ਸੈਨੇਟ ‘ਚ ਆ ਸਕਦੀ ਹੈ ਮੁਸ਼ਕਿਲ, ਖੇਤੀ ਕਾਮਿਆਂ ਨੂੰ ਗਰੀਨ ਕਾਰਡ ਦੇਣ ਸਬੰਧੀ ਵੀ ਬਿੱਲ ਨੂੰ ਪ੍ਰਵਾਨਗੀ
ਸੈਕਰਾਮੈਂਟੋ, 19 ਮਾਰਚ (ਹੁਸਨ ਲੜੋਆ ਬੰਗਾ) – ਪ੍ਰਤੀਨਿਧ ਸਦਨ ਨੇ ਲੰਘੇ ਦਿਨ ਬਿਨਾਂ ਦਸਤਾਵੇਜ਼ ਰਹਿ ਰਹੇ ਪ੍ਰਵਾਸੀਆਂ ਨੂੰ ਨਾਗਰਿਕਤਾ ਦੇਣ ਵਾਸਤੇ ਢੰਗ ਤਰੀਕਾ ਤਿਆਰ ਕਰਨ ਲਈ ਇਕ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਪਰੰਤੂ ਸੈਨੇਟ ਵਿੱਚ ਅਸਲੀ ਪਰਖ ਹੋਵੇਗੀ ਜਿੱਥੇ ਬਿੱਲ ਨੂੰ ਪਾਸ ਕਰਨ ਲਈ ਰਿਪਬਲੀਕਨਾਂ ਦੀ ਹਮਾਇਤ ਜ਼ਰੂਰੀ ਹੋਵੇਗੀ। ਸੈਨੇਟ ਵਿੱਚ ਕਿਸੇ ਕਿਸਮ ਦਾ ਗਤੀਰੋਧ ਟਾਲਣ ਲਈ ਬਿੱਲ ਨੂੰ ਪਾਸ ਕਰਨ ਵਾਸਤੇ ਘੱਟੋ ਘੱਟ 10 ਰਿਪਬਲੀਕਨਾਂ ਦੀ ਲੋੜ ਪਵੇਗੀ। ‘ਅਮੈਰੀਕਨ ਡਰੀਮ ਐਂਡ ਪ੍ਰੌਮਿਸ ਐਕਟ’ 228-197 ਵੋਟਾਂ ਦੇ ਫ਼ਰਕ ਨਾਲ ਪਾਸ ਹੋਇਆ। ਇਸ ਬਿੱਲ ਤਹਿਤ ਤਕਰੀਬਨ 25 ਲੱਖ ਪ੍ਰਵਾਸੀਆਂ ਨੂੰ 10 ਸਾਲਾਂ ਵਾਸਤੇ ਸ਼ਰਤਾਂ ਤਹਿਤ ਸਥਾਈ ਤੌਰ ‘ਤੇ ਅਮਰੀਕਾ ਵਿੱਚ ਰਹਿਣ ਦੀ ਇਜਾਜ਼ਤ ਦੇਣ ਦੀ ਵਿਵਸਥਾ ਕੀਤੀ ਗਈ ਹੈ। ਪ੍ਰਵਾਸੀਆਂ ਨੂੰ ਕੁੱਝ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਪ੍ਰਵਾਸੀ 1 ਜਨਵਰੀ 2021 ਨੂੰ ਜਾਂ ਇਸ ਤੋਂ ਪਹਿਲਾਂ ਅਮਰੀਕਾ ਵਿੱਚ ਮੌਜੂਦ ਹੋਵੇ ਤੇ ਉਸ ਦੀ ਅਮਰੀਕਾ ਵਿੱਚ ਦਾਖਲ ਹੋਣ ਸਮੇਂ ਉਮਰ 18 ਸਾਲ ਜਾਂ ਇਸ ਤੋਂ ਘੱਟ ਹੋਵੇ। ਇਸ ਦੇ ਇਲਾਵਾ ਘਰੇਲੂ ਹਿੰਸਾ, ਸਰੀਰਕ ਸ਼ੋਸ਼ਣ ਜਾਂ ਮਨੁੱਖੀ ਤਸਕਰੀ ਵਰਗੇ ਅਪਰਾਧ ਵਿੱਚ ਦੋਸ਼ੀ ਕਰਾਰ ਨਾ ਦਿੱਤਾ ਗਿਆ ਹੋਵੇ। ਬਿੱਲ ਵਿੱਚ ਇਹ ਵੀ ਵਿਵਸਥਾ ਹੈ ਕਿ ਅਮਰੀਕਾ ਦਾ ਸ਼ਹਿਰੀ ਬਣਨ ਦੇ ਚਾਹਵਾਨ ਪ੍ਰਵਾਸੀ ਯੂਨੀਵਰਸਿਟੀ ਜਾਂ ਕਾਲਜ ਤੋਂ ਡਿਗਰੀ ਲੈ ਕੇ ਜਾਂ ਮਿਲਟਰੀ ਵਿੱਚ ਘੱਟੋ ਘੱਟ 2 ਸਾਲ ਸੇਵਾ ਕਰਕੇ ਸਥਾਈ ਵਾਸੀ ਦਾ ਰੁਤਬਾ ਪ੍ਰਾਪਤ ਕਰ ਸਕਦੇ ਹਨ। ਜੋਅ ਬਾਇਡੇਨ ਪ੍ਰਸ਼ਾਸਨ ਨੇ ਬਿੱਲ ਪੇਸ਼ ਕਰਨ ਤੋਂ ਪਹਿਲਾਂ ਇਕ ਟਵੀਟ ਵਿੱਚ ਸਦਨ ਦੇ ਸਾਰੇ ਮੈਂਬਰਾਂ ਨੂੰ ਇਸ ਦੇ ਹੱਕ ਵਿੱਚ ਵੋਟ ਪਾਉਣ ਦੀ ਬੇਨਤੀ ਕੀਤੀ ਸੀ। ਜਿਸ ਪ੍ਰਤੀ ਹੁੰਗਾਰਾ ਭਰਦਿਆਂ 9 ਰਿਪਬਲੀਕਨਾਂ ਨੇ ਬਿੱਲ ਦੇ ਹੱਕ ਵਿੱਚ ਵੋਟ ਪਾਈ। ਇੱਥੇ ਜ਼ਿਕਰਯੋਗ ਹੈ ਕਿ ਸਦਨ ਨੇ 2019 ਵਿੱਚ ਵੀ ਬਿੱਲ ਪਾਸ ਕੀਤਾ ਸੀ ਤੇ ਉਸ ਸਮੇਂ 7 ਰਿਪਬਲੀਕਨਾਂ ਨੇ ਬਿੱਲ ਦੇ ਹੱਕ ਵਿੱਚ ਵੋਟ ਪਾਈ ਸੀ ਪਰੰਤੂ ਰਿਪਬਲੀਕਨਾਂ ਦੀ ਬਹੁਮਤ ਵਾਲੀ ਸੈਨੇਟ ਵਿੱਚ ਇਹ ਬਿੱਲ ਪੇਸ਼ ਨਹੀਂ ਸੀ ਕੀਤਾ ਗਿਆ।
ਖੇਤੀ ਕਾਮਿਆਂ ਸਬੰਧੀ ਬਿੱਲ ਪਾਸ – ਸਦਨ ਨੇ ਇਕ ਹੋਰ ਬਿੱਲ ਪਾਸ ਕਰਕੇ ਸੈਨੇਟ ਨੂੰ ਭੇਜ ਦਿੱਤਾ ਹੈ। ਇਸ ਬਿੱਲ ਤਹਿਤ ਬਿਨਾਂ ਦਸਤਾਵੇਜ਼ਾਂ ਵਾਲੇ ਖੇਤੀ ਕਾਮਿਆਂ ਨੂੰ ਗਰੀਨ ਕਾਰਡ ਦੇਣ ਦੀ ਵਿਵਸਥਾ ਕੀਤੀ ਗਈ ਹੈ। ਇਹ ਬਿੱਲ 247-174 ਵੋਟਾਂ ਦੇ ਫ਼ਰਕ ਨਾਲ ਪਾਸ ਹੋਇਆ। 30 ਰਿਪਬਲੀਕਨਾਂ ਨੇ ਵੀ ਬਿੱਲ ਦੇ ਹੱਕ ਵਿੱਚ ਵੋਟ ਪਾਈ। ਇਸ ਬਿੱਲ ਤਹਿਤ ਉਹ ਕਾਮੇ ਪ੍ਰਮਾਣਿਤ ਖੇਤੀਬਾੜੀ ਵਰਕਰ ਦਾ ਆਰਜ਼ੀ ਰੁਤਬਾ ਹਾਸਲ ਕਰ ਸਕਦੇ ਹਨ ਜਿਨ੍ਹਾਂ ਨੇ ਪਿਛਲੇ 2 ਸਾਲਾਂ ਦੌਰਾਨ ਘੱਟੋ ਘੱਟ 180 ਦਿਨ ਖੇਤੀਬਾੜੀ ਕਾਮੇ ਵਜੋਂ ਕੰਮ ਕੀਤਾ ਹੋਵੇ। ਇਸ ਬਿੱਲ ਤਹਿਤ ਕਾਮੇ ਦੀ ਪਤਨੀ ਜਾਂ ਬੱਚੇ ਵੀ ਆਰਜ਼ੀ ਦਰਜੇ ਲਈ ਦਰਖਾਸਤ ਦੇ ਸਕਦੇ ਹਨ। ਇਸ ਬਿੱਲ ਤਹਿਤ ਖੇਤੀ ਕਾਮੇ 1000 ਡਾਲਰ ਦਾ ਜੁਰਮਾਨਾ ਭਰ ਕੇ ਤੇ ਖੇਤੀਬਾੜੀ ਵਿੱਚ ਲੰਬਾ ਸਮਾਂ ਕੰਮ ਕਰਕੇ ਗਰੀਨ ਕਾਰਡ ਹਾਸਲ ਕਰ ਸਕਦੇ ਹਨ। ਇਸ ਤੋਂ ਇਲਾਵਾ ਐਚ 2-ਏ ਵੀਜ਼ੇ ਜਾਰੀ ਕੀਤੇ ਜਾਣਗੇ ਜਿਸ ਤਹਿਤ ਵਿਦੇਸ਼ੀ ਕਾਮੇ ਆਰਜ਼ੀ ਤੌਰ ‘ਤੇ ਖੇਤੀਬਾੜੀ ਵਿੱਚ ਕੰਮ ਕਰਨ ਲਈ ਅਮਰੀਕਾ ਆ ਸਕਣਗੇ।
Home Page ਸਦਨ ਵੱਲੋਂ ਇਮੀਗ੍ਰੇਸ਼ਨ ਬਿੱਲ ਪਾਸ, ਦਸਤਾਵੇਜ਼ ਰਹਿਤ ਪ੍ਰਵਾਸੀਆਂ ਨੂੰ ਸ਼ਰਤਾਂ ਸਹਿਤ ਮਿਲੇਗਾ...