ਨਵੀਂ ਦਿੱਲੀ – ੧੬, ਅਕਤੂਬਰ ਦਿਨ ਮੰਗਲਵਾਰ ਨੂੰ ਦਿੱਲੀ ਗੁਰਦੁਆਰਾ ਐਕਟ ਵਿੱਚ ਸੋਧ ਕਰਕੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਸਿਧੀ ਚੋਣ ਮਤਦਾਤਾਵਾਂ ਰਾਹੀਂ ਕਰਵਾਉਣ ਅਤੇ ਪ੍ਰਧਾਨ ਦੇ ਅਹੁਦੇ ਦੀ ਮਿਆਦ ਚਾਰ ਸਾਲ ਕਰਨ ਦਾ ਜੋ ਫੈਸਲਾ ਦਿੱਲੀ ਸਰਕਾਰ ਵਲੋਂ ਕੀਤਾ ਗਿਆ ਹੈ, ਉਹ ਇਕ ਇਤਿਹਾਸਕ ਫੈਸਲਾ ਹੈ, ਜੋ ਪੁਰਾਣੇ ਸਿਸਟਮ ਦੀਆਂ ਕਈ ਕਮਜ਼ੋਰੀਆਂ ਨੂੰ ਦੂਰ ਕਰਨ ਵਿੱਚ ਮਦਦਗਾਰ ਹੋਵੇਗਾ।
ਸ਼੍ਰੀਮਤੀ ਸ਼ੀਲਾ ਦੀਕਸ਼ਤ ਮੁਖ ਮੰਤਰੀ ਦਿੱਲੀ ਨੇ ਇਥੇ ਆਪਣੇ ਨਿਵਾਸ ਤੇ ਜੁੜੇ ਸਿੱਖਾਂ ਦੇ ਭਾਰੀ ਇਕਠ…….. ਨੂੰ ਸੰਬੋਧਨ ਕਰਦਿਆਂ ਇਹ ਵਿਚਾਰ ਪ੍ਰਗਟ ਕੀਤੇ। ਦਿੱਲੀ ਗੁਰਦੁਆਰਾ ਐਕਟ ਵਿੱਚ ਕੀਤੀਆਂ ਗਈਆਂ ਉਪ੍ਰੋਕਤ ਇਤਿਹਾਸਕ ਸੋਧਾਂ ਲਈ ਮੁਖ ਮੰਤਰੀ ਸ਼੍ਰੀਮਤੀ ਸ਼ੀਲਾ ਦੀਕਸ਼ਤ ਦਾ ਧੰਨਵਾਦ ਕਰਨ ਲਈ ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਅਗਵਾਈ ਵਿਚ ਸਿੱਖਾਂ ਦਾ ਇਕ ਵਡਾ ਕਾਫਲਾ ਬਸਾਂ ਅਤੇ ਕਾਰਾਂ ਰਾਹੀਂ ਸ਼੍ਰੀਮਤੀ ਸ਼ੀਲਾ ਦੀਕਸ਼ਤ ਦੇ ਨਿਵਾਸ ਤੇ ਪੁਜਾ।
ਸ਼੍ਰੀਮਤੀ ਸ਼ੀਲਾ ਦੀਕਸ਼ਤ ਨੇ ਕਿਹਾ ਕਿ ਇਹ ਸੋਧਾਂ ਇਕ ਅਜਿਹਾ ਇਤਿਹਾਸਕ ਫੈਸਲਾ ਹੈ ਜਿਸ ਦੀਆਂ ਪ੍ਰਾਪਤੀਆਂ ਦੂਜਿਆਂ ਨੂੰ ਵੀ ਇਸੇ ਰਾਹ ਤੇ ਚਲਣ ਲਈ ਪ੍ਰੇਰਤ ਕਰਨਗੀਆਂ। ਉਨ੍ਹਾਂ ਦਸਿਆ ਕਿ ਇਹ ਸੋਧਾਂ ਉਨ੍ਹਾਂ ਦੀ ਕੇਬੀਨੇਟ ਵਲੋਂ ਪਾਸ ਕਰ ਦਿਤੀਆਂ ਗਈਆਂ ਹਨ, ਵਿਧਾਨ ਸਭਾ ਦੇ ਅਗਲੇ ਇਜਲਾਸ ਵਿੱਚ ਇਸ ਦੀ ਪ੍ਰਵਾਨਗੀ ਲੈ ਕੇ ਇਸ ਨੂੰ ਕਾਨੂੰਨੀ ਰੂਪ ਦੇਣ ਦੀ ਅਗਲੀ ਕਾਰਵਾਈ ਪੂਰੀ ਕੀਤੀ ਜਾਇਗੀ। ਉਨ੍ਹਾਂ ਭਰੋਸਾ ਦੁਆਇਆ ਕਿ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਅਗਲੀਆਂ ਚੋਣਾਂ ਇਨ੍ਹਾਂ ਸੋਧਾਂ ਦੇ ਆਧਾਰ ‘ਤੇ ਹੀ ਹੋਣਗੀਆਂ। ਸ਼੍ਰੀਮਤੀ ਸ਼ੀਲਾ ਦੀਕਸ਼ਤ ਨੇ ਕਿਹਾ ਕਿ ਦਿੱਲੀ ਇਕ ਅਜਿਹੀ ਇਤਿਹਸਕ ਨਗਰੀ ਹੈ, ਜਿਸ ‘ਤੇ ਸਿੱਖਾਂ ਸਮੇਤ ਸਾਰੇ ਫਿਰਕੇ ਅਤੇ ਵਰਗ ਮਾਣ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਸੰਸਾਰ ਭਰ ਵਿੱਚ ਫੈਲੇ ਹੋਏ ਹਨ। ਜਿਥੇ ਵੀ ਉਹ ਗਏ ਹਨ ਉਥੇ ਹੀ ਉਨ੍ਹਾਂ ਨੇ ਆਪਣੀ ਤਹਿਜ਼ੀਬ ਦੀ ਖੁਸ਼ਬੂ ਫੈਲਾਈ ਹੈ ਅਤੇ ਆਪਣੇ ਗੁਣਾਂ ਦੀ ਛਾਪ ਛਡੀ ਹੈ। ਉਨ੍ਹਾਂ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਚਿਤੰਨ ਦੇ ਫੈਲਾਅ ਵਿੱਚ ਠਹਿਰਾaੁ ਨਾ ਆਉਣ ਦੇਣ, ਜਿਤਨਾ ਇਹ ਫੈਲੇਗਾ ਉਤਨਾ ਹੀ ਮਾਨਵਤਾ ਦੇ ਹਿਤ ਵਿੱਚ ਹੋਵੇਗਾ।
ਸ਼੍ਰੀਮਤੀ ਸ਼ੀਲਾ ਦੀਕਸ਼ਤ ਨੇ ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਇਕ ਕਾਬਲ ਤੇ ਹੋਣਹਾਰ ਸ਼ਖਸੀਅਤ ਹਨ, ਜਿਨ੍ਹਾਂ ਦੀ ਚੋਣ ਸ਼੍ਰੀਮਤੀ ਸੋਨੀਆ ਗਾਂਧੀ ਨੇ ਬੜੀ ਹੀ ਦੂਰੰਦੇਸ਼ੀ ਤੋਂ ਕੰਮ ਲੈਂਦਿਆਂ ਕੀਤੀ ਹੈ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਨੇ ਆਪਣੀ ਕਾਬਲੀਅਤ ਦੇ ਸਹਾਰੇ ਹੀ ਦੇਸ਼ ਨੂੰ ਦੁਨੀਆਂ ਦੀਆਂ ਵਡੀਆਂ ਸ਼ਕਤੀਆਂ ਦੀ ਕਤਾਰ ਵਿੱਚ ਲਿਆ ਖੜਿਆਂ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੁਝ ਛੁਟ-ਭਈਏ ਉਨ੍ਹਾਂ ਦੀ ਅਲੋਚਨਾ ਕਰਦੇ ਹਨ, ਉਨ੍ਹਾਂ ਪੁਰ ਹਮਲੇ ਕਰਦੇ ਅਤੇ ਉਨ੍ਹਾਂ ਵਿਰੁਧ ਬੋਲਦੇ ਹਨ ਤਾਂ ਬਹੁਤ ਹੀ ਦੁਖ ਹੁੰਦਾ ਹੈ। ਉਨ੍ਹਾਂ ਸਿੱਖਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਡਾ. ਮਨਮੋਹਨ ਸਿੰਘ ਦੇ ਨਾਲ ਚਟਾਨ ਵਾਂਗ ਖੜਿਆਂ ਹੋਣਾ ਚਾਹੀਦਾ ਹੈ।
ਇਸ ਮੌਕੇ ‘ਤੇ ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਦੇ ਸਿੱਖਾਂ ਵਲੋਂ ਸ਼੍ਰੀਮਤੀ ਸ਼ੀਲਾ ਦੀਕਸ਼ਤ ਅਤੇ ਉਨ੍ਹਾਂ ਦੀ ਕੈਬੀਨਟ ਦਾ ਧੰਨਵਾਦ ਕੀਤਾ, ਜਿਨ੍ਹਾਂ ਦਿੱਲੀ ਗੁਰਦੁਆਰਾ ਐਕਟ ਵਿੱਚ ਇਤਿਹਾਸਕ ਸੋਧ ਕਰ ਇਕ ਮਿਸਾਲ ਕਾਇਮ ਕਰਨ ਦਾ ਸਾਹਸ ਵਿਖਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਸੋਧਾਂ ਦੇ ਜਦੋਂ ਪ੍ਰਭਾਵਸ਼ਾਲੀ ਤੇ ਚੰਗੇ ਨਤੀਜੇ ਸਾਹਮਣੇ ਆਉਣਗੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚੋਂ ਲਿਫਾਫਾ ਕਲਚਰ ਖਤਮ ਕਰਨ ਲਈ ਪੰਜਾਬ ਗੁਰਦੁਆਰਾ ਐਕਟ ਵਿੱਚ ਵੀ ਅਜਿਹੀਆਂ ਸੋਧਾਂ ਕਰਵਾਏ ਜਾਣ ਦੀ ਆਵਾਜ਼ ਮਜ਼ਬੂਤੀ ਨਾਲ ਉਠੇਗੀ? ਉਨ੍ਹਾਂ ਕਿਹਾ ਕਿ ਸ਼੍ਰੀਮਤੀ ਸ਼ੀਲਾ ਦੀਕਸ਼ਤ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਉਠਾਏ ਗਏ ਇਸ ਇਤਿਹਾਸਕ ਕਦਮ ਲਈ ਦਿੱਲੀ ਦੇ ਸਿੱਖ ਭਾਰੀ ਗਿਣਤੀ ਵਿੱਚ ਅੱਜ ਉਨ੍ਹਾਂ ਦਾ ਧੰਨਵਾਦ ਅਤੇ ਸਨਮਾਨ ਕਰਨ ਲਈ ਇਕਠੇ ਹੋ ਕੇ ਪੁਜੇ ਹਨ?
ਇਸ ਮੌਕੇ ਸ. ਪਰਮਜੀਤ ਸਿੰਘ ਸਰਨਾ, ਦਿੱਲੀ ਗੁਰਦੁਆਰਾ ਕਮੇਟੀ ਦੇ ਹੋਰ ਅਹੁਦੇਦਾਰਾਂ, ਮੈਂਬਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀਆਂ ਨੇ ਸ਼੍ਰੀਮਤੀ ਸ਼ੀਲਾ ਦੀਕਸ਼ਤ ਨੂੰ ਗੁਰੂ ਘਰ ਦੇ ਸਿਰੋਪਾਉ ਅਤੇ ਕ੍ਰਿਪਾਨ ਭੇਂਟ ਕਰਨ ਦੀ ਬਖਸ਼ਸ਼ ਕਰ ਸਨਮਾਨਤ ਕੀਤਾ।
Indian News ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਦਿੱਲੀ ਕਮੇਟੀ ਵਲੋਂ ਮੁੱਖ ਮੰਤਰੀ ਸ਼੍ਰੀਮਤੀ ਸ਼ੀਲਾ...