ਚੰਡੀਗੜ੍ਹ (ਏਜੰਸੀ) – ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਸਨਅਤਕਾਰਾਂ ਨੂੰ ਪਾਣੀ ਅਤੇ ਸੀਵਰੇਜ ਦੇ ਬਕਾਏ ਦੇ ਬਿਲ ਇਕ ਮਹੀਨੇ ਦੇ ਅੰਦਰ ਅੰਦਰ ਜਮ੍ਹਾਂ ਕਰਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ‘ਤੇ ਸਰਕਾਰ ਉਨ੍ਹਾਂ ਨੂੰ ਬਿਲ ਸਰਚਾਰਜ/ਜੁਰਮਾਨੇ ਸਮੇਤ ਜਮ੍ਹਾਂ ਕਰਵਾਉਣ ਲਈ ਦਬਾਅ ਪਾਏਗੀ।
ਪੰਜਾਬ ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਉਦਯੋਗ ਮੰਤਰੀ ਨੇ ਆਮ ਮੁਆਫੀ ਸਕੀਮ ਅਧੀਨ ਪਾਣੀ ਅਤੇ ਸੀਵਰੇਜ ਦੇ ਬਿਲਾਂ ਦੇ ਬਕਾਏ ‘ਤੇ 31 ਮਾਰਚ 2012 ਤੱਕ ਲਗਾਏ ਸਰਚਾਰਜ/ਜੁਰਮਾਨੇ ਨੂੰ ਮੁਆਫ ਕਰਨ ਦੇ ਹੁਕਮ ਜਾਰੀ ਕੀਤੇ ਸਨ ਜਿਸ ਕਾਰਨ ਕਈ ਸਨਅਤਕਾਰ ਬਕਾਏ ਮੁਆਫ ਹੋਣ ਦੀ ਉਮੀਦ ਵਿੱਚ ਆਪਣੇ ਬਕਾਇਆ ਬਿਲ ਜਮ੍ਹਾਂ ਨਹੀਂ ਕਰਵਾ ਸਕੇ ਸਨ ਪਰ ਹੁਣ ਮੰਤਰੀ ਵੱਲੋਂ ਸਨਅਤਕਾਰਾਂ ਨਾਲ ਕੀਤੀ ਮੀਟਿੰਗ ਦੌਰਾਨ ਉਨ੍ਹਾਂ ਨੇ 19 ਜੁਲਾਈ 2012 ਤੋਂ ਇਕ ਮਹੀਨੇ ਦੇ ਅੰਦਰ ਅੰਦਰ ਇਹ ਬਿਲ ਜਮ੍ਹਾਂ ਕਰਾਉਣ ਲਈ ਕਿਹਾ ਹੈ। ਮੰਤਰੀ ਨੇ ਇਸ ਦੌਰਾਨ ਬਕਾਇਆ ਬਿਲਾਂ ਨੂੰ ਯਕਮੁਕਤ ਜਮ੍ਹਾਂ ਕਰਾਉਣ ‘ਤੇ ਸਰਚਾਰਜ ਅਤੇ ਜੁਰਮਾਨੇ ਦੀ ਰਕਮ ਮੁਆਫ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਬੁਲਾਰੇ ਨੇ ਦੱਸਿਆ ਕਿ ਇਸ ਲਈ ਸਨਅਤਕਾਰ ਬਿੱਲਾਂ ਦੇ ਰਹਿੰਦੇ ਬਕਾਏ ਇਕ ਮਹੀਨੇ ਦੇ ਅੰਦਰ ਅੰਦਰ ਜਮ੍ਹਾਂ ਕਰਵਾਕੇ ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਦੇ ਹਨ।
Indian News ਸਨਅਤਕਾਰਾਂ ਨੂੰ ਪਾਣੀ ਤੇ ਸੀਵਰੇਜ ਦੇ ਬਕਾਏ ਜਮ੍ਹਾਂ ਕਰਾਉਣ ਦੀ ਹਦਾਇਤ