ਅਲਾਹਾਬਾਦ – ਇੱਥੇ 14 ਜਨਵਰੀ ਦਿਨ ਮੰਗਲਵਾਰ ਨੂੰ ਗੰਗਾ ਨਦੀ ਦੇ ਕਿਨਾਰਿਆਂ ਉੱਤੇ ਵੱਖ-ਵੱਖ ਕੌਮਾਂ ਤੇ ਧਰਮਾਂ ਦੇ ਸ਼ਰਧਾਲੂਆਂ ਨੇ ਗੰਗਾ ਨਦੀ ਦੇ ਪਵਿੱਤਰ ਪਾਣੀ ਵਿੱਚ ਚੁੱਭੀ ਲਗਾਈ, ਜਿਸ ਨਾਲ ਦੁਨੀਆ ਦਾ ਸਭ ਤੋਂ ਵੱਡਾ ਮੇਲਾ ‘ਮਹਾਂਕੁੰਭ’ ਸ਼ੁਰੂ ਹੋ ਗਿਆ। ਦੇਸ਼ ਦੇ ਕੋਨੇ-ਕੋਨੇ ਅਤੇ ਵਿਦੇਸ਼ਾਂ ਤੋਂ ਆਏ ਲੱਖਾਂ ਲੋਕਾਂ ਨੇ ਮਕਰ ਸਕਰਾਂਤੀ ਮੌਕੇ ‘ਗੰਗਾ ਮਈਆ’ ਵਿੱਚ ਚੁੱਭੀ ਮਾਰ ਕੇ ਆਪਣੇ ਪਾਪ ਬਖ਼ਸ਼ਾਉਣ ਦੀ ਮੰਨਤ ਪੂਰੀ ਕੀਤੀ।
ਇਸ ਮਹਾਂਕੁੰਭ ਦੇ ਮੇਲੇ ਵਿੱਚ ਸਭ ਤੋਂ ਪਹਿਲਾਂ 13 ਅਖਾੜਿਆਂ ਦੇ ਸਾਧੂਆਂ ਨੇ ‘ਸ਼ਾਹੀ ਇਸ਼ਨਾਨ’ ਕੀਤਾ। ਇਨ੍ਹਾਂ ਵਿੱਚ ਕਾਫੀ ਨਾਗਾ ਸਾਧੂ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਕਈਆਂ ਨੇ ਸਰੀਰ ‘ਤੇ ਮਿੱਟੀ ਜਾਂ ਸਵਾਹ ਮਲੀ ਹੋਈ ਸੀ। ਇਨ੍ਹਾਂ ਅਖਾੜਿਆਂ ਨੇ ਅੱਜ ਹਾਥੀਆਂ, ਘੋੜਿਆਂ ਤੇ ਰਥਾਂ ‘ਤੇ ਸਵਾਰ ਹੋ ਕੇ ਸੰਗਮ ਵੱਲ ਮਾਰਚ ਕੀਤਾ। ਸਭ ਤੋਂ ਅੱਗੇ ਮਹਾ ਨਿਰਵਾਨੀ ਅਖਾੜਾ ਸੀ। ਇਸ ਤੋਂ ਬਾਅਦ ਅਟਾਲ ਅਖਾੜਾ, ਨਿਰੰਜਨੀ, ਅਨੰਦ, ਜੂਨਾ, ਅਵਾਹਨ ਤੇ ਅਗਨੀ ਅਖਾੜੇ ਸਨ। ਇਸ ਤੋਂ ਬਾਅਦ ਨਿਰਵਾਨੀ ਅਨੀ, ਦਿਗੰਭਰ ਅਨੀ, ਨਿਰਮੋਹੀ, ਨਯਾ ਉਦਾਸੀਨ, ਬਾਗ ਉਦਾਸੀਨ ਤੇ ਨਿਰਮਲ ਅਖਾੜਿਆਂ ਦੀ ਵਾਰੀ ਸੀ। ਇਹ ਤਰਤੀਬ ਬੰਦੀ ਬਰਤਾਨਵੀ ਸ਼ਾਸਨ ਕਾਲ ਤੋਂ ਹੀ ਚੱਲੀ ਆ ਰਹੀ ਹੈ। ਇਸ਼ਨਾਨ ਨੂੰ ਲੈ ਕੇ ਸਾਧੂਆਂ ਵਿਚਾਲੇ ਹੋਈ ਹਿੰਸਾ ਤੋਂ ਬਾਅਦ ਇਹ ਪ੍ਰਬੰਧ ਕੀਤਾ ਗਿਆ ਹੈ।
ਸਾਰੇ ਅਖਾੜਿਆਂ ਨੂੰ ਸ਼ਰਧਾਲੂਆਂ ਦੀ ਗਿਣਤੀ ਮੁਤਾਬਕ ਅੱਧੇ ਘੰਟੇ ਤੋਂ ਘੰਟੇ ਤੱਕ ਸਮਾਂ ਦਿੱਤਾ ਗਿਆ ਤਾਂ ਜੋ ਉਹ ਵੱਖ-ਵੱਖ ਆਪਣੀਆਂ ਰਸਮਾਂ ਪੂਰੀਆਂ ਤੇ ਇਸ਼ਨਾਨ ਕਰ ਸਕਣ। ਸਵੇਰੇ ੬ ਵਜੇ ਸ਼ਾਹੀ ਇਸ਼ਨਾਨ ਸ਼ੁਰੂ ਹੋਇਆ। ਇਸ ਨੂੰ ਵੇਖਣ ਲਈ ਵੱਡੀ ਗਿਣਤੀ ਸ਼ਰਧਾਲੂ ਦਰਿਆ ਦੇ ਦੋਵੇਂ ਪਾਸੇ ਇਕੱਠੇ ਹੋਏ ਸਨ। ਇਸ ਵਾਰ ਸ਼ੁਰੂ ਹੋਇਆ ਮਹਾਂਕੁੰਭ 10 ਮਾਰਚ ਨੂੰ ਮਹਾ ਸ਼ਿਵਰਾਤਰੀ ਮੌਕੇ ਖਤਮ ਹੋਵੇਗਾ।
ਮਹਾਂਕੁੰਭ ਮੇਲੇ ਵਿੱਚ ਸ਼ਰਧਾਲੂਆਂ ਆਮਦ ਨੂੰ ਵੇਖ ਕੇ ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਵਾਰ 2001 ਦੇ ਹੋਏ ਮਹਾਂਕੁੰਭ ਮੇਲੇ ਨਾਲੋਂ 10 ਫੀਸਦੀ ਜ਼ਿਆਦਾ ਸ਼ਰਧਾਲੂ ਦੇ ਆਉਣ ਦੀ ਆਸ ਹੈ। ਸੂਤਰਾਂ ਅਨੁਸਾਰ 10 ਫਰਵਰੀ ਨੂੰ ਮੋਨੀ ਅਮਾਵਸ ਨੂੰ 3 ਕਰੋੜ ਤੇ 15 ਫਰਵਰੀ ਨੂੰ ਬਸੰਤ ਪੰਚਮੀ ‘ਤੇ 1.9 ਕਰੋੜ ਸ਼ਰਧਾਲੂ ਦੇ ਪਹੁੰਚਣ ਦੀ ਆਸ ਹੈ। ਜ਼ਿਕਰਯੋਗ ਹੈ ਕਿ ਕੁੰਭ ਦਾ ਮੇਲਾ 12 ਵਰ੍ਹਿਆਂ ਬਾਅਦ ਆਉਂਦਾ ਹੈ ਤੇ ਲਗਭਗ ਦੋ ਮਹੀਨੇ ਤੱਕ ਚੱਲਦਾ ਹੈ।
Indian News ਸ਼ਾਹੀ ਇਸ਼ਨਾਨ ਨਾਲ ਮਹਾਂਕੁੰਭ ਮੇਲਾ ਆਰੰਭ