ਨਵੀਂ ਦਿੱਲੀ, 12 ਸਤੰਬਰ – ਇੱਥੋਂ ਦੇ ਹਸਪਤਾਲ ‘ਚ ਆਰਿਆ ਸਮਾਜੀ ਆਗੂ ਅਤੇ ਸਮਾਜਿਕ ਕਾਰਕੁਨ 81 ਸਾਲਾ ਸਵਾਮੀ ਅਗਨੀਵੇਸ਼ ਦਾ ਦੇਹਾਂਤ ਹੋ ਗਿਆ। ਬੀਤੇ ਦਿਨ ਸਵਾਮੀ ਅਗਨੀਵੇਸ਼ ਦੀ ਤਬੀਅਤ ਵਿਗੜ ਗਈ ਸੀ। ਉਨ੍ਹਾਂ ਦੇ ਕਈ ਅੰਗਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਸੀ। ਅਗਨੀਵੇਸ਼ ਨੂੰ ਗੁਰਦੇ ‘ਚ ਤਕਲੀਫ਼ ਮਗਰੋਂ ਲਿਵਰ ਅਤੇ ਬਾਇਲਰੀ ਸਾਇੰਸਿਜ਼ ਇੰਸਟੀਚਿਊਟ ‘ਚ ਮੰਗਲਵਾਰ ਨੂੰ ਦਾਖ਼ਲ ਕਰਵਾਇਆ ਗਿਆ ਸੀ। ਸਵਾਮੀ ਅਗਨੀਵੇਸ਼ ਉਸ ਸਮੇਂ ਤੋਂ ਹੀ ਵੈਂਟੀਲੇਟਰ ‘ਤੇ ਸਨ। ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਅਗਨੀਵੇਸ਼ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਸ਼ੁੱਕਰਵਾਰ ਸ਼ਾਮ 6.00 ਵਜੇ ਦੇ ਕਰੀਬ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਉਨ੍ਹਾਂ ਕਿਹਾ ਕਿ ਸਵਾਮੀ ਅਗਨੀਵੇਸ਼ ਨੂੰ ਮੁੜ ਹੋਸ਼ ‘ਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸ਼ਾਮ 6.30 ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਸਵਾਮੀ ਅਗਨੀਵੇਸ਼ ਹਮੇਸ਼ਾ ਚਰਚਾ ਵਿੱਚ ਰਹਿਣ ਵਾਲੇ ਅਤੇ ਸਮਾਜਕ ਮੁੱਦਿਆਂ ਉੱਤੇ ਖੁੱਲ ਕੇ ਆਪਣੀ ਰਾਏ ਰੱਖਣ ਵਾਲਿਆਂ ਵਿਚੋਂ ਸਨ। ਅਗਨੀਵੇਸ਼ ਨੇ 1970 ਵਿੱਚ ਆਰਿਆ ਸਭਾ ਨਾਮ ਦੀ ਇੱਕ ਰਾਜਨੀਤਕ ਪਾਰਟੀ ਬਣਾਈ ਸੀ। 1977 ਵਿੱਚ ਉਹ ਹਰਿਆਣਾ ਵਿਧਾਨ ਸਭਾ ਵਿੱਚ ਵਿਧਾਇਕ ਚੁਣੇ ਗਏ ਅਤੇ ਹਰਿਆਣਾ ਸਰਕਾਰ ਵਿੱਚ ਸਿੱਖਿਆ ਮੰਤਰੀ ਵੀ ਰਹੇ ਸਨ। 1981 ਵਿੱਚ ਉਨ੍ਹਾਂ ਨੇ ਬੰਧੂਆ ਮੁਕਤੀ ਮੋਰਚਾ ਨਾਮ ਦੇ ਸੰਗਠਨ ਦੀ ਸਥਾਪਨਾ ਕੀਤੀ ਸੀ।
ਸਵਾਮੀ ਅਗਨੀਵੇਸ਼ ਨੇ 2011 ਵਿੱਚ ਅੰਨਾ ਹਜ਼ਾਰੇ ਦੀ ਅਗੁਆਈ ਵਾਲੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਵਿੱਚ ਵੀ ਹਿੱਸਾ ਲਿਆ ਸੀ। ਸਵਾਮੀ ਅਗਨੀਵੇਸ਼ ਨੇ ਰਿਐਲਿਟੀ ਸ਼ੋਅ ‘ਬਿੱਗ ਬਾਸ’ ਵਿੱਚ ਵੀ ਹਿੱਸਾ ਲਿਆ ਸੀ। ਉਹ 8 ਤੋਂ 11 ਨਵੰਬਰ ਦੇ ਦੌਰਾਨ ਤਿੰਨ ਦਿਨ ਲਈ ‘ਬਿੱਗ ਬਾਸ’ ਦੇ ਘਰ ਵਿੱਚ ਵੀ ਰਹੇ ਸਨ।
Home Page ਸਮਾਜਿਕ ਕਾਰਕੁਨ ਸਵਾਮੀ ਅਗਨੀਵੇਸ਼ ਦਾ ਦੇਹਾਂਤ