵਿੰਦਰ ਸਿੰਘ ਖਾਪੜਖੇੜੀ, ਭਾਈ ਰਾਮ ਸਿੰਘ, ਗੁਰਜਿੰਦਰ ਸਿੰਘ ਢਪਈ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੈਂਬਰ ਬਲਾਕ ਸੰਮਤੀ ਸੁਖਦੀਪ ਸਿੰਘ ਸਿੱਧੂ, ਸਰਪੰਚ ਕਰਤਾਰ ਸਿੰਘ, ਸਰਵਣ ਸਿੰਘ ਰਾਮਦਿਵਾਲੀ, ਡਾ. ਮਨਜੀਤ ਸਿੰਘ ਭੋਮਾ, ਕੁਲਵਿੰਦਰ ਸਿੰਘ ਧਾਰੀਵਾਲ ਆਦਿ ਆਗੂ ਹਾਜ਼ਰ ਸਨ।
Indian News ਸਜ਼ਾਯਾਫ਼ਤਾ ਸਾਂਸਦਾਂ ਤੇ ਵਿਧਾਇਕਾਂ ਨੂੰ ਬਚਾਉਣ ਲਈ ਆਰਡੀਨੈਂਸ ਕਾਂਗਰਸ ਵਲੋਂ ਆਪਣੇ ਦਾਗੀ...