ਆਕਲੈਂਡ, 29 ਜੂਨ – ਦੇਸ਼ ਵਿੱਚ ਸਤੰਬਰ ਮਹੀਨੇ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾ ਵਿਰੋਧੀ ਨੈਸ਼ਨਲ ਪਾਰਟੀ ਨੂੰ ਉਸ ਵੇਲੇ ਝੱਟਕਾ ਲਾਗਾ, ਜਦੋਂ ਨੈਸ਼ਨਲ ਪਾਰਟੀ ਦੀ ਸੰਸਦ ਮੈਂਬਰ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਪੌਲਾ ਬੈਨੇਟ ਨੇ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ, ਉਸ ਨੇ ਅੱਜ ਸਵੇਰੇ ਆਕਲੈਂਡ ਵਿੱਚ ਇਹ ਐਲਾਨ ਕੀਤਾ ਹੈ। ਉਨ੍ਹਾਂ ਆਪਣੇ 15 ਸਾਲਾਂ ਦੇ ਸਿਆਸੀ ਸਫ਼ਰ ਦੇ ਅੰਤ ਦਾ ਐਲਾਨ ਕੀਤਾ।
ਜ਼ਿਕਰਯੋਗ ਹੈ ਕਿ ਸਾਂਸਦ ਬੈਨੇਟ ਨੈਸ਼ਨਲ ਪਾਰਟੀ ਦੀ ਡਿਪਟੀ ਲੀਡਰ ਅਤੇ ਮਈ ‘ਚ ਪਾਰਟੀ ਦੀ ਚੋਣ ਪ੍ਰਚਾਰ ਦੀ ਚੇਅਰ ਸੀ। ਪਰ 22 ਮਈ ਨੂੰ ਜਦੋਂ ਨਵੇਂ ਪਾਰਟੀ ਲੀਡਰ ਟੌਡ ਮੂਲਰ ਅਤੇ ਡਿਪਟੀ ਲੀਡਰ ਨਿੱਕੀ ਕੇਅ ਦੇ ਅਹੁਦੇ ਸੰਭਾਲਣ ਤੋਂ ਬਾਅਦ ਬੈਨੇਟ ਨੂੰ ਉਨ੍ਹਾਂ ਦੀਆਂ ਭੂਮਿਕਾਵਾਂ ਤੋਂ ਲਾਂਭੇ ਕਰ ਦਿੱਤਾ ਗਿਆ ਤਾਂ ਅੱਜ ਉਨ੍ਹਾਂ ਨੇ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਹ ਸਮਝਿਆ ਜਾਂਦਾ ਹੈ ਕਿ ਨਵੇਂ ਪਾਰਟੀ ਲੀਡਰ ਮੂਲਰ ਨੇ ਬੈਨੇਟ ਨੂੰ ਇਹ ਸਪਸ਼ਟ ਕਰ ਦਿੱਤਾ ਸੀ ਕਿ ਉਹ ਲੀਡਰਸ਼ਿਪ ਤਬਦੀਲੀ ਤੋਂ ਬਾਅਦ ਉਹ ਨੂੰ ਛੱਡਣਾ ਚਾਹੁੰਦੇ ਹਨ। ਉਸ ਨੇ ਬੈਨੇਟ ਨੂੰ ਹੇਠਾਂ ਵੱਲ ਨੂੰ ਧੱਕਦੇ ਹੋਏ ‘ਵੁਮੈਨ ਐਂਡ ਡਰੱਗ ਰਿਫੋਰਮ’ ਦੇ ਪੋਰਟਫੋਲੀਓ ਨਾਲ 13ਵੀਂ ਰੈਂਕਿੰਗ ਦਿੱਤੀ।
ਪੋਲਾ ਬੈਨੇਟ ਨੂੰ ਨਵੇਂ ਪਾਰਟੀ ਲੀਡਰ ਦੀ ਅਗਵਾਈ ਵਿੱਚ ਮੂਲਰ ਦੇ ਪਹਿਲੇ ਫੇਰਬਦਲ ਵਿੱਚ 11 ਸਥਾਨ ਹੇਠਾਂ ਦਿੱਤਾ ਗਿਆ ਸੀ। ਨੈਸ਼ਨਲ ਪਾਰਟੀ ਸਾਂਸਦ ਬੈਨੇਟ ਪਹਿਲੀ ਵਾਰ ਵਾਈਟਾਕੇਅਰ ਤੋਂ 2005 ਵਿੱਚ ਚੁਣੀ ਗਈ ਸੀ ਅਤੇ ਸਾਬਕਾ ਪ੍ਰਧਾਨ ਮੰਤਰੀ ਬਿੱਲ ਇੰਗਲਿਸ਼ ਦੀ ਅਗਵਾਈ ਵਾਲੀ ਸਰਕਾਰ ਵਿੱਚ ਉਪ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਜੌਨ ਕੀ ਦੀ ਸਰਕਾਰ ਵਿੱਚ ਕਈ ਮੰਤਰੀ ਵਾਲੇ ਅਹੁਦਿਆਂ ਉੱਤੇ ਸੇਵਾ ਨਿਭਾਈ ਸੀ। ਉਹ ਸਾਲ 2008 ਤੋਂ 2014 ਤੱਕ ਅੱਪਰ ਹਾਰਬਰ ਤੋਂ ਸਾਂਸਦ ਰਹੀ ਅਤੇ ਸਮਾਜਿਕ ਵਿਕਾਸ ਮੰਤਰੀ ਵਜੋਂ ਆਪਣੇ ਕਾਰਜਕਾਲ ਲਈ ਬਹੁਤ ਜ਼ਿਆਦਾ ਜਾਣੀ ਜਾਂਦੀ ਸੀ।
ਬੈਨੇਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ “ਆਪਣੇ ਅਗਲੇ ਕੈਰੀਅਰ ਦੀ ਉਡੀਕ ਕਰ ਰਹੀ ਹੈ”। ਬੈਨੇਟ ਨੇ ਕਿਹਾ ਕਿ “ਹੁਣ ਅਗਲੇ ਅਧਿਆਇ ਦਾ ਸਮਾਂ ਆ ਗਿਆ ਹੈ। ਮੈਂ ਸੰਸਦ ਤੋਂ ਬਾਹਰ ਅਤੇ ਕਾਰੋਬਾਰੀ ਜਗਤ ਵਿੱਚ ਆਪਣੀ ਕਾਬਲੀਅਤ ਲੈ ਕੇ ਉਤਸ਼ਾਹਿਤ ਹਾਂ। ਰਾਜਨੀਤੀ ਤੋਂ ਬਾਅਦ ਮੈਂ ਹਮੇਸ਼ਾ ਇੱਕ ਹੋਰ ਕੈਰੀਅਰ ਚਾਹੁੰਦੀ ਹਾਂ ਅਤੇ ਹੁਣ ਮੇਰੇ ਲਈ ਸਹੀ ਸਮਾਂ ਹੈ ਕਿ ਮੈਂ ਜਾਵਾਂ ਅਤੇ ਅੱਗੇ ਵਧਾਂ”। ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ਤੋਂ ਲੈ ਕੇ ਹੁਣ ਤੱਕ ਮੈਂ ਨੈਸ਼ਨਲ ਪਾਰਟੀ ਦੀ ਡਿਪਟੀ ਲੀਡਰ ਅਤੇ ਚੋਣ ਮੁਹਿੰਮ ਦੀ ਚੇਅਰ ਰਹੀ ਹਾਂ। ਦਿਲਚਸਪ ਗੱਲ ਇਹ ਹੈ ਕਿ ਪਿਛਲੇ ਢਾਈ ਸਾਲਾਂ ਵਿੱਚ ਮੈਨੂੰ ਸਭ ਤੋਂ ਵੱਧ ਸਿੱਖਿਆ ਮਿਲੀ ਹੈ।
ਦੱਸਦੀਏ ਕਿ ਪੋਲਾ ਬੈਨੇਟ ਦੇ ਬਾਹਰ ਜਾਣ ਨਾਲ ਟੌਡ ਮੂਲਰ ਦੇ ਕਾਕਸ ਦੀ ਵਿਭਿੰਨਤਾ (Diversity) ਦੀ ਅਲੋਚਨਾ ਹੋਣ ਦੀ ਸੰਭਾਵਨਾ ਵੱਧ ਜਾਏਗੀ। ਉਹ ਨੈਸ਼ਨਲ ਪਾਰਟੀ ਵਿੱਚ 13ਵੇਂ ਨੰਬਰ ‘ਤੇ ਸਭ ਤੋਂ ਉੱਚੇ ਦਰਜੇ ਵਾਲੀ ਮਾਓਰੀ ਸਾਂਸਦ ਸੀ। ਕਾਕਸ ਦੀ ਰੈਂਕਿੰਗ ਵਿੱਚ ਅਗਲੀ ਮਾਓਰੀ ਸੰਸਦ ਮੈਂਬਰ ਡਾ. ਸ਼ੇਨ ਰੇਟੀ 17ਵੇਂ ਨੰਬਰ ‘ਤੇ ਹਨ। ਨਵੇਂ ਪਾਰਟੀ ਲੀਡਰ ਮੂਲਰ ਇਸ ਮੁੱਦੇ ਨੂੰ ਲੈ ਕੇ ਘਿਰ ਗਏ ਜਦੋਂ ਉਨ੍ਹਾਂ ਅਤੇ ਡਿਪਟੀ ਲੀਡਰ ਕੇਅ ਦੋਵਾਂ ਨੇ ਆਪਣੇ ਵਿੱਤ ਬੁਲਾਰੇ ਪਾਲ ਗੋਲਡਸਮਿੱਥ ਨੂੰ ਮਾਓਰੀ ਦੱਸਿਆ। ਇਹ ਹੀ ਨਹੀਂ ਸਾਬਕਾ ਪ੍ਰਧਾਨ ਮੰਤਰੀ ਜੌਨ ਕੀ ਸਰਕਾਰ ਦੇ ਵਿੱਚ ਰਹੇ ਇੱਕ ਹੋਰ ਮੰਤਰੀ ਨੇ ਹਫ਼ਤੇ ਦੇ ਅਖੀਰ ਵਿੱਚ ਬਾਹਰ ਜਾਣ ਦਾ ਐਲਾਨ ਕੀਤਾ, ਨੈਸ਼ਨਲ ਸੰਸਦ ਮੈਂਬਰ ਐਨੀ ਟੌਲੀ ਨੇ ਕਿਹਾ ਕਿ ਉਹ ਚੋਣਾਂ ਵਿੱਚ ਖੜ੍ਹਨ ਦਾ ਇਰਾਦਾ ਨਹੀਂ ਰੱਖ ਰਹੀ ਹੈ।
Home Page ਸਾਂਸਦ ਤੇ ਸਾਬਕਾ ਉਪ ਪ੍ਰਧਾਨ ਮੰਤਰੀ ਪੌਲਾ ਬੈਨੇਟ ਵੱਲੋਂ ਰਾਜਨੀਤੀ ਤੋਂ ਸੰਨਿਆਸ...