ਕੇਵੜੀਆ (ਗੁਜਰਾਤ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 31 ਅਕਤੂਬਰ ਦਿਨ ਬੁੱਧਵਾਰ ਨੂੰ ਸਰਦਾਰ ਵੱਲਭਭਾਈ ਪਟੇਲ ਦਾ 182 ਮੀਟਰ ਉੱਚਾ ਬੁੱਤ ਲੋਕਾਂ ਨੂੰ ਸਮਰਪਿਤ ਕੀਤਾ। ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਸ੍ਰੀ ਪਟੇਲ ਦਾ ਇਹ ਬੁੱਤ ਦੁਨੀਆ ਦੀ ਸਭ ਤੋਂ ਉੱਚੀ ਯਾਦਗਾਰ ਹੈ। ਗੁਜਰਾਤ ਦੇ ਨਰਮਦਾ ਜ਼ਿਲ੍ਹੇ ‘ਚ ਸਰਦਾਰ ਸਰੋਵਰ ਡੈਮ ਨੇੜੇ ਸਾਧੂ ਬੇਟ ‘ਤੇ ਬਣੇ ਇਸ ਬੁੱਤ ਨੂੰ ‘ਸਟੈਚੂ ਆਫ਼ ਯੂਨਿਟੀ’ ਦਾ ਨਾਮ ਦਿੱਤਾ ਗਿਆ ਹੈ ਅਤੇ ਇਸ ਦੀ ਉਚਾਈ ਅਮਰੀਕਾ ‘ਚ ‘ਸਟੈਚੂ ਆਫ਼ ਲਿਬਰਟੀ’ ਤੋਂ ਦੁੱਗਣੀ ਅਤੇ ਇਹ ਚੀਨ ਦੇ 153 ਮੀਟਰ ਬੌਧ ਮੰਦਿਰ ਤੋਂ ਵੱਡਾ ਹੈ। ਸ੍ਰੀ ਮੋਦੀ ਨੇ ਗੁਜਰਾਤ ਦਾ ਮੁੱਖ ਮੰਤਰੀ ਰਹਿੰਦਿਆਂ ਇਸ ਯਾਦਗਾਰ ਦਾ 2013 ‘ਚ ਨੀਂਹ ਪੱਥਰ ਰੱਖਿਆ ਸੀ। ਬੁੱਤ ਦਾ ਨਿਰਮਾਣ 2989 ਕਰੋੜ ਦੀ ਲਾਗਤ ਨਾਲ ਕੀਤਾ ਗਿਆ ਹੈ ਜਿਸ ਦਾ ਆਧਾਰ 25 ਮੀਟਰ ਹੈ। ਜ਼ਿਕਰਯੋਗ ਹੈ ਕਿ ਆਜ਼ਾਦ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸ੍ਰੀ ਪਟੇਲ ਨੇ 550 ਰਿਆਸਤਾਂ ਦਾ ਭਾਰਤ ‘ਚ ਰਲੇਵਾਂ ਕੀਤਾ ਸੀ। ਸ੍ਰੀ ਪਟੇਲ ਦੀ 143ਵੀਂ ਵਰ੍ਹੇਗੰਢ ਮੌਕੇ ਹੋਏ ਸਮਾਗਮ ਵਿੱਚ ਗੁਜਰਾਤ ਦੇ ਰਾਜਪਾਲ ਓ. ਪੀ. ਕੋਹਲੀ, ਮੁੱਖ ਮੰਤਰੀ ਵਿਜੇ ਰੂਪਾਨੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਸਮੇਤ ਹੋਰ ਕਈ ਆਗੂਆਂ ਨੇ ਹਾਜ਼ਰੀ ਭਰੀ। ਸ੍ਰੀ ਮੋਦੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ, “ਸਰਦਾਰ ਦਾ ਬੁੱਤ ਏਕਤਾ ਦਾ ਸੂਤਰ ਹੈ ਅਤੇ ਸਾਨੂੰ ਮੁਲਕ ਨੂੰ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦਾ ਸੁਪਨਾ ਲੈ ਕੇ ਅੱਗੇ ਵਧਣਾ ਚਾਹੀਦਾ ਹੈ”। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਕੇਂਦਰ ਸਰਕਾਰ ਨੇ ਡਾਕਟਰ ਬੀ. ਆਰ. ਅੰਬੇਦਕਰ ਅਤੇ ਸ਼ਿਆਮਜੀ ਕ੍ਰਿਸ਼ਨ ਵਰਮਾ ਸਮੇਤ ਕਈ ਹਸਤੀਆਂ ਦੀਆਂ ਯਾਦਗਾਰਾਂ ਸਥਾਪਤ ਕੀਤੀਆਂ ਹਨ। ਉਨ੍ਹਾਂ ਮੁੰਬਈ ‘ਚ ਛਤਰਪਤੀ ਸ਼ਿਵਾਜੀ ਦੇ ਬੁੱਤ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਸਮਰਪਿਤ ਅਜਾਇਬਘਰ ਸਮੇਤ ਹੋਰ ਬਣ ਰਹੀਆਂ ਯਾਦਗਾਰਾਂ ਵੀ ਗਿਣਾਈਆਂ।
Home Page ਸਰਦਾਰ ਪਟੇਲ ਦਾ ‘ਸਟੈਚੂ ਆਫ਼ ਯੂਨਿਟੀ’ ਲੋਕ ਅਰਪਣ