ਸਰਨਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੀ ਗੁਮਸ਼ੁਦਗੀ ਨੂੰ ਕਲੀਨ ਚਿੱਟ ਦੇਣਾ ਪੰਥ ਨਾਲ ਵੱਡਾ ਧ੍ਰੋਹ – ਇੰਦਰ ਮੋਹਨ ਸਿੰਘ

ਦਿੱਲੀ, 10 ਅਕਤੂਬਰ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ‘ਤੇ ਦਸ਼ਮੇਸ਼ ਸੇਵਾ ਸੁਸਾਇਟੀ (ਰਜਿ:) ਦੇ ਪ੍ਰਧਾਨ ਇੰਦਰ ਮੋਹਨ ਸਿੰਘ ਨੇ ਬੀਤੇ ਕੱਲ ਸ਼੍ਰੋਮਣੀ ਅਕਾਲੀ ਦਲ ਬਾਦਲ ਧੜ੍ਹੇ ਦੇ ਨਵੇਂ ਨਿਯੁਕਤ ਕੀਤੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੀ ਗੁਮਸ਼ੁਦਗੀ ਨੂੰ ਕਲੀਨ ਚਿੱਟ ਦੇਣ ਨੂੰ ਪੰਥ ਨਾਲ ਵੱਡਾ ਧ੍ਰੋਹ ਕਰਾਰ ਦਿੱਤਾ ਹੈ। ਉਨ੍ਹਾਂ ਦਸਿਆ ਕਿ ਸ. ਸਰਨਾ ਨੇ ਆਪਣੀ ਕੁਰਸੀ ਦੀ ਖਾਤਿਰ ਇਹਨਾਂ ਪਾਵਨ ਸਰੂਪਾਂ ਦੀ ਗੁਮਸ਼ੁਦਗੀ ਨੂੰ ਕੇਵਲ ਕਰਲਕ ਦੀ ਗਲਤੀ ਦੱਸ ਦੇ ਆਪਣਾ ਪੱਲਾ ਝਾੜ੍ਹਦਿਆਂ ਬਾਦਲ ਧੜ੍ਹੇ ਨੂੰ ਪਾਕ-ਸਾਫ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦਕਿ ਇਹੀ ਸਰਨਾ ਭਰਾ ਦਹਾਕਿਆਂ ਤੋਂ ਬਾਦਲ ਪਰਿਵਾਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਵਰੂਪ ਦੀ ਗੁਮਸ਼ੁਦਗੀ ਤੋਂ ਇਲਾਵਾ ਬਰਗਾੜ੍ਹੀ ਕਾਂਡ, ਸੋਧਾ ਸਾਧ ਰਾਮ ਰਹੀਮ ਦੀ ਮਾਫੀ ਦਾ ਦੋਸ਼ੀ ਮੰਨ ਕੇ ਭੰਡਣ ‘ਚ ਕੋਈ ਕਸਰ ਨਹੀ ਛੱਡ ਰਹੇ ਸਨ। ਇੰਦਰ ਮੋਹਨ ਸਿੰਘ ਨੇ ਹੈਰਾਨਕੁੰਨ ਹੁੰਦਿਆ ਕਿਹਾ ਕਿ ਅਜ ੨੩ ਸਾਲਾਂ ਬਾਅਦ ਸਰਨਾ ਭਰਾਵਾਂ ਨੂੰ ਐਸਾ ਕਿਹੜ੍ਹਾ ਮੋਹ ਜਾਗਿਆ ਹੈ ਕਿ ਉਨ੍ਹਾਂ ਨੇ ਆਪਣੀ ਪਾਰਟੀ ਦੀ ਹੋਂਦ ਨੂੰ ਖਤਮ ਕਰਕੇ ਬਾਦਲ ਪਰਿਵਾਰ ਦੇ ਅਧੀਨ ਕੰਮ ਕਰਨ ਦਾ ਫੈਸਲਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਉਂ ਜਾਪਦਾ ਹੈ ਕਿ ਸੁਖਬੀਰ ਸਿੰਘ ਬਾਦਲ ‘ਤੇ ਸਰਨਾ ਭਰਾਵਾਂ ਦੋਹਾਂ ਪਾਸ ਆਪਣੀ ਖਤਮ ਹੋ ਚੁਕੀ ਸਿਆਸੀ ਹੋਂਦ ਨੂੰ ਬਚਾਉਣ ਲਈ ਆਪਸ ‘ਚ ਹੱਥ ਮਿਲਾਉਣ ਤੋਂ ਇਲਾਵਾ ਕੋਈ ਦੂਜਾ ਰਸਤਾ ਨਹੀ ਸੀ, ਹਾਲਾਂਕਿ ਸ. ਸਰਨਾ ਨੇ ਇਹ ਕਦਮ ਚੁੱਕ ਕੇ ਆਪਣੇ ਪਾਰਟੀ ਦੇ ਕਾਰਕੁੰਨਾਂ ਨਾਲ ਵਿਸ਼ਵਾਸਘਾਤ ਕੀਤਾ ਹੈ ਕਿਉਂਕਿ ਉਨ੍ਹਾਂ ਦੇ ਪਾਰਟੀ ਵਰਕਰ ਬਾਦਲਾਂ ਦੇ ਪੰਥ ਵਿਰੋਧੀ ਕਾਰਗੁਜਾਰੀਆਂ ਦੇ ਖਿਲਾਫ ਆਵਾਜ ਚੁੱਕਣ ਲਈ ਸਰਨਾ ਭਰਾਵਾ ਦਾ ਸਾਥ ਦਿੰਦੇ ਆ ਰਹੇ ਸਨ।
ਇੰਦਰ ਮੋਹਨ ਸਿੰਘ ਨੇ ਸਰਨਾ ਭਰਾਵਾਂ ਵਲੋਂ ਇਸ ਸਮਾਗਮ ਨੂੰ ਪੰਥਕ ਏਕਤਾ ਕਰਾਰ ਦੇਣ ‘ਤੇ ਪਲਟਵਾਰ ਕਰਦਿਆਂ ਸਵਾਲ ਕੀਤਾ ਹੈ ਕਿ ਸਰਨਾ ਭਰਾਵਾਂ ਵਲੋਂ ਬਾਦਲ ਦਲ ਨਾਲ ਗਲਵੱਕੜ੍ਹੀ ਪਾਉਣ ਨਾਲ ਕੀ ਬਾਦਲ ਪਰਿਵਾਰ ਦਹਾਕਿਆਂ ਤੋਂ ਲੱਗ ਰਹੇ ਦੋਸ਼ਾਂ ਤੋਂ ਪੂਰੀ ਤਰ੍ਹਾਂ ਨਾਲ ਮੁਕਤ ਹੋ ਗਿਆ ਹੈ ਜਾਂ ਸਰਨਾ ਭਰਾਵਾਂ ਨੇ ਆਪਣੇ ਨਿਜੀ ਮੁਫਾਦਾਂ ਲਈ ਪੰਥ ਨੂੰ ਛਿੱਕੇ ਤੇ ਟੰਗ ਦਿਤਾ ਹੈ ‘ਤੇ ਕੀ ਹੁਣ ਤੱਕ ਸਰਨਾ ਭਰਾ ਕੁਰਸੀ ਹਾਸਿਲ ਕਰਨ ਲਈ ਸਿਆਸੀ ਡਰਾਮੇ ਕਰ ਰਹੇ ਸਨ ? ਇੰਦਰ ਮੋਹਨ ਸਿੰਘ ਨੇ ਕਿਹਾ ਕਿ ਸਰਨਾ ਭਰਾਵਾਂ ਵਲੋਂ ਸੁਖਬੀਰ ਸਿੰਘ ਬਾਦਲ ਦੀ ਅਗੁਵਾਈ ਹੇਠ ਚੱਲ ਰਹੀ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਇਕਾਈ ਦੇ ਪ੍ਰਧਾਨ ਦਾ ਅਹੁਦਾ ਸਵੀਕਾਰ ਕਰਕੇ ਆਪਣਾ ਸਿਆਸੀ ਸਫਰ ਪੂਰੀ ਤਰ੍ਹਾਂ ਨਾਲ ਖਤਮ ਕਰ ਲਿਆ ਹੈ ‘ਤੇ ਆਪਣੇ ਨਿਜੀ ਮੁਫਾਦਾ ਲਈ ਆਪਣੇ ਪੰਥਕ ਏਜੰਡਿਆਂ ਨੂੰ ਦਰਕਿਨਾਰ ਕਰਨ ਦੀ ਹਿਮਾਕਤ ਕੀਤੀ ਹੈ ਜਿਸ ਨਾਲ ਆਉਣ ਵਾਲੇ ਸਮੇਂ ਉਹਨਾਂ ਨੂੰ ਭਾਰੀ ਕੀਮਤ ਅਦਾ ਕਰਨੀ ਪੈ ਸਕਦੀ ਹੈ।
ਇੰਦਰ ਮੋਹਨ ਸਿੰਘ, ਸਾਬਕਾ ਮੈੰਬਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰੁਦੁਆਰਾ ਮਾਮਲਿਆਂ ਦੇ ਜਾਣਕਾਰ
ਮੋਬਾਇਲ: 0091 99715 64801