ਸਵੇਜ਼ ਨਹਿਰ ‘ਚ ਫਸਿਆ ਜਹਾਜ਼ ਕੱਢਿਆ, ਖੁੱਲ੍ਹ ਗਿਆ ਦੁਨੀਆ ਦਾ ਅਹਿਮ ਜਲ ਮਾਰਗ

ਸਵੇਜ਼ (ਮਿਸਰ), 30 ਮਾਰਚ – ਸੁਵੇਜ਼ ਨਹਿਰ ਵਿੱਚ ਫਸੇ ਵਿਸ਼ਾਲ ਸਮੁੰਦਰੀ ਮਾਲ ਵਾਹਕ ਜਹਾਜ਼ ਨੂੰ ਆਖ਼ਰਕਾਰ 29 ਮਾਰਚ ਦਿਨ ਸੋਮਵਾਰ ਨੂੰ ਬਾਹਰ ਕੱਢ ਲਿਆ ਗਿਆ। ਇਸ ਨਾਲ ਦੁਨੀਆ ਦੇ ਮਹੱਤਵਪੂਰਨ ਜਲ ਮਾਰਗ ‘ਤੇ ਛਾਇਆ ਸੰਕਟ ਖ਼ਤਮ ਹੋ ਗਿਆ। ਜਹਾਜ਼ ਫਸਣ ਕਾਰਨ ਰੋਜ਼ ਅਰਬਾਂ ਡਾਲਰ ਦਾ ਨੁਕਸਾਨ ਹੋ ਰਿਹਾ ਸੀ। ਰੇਤਲੇ ਤੱਟ ‘ਤੇ ‘ਐਵਰ ਗਿਵੇਨ’ ਨਾਮ ਦੇ ਸਮੁੰਦਰੀ ਜਹਾਜ਼ ਨੂੰ ਬਾਹਰ ਕੱਢਣ ਲਈ ਕਈ ‘ਟੱਗਬੋਟ’ ਵਰਤੇ ਗਏ।
ਗੌਰਤਲਬ ਹੈ ਕਿ ਕਰੀਬ ਇੱਕ ਹਫ਼ਤੇ ਤੱਕ ਸੁਵੇਜ਼ ਨਹਿਰ ਵਿੱਚ ਫਸੇ ਰਹੇ ਜਹਾਜ਼ ਨੂੰ ਆਖ਼ਿਰਕਾਰ ਆਜ਼ਾਦ ਕਰਾ ਲਿਆ ਗਿਆ। ਇਸ ਜਹਾਜ਼ ਨੇ ਦੁਨੀਆ ਦੇ ਸਭ ਤੋਂ ਵਿਅਸਤ ਕਮਰਸ਼ਲ ਰਸਤਿਆਂ ਵਿੱਚੋਂ ਇੱਕ ਨੂੰ ਬੰਦ ਕਰ ਰੱਖਿਆ ਸੀ ਅਤੇ ਇਸ ਲਈ ਇਹ ਪੂਰਾ ਮਾਮਲਾ ਕਾਫ਼ੀ ਚਰਚਿਤ ਰਿਹਾ।
ਦਰਅਸਲ, ਇਸ ਜਹਾਜ਼ ਦਾ ਪੂਰਾ ਸਟਾਫ਼ ਭਾਰਤੀ ਸੀ। ਇਸ ਉੱਤੇ ਸਵਾਰ 25 ਕਰੂ ਮੈਂਬਰ ਭਾਰਤ ਦੇ ਸਨ। ਤੁਹਾਨੂੰ ਦੱਸਦੀਏ ਕਿ ਏਸ਼ੀਆ ਅਤੇ ਯੂਰੋਪ ਦੇ ਵਿੱਚ ਮਾਲ ਲੈ ਕੇ ਜਾਣ ਵਾਲਾ, ਪਨਾਮਾ ਦੇ ਝੰਡੇ ਵਾਲਾ ‘ਐਵਰ ਗਿਵੇਨ’ (Ever Given) ਨਾਮਕ ਮਾਲ ਵਾਹਕ ਜਹਾਜ਼ 23 ਮਾਰਚ ਦਿਨ ਮੰਗਲਵਾਰ ਨੂੰ ਸਵੇਜ਼ ਨਹਿਰ ਵਿੱਚ ਫਸ ਗਿਆ ਸੀ। ਇਸ ਨਾਲ ਸਵੇਜ਼ ਨਹਿਰ ਦੇ ਦੋਵੇਂ ਪਾਸੇ ਸਮੁੰਦਰ ਵਿੱਚ ਜਾਮ ਲੱਗ ਗਿਆ ਸੀ ਅਤੇ 350 ਤੋਂ ਜ਼ਿਆਦਾ ਮਾਲ ਵਾਹਕ ਜਹਾਜ਼ ਫਸ ਗਏ ਸਨ। 193.3 ਕਿੱਲੋਮੀਟਰ ਲੰਮੀ ਸਵੇਜ਼ ਨਹਿਰ ਭੂਮਧਿਅ ਸਾਗਰ ਨੂੰ ਲਾਲ ਸਾਗਰ ਨਾਲ ਜੋੜ ਦੀ ਹੈ ਅਤੇ ਏਸ਼ੀਆ ਤੇ ਯੂਰੋਪ ਵਿਚਾਲੇ ਚੱਲਦਾ ਹੈ। ਇਸ ਰਸਤੇ ਤੋਂ ਦੁਨੀਆ ਦੇ ਕਰੀਬ 30% ਸ਼ਿਪਿੰਗ ਕਨਟੇਨਰ ਲੰਘਦੇ ਹਨ। ਪੂਰੀ ਦੁਨੀਆ ਦੇ 12% ਸਾਮਾਨ ਦੀ ਢੁਆਈ ਵੀ ਇਸ ਨਹਿਰ ਦੇ ਜ਼ਰੀਏ ਹੁੰਦੀ ਹੈ।