ਪੰਜਾਬ ਆਪਣੇ ਕੰਮ ਸਭਿਆਚਾਰ, ਇਤਿਹਾਸ, ਆਸਤਾ, ਰੀਤੀ ਰਿਵਾਜ਼ ਅਤੇ ਭੂਗੋਲਿਕ ਮਹੱਤਤਾ ਨਾਲ ਜੁੜੇ ਮੇਲਿਆਂ ਤੇ ਤਿਉਹਾਰਾਂ ਦੀ ਧਰਤੀ ਵਜੋਂ ਜਾਣਿਆਂ ਜਾਂਦਾ ਹੈ। ਸਾਉਣ ਦੇ ਮਹੀਨੇ ਲਗਦੀਆਂ ਤੀਆਂ ਦਾ ਤਿਉਹਾਰ ਮੌਸਮ ਦੇ ਸੁਹਾਵਣੇਪਣ ਨਾਲ ਸਬੰਧ ਰੱਖਦਾ ਹੈ। ਤੀਆਂ ਪੰਜਾਬ ਦੀਆਂ ਮੁਟਿਆਰਾਂ ਦਾ ਦਿਲ ਭਾਉਂਦਾ ਖ਼ੂਬਸੂਰਤ ਤਿਉਹਾਰ ਹੈ। ਪਿੰਡ ਦੀਆਂ ਕੁੜੀਆਂ, ਖ਼ਾਸ ਤੌਰ ‘ਤੇ ਵਿਆਹੀਆਂ ਵਰ੍ਹੀਆਂ, ਜਦੋਂ ਸਾਉਣ ਦੇ ਮਹੀਨੇ ਤੀਆਂ ਦੇ ਬਹਾਨੇ ਪੇਕੇ ਆਉਂਦੀਆਂ ਤਾਂ ਸਭ ਇੱਕਠੀਆਂ ਹੋ ਚਿੜੀਆਂ ਬਣ ਜਾਂਦੀਆਂ ਹਨ। ਨੱਚਣ ਟੱਪਣ, ਹੱਸਣ ਖੇਡਣ ਦੇ ਨਾਲ ਨਾਲ ਚਾਵਾਂ, ਰੀਝਾਂ, ਉਮੰਗਾਂ ਭਰੀ ਸਹੇਲਪੁਣੇ ਦੀ ਗੁਫ਼ਤਗੂ ਦਾ ਸਰੂਰ ਵੀ ਸਖ਼ੀਆਂ ਸਹੇਲੀਆਂ ਲਈ ਇਸ ਤਿਉਹਾਰ ਦੇ ਅਰਥ ਦੁੱਗਣੇ ਕਰ ਦਿੰਦਾ ਹੈ। ਸਾਉਣ ਮਹੀਨੇ ਦੇ ਚਾਨਣ ਪੱਖ ਦੀ ਤੀਜੀ ਤਿੱਥ ਨੂੰ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸੇ ਕਰਕੇ ‘ਤੀਆਂ ਤੀਜ ਦੀਆਂ’ ਬਣੀਆਂ। ਕਈ ਥਾਂਈਂ ਇਹ ਤਿਉਹਾਰ ਤੀਜ ਨੂੰ ਸ਼ੁਰੂ ਹੋ ਕੇ ਪੂਰਨਮਾਸ਼ੀ ਤੱਕ ਮਨਾਇਆ ਜਾਂਦਾ ਹੈ।
ਭਾਰਤ ਦੇ ਹੋਰ ਕਈ ਸੂਬਿਆਂ ਵਿੱਚ ਵੀ ਤੀਆਂ ਦਾ ਤਿਉਹਾਰ ਪ੍ਰਚਲਤ ਹੈ ਪਰ ਵੱਖ ਵੱਖ ਤਰੀਕਿਆਂ ਅਤੇ ਵਿਚਾਰਧਾਰਾ ਨਾਲ, ਕਿਤੇ ਕੰਮ ਧੰਦੇ ਨਾਲ ਜੋੜ ਕੇ ਅਤੇ ਕਿਤੇ ਦੇਵੀ ਦੇਵਤਿਆਂ ਦੀ ਪੂਜਾ ਨਾਲ ਪਰ ਪੰਜਾਬ ਵਿੱਚ ਇਹ ਨਿਰੋਲ ਪ੍ਰਾਕ੍ਰਿਤਕ ਤਿਉਹਾਰ ਹੈ। ਮੁਟਿਆਰਾਂ ਪ੍ਰਾਕ੍ਰਿਤੀ ਨਾਲ ਇੱਕ ਮਿੱਕ ਹੋਕੇ ਪੀਂਘਾਂ ਝੂਟਦੀਆਂ, ਹੱਸਦੀਆਂ ਖੇਡਦੀਆਂ, ਗਿੱਧੇ ਪਾਉਂਦੀਆਂ ਤੇ ਗੀਤ ਗਾਉਂਦੀਆਂ ਹਨ। ਉਹ ਇਸ ਮੌਸਮ ਨੂੰ ਰੂਹ ਤੋਂ ਹੰਢਾਉਂਦੀਆਂ ਨਜ਼ਰ ਆਉਂਦੀਆਂ ਹਨ, ਮਨਾ ਦੀਆਂ ਤਰੰਗਾਂ ਅਸਮਾਨੀ ਉਡਾਰੀ ਭਰਦੀਆਂ ਹਨ
ਸੌਣ ਮਹੀਨੇ ਬੱਦਲ ਪੈਂਦਾ
ਨਿੰਮੀਆਂ ਪੈਣ ਫੁਹਾਰਾਂ।
ਕੱਠੀਆਂ ਹੋ ਕੇ ਆਈਆਂ ਗਿੱਧੇ ਵਿੱਚ
ਇਕੋ ਜਿਹੀਆਂ ਮੁਟਿਆਰਾਂ।
ਗਿੱਧੇ ਦੇ ਵਿੱਚ ਏਦਾਂ ਲਿਸ਼ਕਣ
ਜਿਉਂ ਸੋਨੇ ਦੀਆਂ ਤਾਰਾਂ।
ਦੂਹਰੀਆਂ ਹੋ ਕੇ ਨੱਚਣ ਲੱਗੀਆਂ
ਜਿਉਂ ਕੂੰਜਾਂ ਦੀਆਂ ਡਾਰਾਂ।
ਜ਼ੋਰ ਜੁਆਨੀ ਦਾ
ਲੁੱਟ ਲਉ ਮੌਜ ਬਹਾਰਾਂ।
ਬਲਿਹਾਰੀ ਕੁਦਰਤ ਵਸਿਆ ਦਾ ਨਜ਼ਾਰਾ ਪੇਸ਼ ਕਰਦਾ ਸਾਉਣ ਮਹੀਨੇ ਦਾ ਮੌਸਮ ਸੁਹਾਵਣਾ ਹੁੰਦਾ ਹੈ, ਮਨ ਲਈ ਵੀ, ਤਨ ਲਈ ਵੀ। ਅਸਮਾਨੀਂ ਉੱਡਦੇ ਬੱਦਲ, ਘਟਾਵਾਂ ਅਤੇ ਕਿਣ ਮਿਣ ਅਜੀਬ ਕਿਸਮ ਦਾ ਹੁਲਾਸ ਅਤੇ ਹੁਲਾਰਾ ਦਿੰਦੇ ਹਨ। ਘਰਾਂ ਵਿੱਚ ਬਣਦੇ ਖੀਰ ਪੂੜੇ, ਗੁਲਗੁਲੇ ਅਤੇ ਹੋਰ ਖਾਣ ਪੀਣ ਦਾ ਬੱਚਿਆਂ ਅਤੇ ਸਿਆਣਿਆਂ, ਸਭ ਨੂੰ ਚਾਅ ਹੁੰਦਾ ਹੈ। ਸਾਉਣ ਦੇ ਮੇਘਲਿਆਂ ਦੀ ਗੱਲ ਬਾਬਾ ਬੁਲ੍ਹੇ ਸ਼ਾਹ ਕਰਦਾ ਹੈ
ਸਾਵਣ ਸੋਹੇ ਮੇਘਲਾ ਘਟ ਸੋਹੇ ਕਰਤਾਰ।
ਠੌਰ ਠੌਰ ਇਨਾਇਤ ਬਸੇ ਪਪੀਹਾ ਕਰੇ ਪੁਕਾਰ।
ਮੌਸਮ ਦਾ ਸਹੁਪੱਣ ਰੂਹਾਂ ਤੇ ਜਾਦੂ ਕਰਦਾ ਹੈ। ਮੁਟਿਆਰਾਂ ਦੇ ਅੰਦਰੋਂ ਨੱਚਣ ਦੀ ਉਮੰਗ ਜਾਗਦੀ ਹੈ ਜਿਵੇਂ ਕਹਿੰਦੇ ਹੁੰਦੇ ਆ ਕਿ ‘ਸਾਉਣ ਸੈਨਤਾਂ ਮਾਰੇ, ਨੱਚ ਲੈ ਹਾਣਦੀਏ’। ਸੱਚ ਮੁਚ ਨਸ਼ਿਆਈਆਂ ਰੂਹਾਂ ਨੂੰ ਮਹੌਲ ਦੇ ਇਸ਼ਾਰੇ ਸੋਨੇ ‘ਤੇ ਸੁਹਾਗੇ ਵਾਂਗ ਬੋਲੀਆਂ ਪਾਉਣ ਤੇ ਨੱਚਣ ਦਾ ਬਲ ਬਖ਼ਸ਼ਦੇ ਹਨ
ਸਾਉਣ ਮਹੀਨਾ ਦਿਨ ਤੀਆਂ ਦੇ ਸਭੇ ਸਹੇਲੀਆਂ ਆਈਆਂ
ਭਿੱਜ ਗਈ ਰੂਹ ਮਿੱਤਰਾ, ਸ਼ਾਮ ਘਟਾ ਚੜ ਆਈਆਂ
ਇਹ ਬੋਲੀ ਕਾਦਰ ਦੀ ਕੁਦਰਤ ਵੱਲੋਂ ਸਿਰਜੇ ਸੁਹਾਵਣੇ ਅਤੇ ਰੂਹ ਦੀ ਤ੍ਰਿਪਤੀ ਵਾਲੇ ਮੌਸਮੀ ਦ੍ਰਿਸ਼ਾਂ ਨਾਲ ਪੈਂਦੀ ਗੂੜ੍ਹੀ ਮਿੱਤਰਤਾ ਨੂੰ ਮੁਖ਼ਾਤਵ ਹੁੰਦੀ ਹੈ। ਬਾਰਾ ਮਾਹ ਰਾਹੀਂ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅਰਜਨ ਦੇਵ ਜੀ ਨੇ ਸਾਉਣ ਮਹੀਨੇ ਦੀ ਮਹੱਤਤਾ ਦੱਸੀ ਹੈ। ਪੰਜਾਬੀ ਦੇ ਸ਼ਾਇਰ ਬਾਬੂ ਫਿਰੋਜ਼ ਦੀਨ ਸ਼ਰਫ ਲਿਖਦੇ ਹਨ ਕਿ
ਸਾਵਣ ਸੀਸ ਗੁੰਦਾ ਕੇ ਸਈਆਂ, ਹਾਰ ਸ਼ਿੰਗਾਰ ਲਗਾਏ ਨੇ।
ਸਿਰ ਤੇ ਸਾਲੂ ਸ਼ਗਨਾ ਵਾਲੇ, ਰੀਝਾਂ ਨਾਲ ਸਜਾਏ ਨੇ।
ਮਿਠੇ ਮਿਠੇ ਗੀਤ ਮਾਹੀ ਦੇ, ਸਭਨਾ ਰਲ ਮਿਲ ਗਾਏ ਨੇ।
ਸੁਭਾਅ, ਬਣਤਰ ਅਤੇ ਪੇਸ਼ਕਾਰੀ ਪੱਖ ਤੋਂ ਤੀਆਂ ਸ਼ੁੱਧ ਰੂਪ ਵਿੱਚ ਸਿਰਫ਼ ਕੁੜੀਆਂ ਦਾ ਤਿਉਹਾਰ ਹੈ, ਮਰਦਾਂ ਦਾ ਤੀਆਂ ਵਿੱਚ ਜਾਣਾ ਵਰਜਤ ਵੀ ਹੁੰਦਾ ਤੇ ਮੇਹਨਾ ਵੀ। ਇਸੇ ਕਰਕੇ ਤੀਆਂ ਦੇ ਪਿੜ ਲਈ ਪਿੰਡ ਦੀ ਵਸੋਂ ਤੋਂ ਥੋੜ੍ਹਾ ਦੂਰ ਜਗ੍ਹਾ ਨਿਸ਼ਚਤ ਕੀਤੀ ਜਾਂਦੀ ਹੈ, ਜਿੱਥੋਂ ਨੱਚਣ ਟੱਪਣ, ਰੋਲੇ ਰੱਪੇ ਦੀ ਅਵਾਜ਼ ਵੀ ਘਰਾਂ ਤੱਕ ਨਾ ਪਹੁੰਚ ਸਕੇ ਅਤੇ ਉਸ ਪਾਸੇ ਵੱਲ ਮੁੰਡੇ ਜਾਣ ਵੀ ਨਾ। ਪਿੰਡ ਦੀ ਕੋਈ ਸਾਂਝੀ, ਪਿੰਡੋਂ ਬਾਹਰ ਦੀ ਜਗ੍ਹਾ ਵਿੱਚ, ਪਿੱਪਲਾਂ ਬੋਹੜਾਂ, ਟਾਹਲੀਆਂ ਵਰਗੇ ਦਰਖਤਾਂ ਦੀ ਛਾਂ ਹੇਠ ਕਈ ਕਈ ਦਿਨ ਰੰਗਲਾ ਮਹੌਲ ਬਣਿਆ ਰਹਿੰਦਾ। ਗਿੱਧੇ ਦੇ ਰੂਪ ਵਿੱਚ ਬੋਲੀਆਂ, ਤਮਾਸ਼ਿਆਂ ਰਾਹੀਂ ਮਨ ਦਾ ਗੁੱਬ-ਗੁਹਾਟ ਨਿਕਲਦਾ। ਕਈ ਗੱਲਾਂ ਜਿਹੜੀਆਂ ਸਿੱਧੇ ਵਾਰਤਾਲਾਪ ਵਿੱਚ ਨਹੀਂ ਹੋ ਸਕਦੀਆਂ ਉਨ੍ਹਾਂ ਲਈ ਬੋਲੀਆਂ ਅਤੇ ਤਮਾਸ਼ੇ ਸਹਾਈ ਹੋ ਜਾਂਦੇ ਹਨ। ਮਨ ਵਿਚਲੀਆਂ ਗੱਲਾਂ ਨੂੰ ਹਾਣ ਦੀਆਂ ਸਖ਼ੀਆਂ ਨਾਲ ਸਾਂਝਾਂ ਕਰਕੇ ਹੌਲੀਆਂ ਫੁੱਲ ਵਰਗੀਆਂ ਹੋਈਆਂ ਕੁੜੀਆਂ ਪੇਕੇ ਘਰ, ਪੇਕੇ ਪਿੰਡ ਦੀ ਅਪਣੱਤ ਭਰੀ ਆਬੋ ਹਵਾ ਵਿੱਚ ਸੁਖਾਵਾਂ ਸਾਹ ਲੈਂਦੀਆਂ ਪ੍ਰਤੀਤ ਹੁੰਦੀਆਂ ਹਨ।
ਸਾਉਣ ਦੇ ਮਹੀਨੇ ਇਕੱਠੀਆਂ ਹੋਈਆਂ ਕੁੜੀਆਂ ਭਾਦੋਂ ਚੜ੍ਹਦਿਆਂ ਹੀ ਤੀਆਂ ਦੀ ‘ਬੱਲੋ’ ਪਾਕੇ ਸਹੁਰਿਆਂ ਦੀ ਤਿਆਰੀ ਕਰਦੀਆਂ । ਬੱਲੋ ਦਾ ਤੋਂ ਭਾਵ, ਤੀਆਂ ਦੀ ਸਮਾਪਤੀ, ਆਪਣੇ ਪੇਕੇ ਪਿੰਡ, ਬਾਬਲ ਦੇ ਘਰ, ਭੈਣਾਂ ਭਰਾਵਾਂ ਭਤੀਜਿਆਂ ਦੀ ਸੁੱਖ ਮੰਗਦੀਆਂ ਕੁੜੀਆਂ ਗਿੱਧੇ ਦੇ ਸਿਖਰ ‘ਤੇ ਪਹੁੰਚ ਕੇ ਤੀਆਂ ਦੀ ਸਮਾਪਤੀ ਕਰਦੀਆਂ ਹਨ। ਪੇਕੇ ਆਈਆਂ ਕੁੜੀਆਂ ਨੂੰ ਪੇਕਾ ਘਰ ਛੱਡ ਕੇ ਸਹੁਰੇ ਵਾਪਸ ਜਾਣ ਦੀ ਉਦਾਸੀ ਹੋਣਾ ਸੁਭਾਵਕ ਹੈ। ਉਨ੍ਹਾਂ ਦੇ ਜਾਣ ਦੀ ਉਦਾਸੀ ਪਿੰਡ ਦੀਆਂ ਕੁਆਰੀਆਂ ਕੁੜੀਆਂ ਨੂੰ ਵੀ ਹੁੰਦੀ ਹੈ। ਸਿਖਰ ਦੇ ਮੇਲ ਮਿਲਾਪੀ ਧਮੱਚੜ ਤੋਂ ਬਾਅਦ ਵਿਛੋੜਾ ਡਾਹਢਾ ਹੁੰਦਾ ਇਸ ਲਈ ਮਿਲਾਪ ਦਾ ਸੇਹਰਾ ਸਾਉਣ ਮਹੀਨੇ ਨੂੰ ਤੇ ਵਿਛੋੜੇ ਦਾ ਭਾਂਡਾ ਭਾਦੋਂ ਮਹੀਨੇ ਦੇ ਸਿਰ ਭੱਜਦਾ
ਸਾਉਣ ਵੀਰ ਕੱਠੀਆ ਕਰੇ
ਭਾਦੋਂ ਚੰਦਰੀ ਵਿਛੋੜੇ ਪਾਵੇ।
ਤੀਆਂ ਵਿੱਚ ਪੈਂਦੀਆਂ ਬੋਲੀਆਂ ਦੇ ਅਰਥ ਬੜੇ ਡੂੰਘੇ ਹੁੰਦੇ ਹਨ। ਸੱਸ, ਸਹੁਰੇ, ਜੇਠ, ਦਿਉਰ, ਵੱਲੋਂ ਕਿਤੇ ਨਾ ਕਿਤੇ ਦਿਲ ਦੁਖਾਉਣ ਵਾਲੇ ਕੀਤੇ ਵਰਤਾਰੇ ਦਾ ਇਜ਼ਹਾਰ ਪੇਕੇ ਪਿੰਡ ਦੀਆਂ ਤੀਆਂ ਵਿੱਚ ਬੋਲੀਆਂ ਪਾਕੇ ਹੁੰਦਾ ਹੈ।
ਮੈਂ ਤਾਂ ਜੇਠ ਨੂੰ ਜੀ ਜੀ ਕਹਿੰਦੀ
ਮੈਂਨੂੰ ਕਹਿੰਦਾ ਫੋਟ
ਜੇਠ ਨੂੰ ਅੱਗ ਲੱਗਜੇ ਸਣੇ ਪਜ਼ਾਮੇ ਕੋਟ
ਨਵੀਆਂ ਵਿਆਹੀਆਂ ਮੁਟਿਆਰਾਂ ਲਈ ਇਸ ਤਿਉਹਾਰ ਦੀ ਮਹੱਤਤਾ ਜ਼ਿਆਦਾ ਇਸ ਕਰਕੇ ਵੀ ਹੁੰਦੀ ਹੈ ਕਿਉਂਕਿ ਉਨ੍ਹਾਂ ਨੇ ਵਿਆਹ ਤੋਂ ਬਾਅਦ ਪਹਿਲੀ ਵਾਰ ਪੇਕੇ ਆਉਣਾ ਹੁੰਦਾ ਹੈ। ਤੀਆਂ ਦੇ ਬਹਾਨੇ ਕੁੱਝ ਦਿਨ ਪੇਕੇ ਰਹਿਣ ਅਤੇ ਪਰਿਵਾਰ ਸਮੇਤ ਸਹੇਲੀਆਂ ਨੂੰ ਮਿਲਣ-ਗਿਲਣ ਅਤੇ ਸਹੁਰਿਆਂ ਬਾਰੇ ਗੱਲਾਂ ਬਾਤਾਂ ਕਰਨ ਦਾ ਚੰਗਾ ਸਬੱਬ ਬਣਦਾ ਹੈ। ਵਿਆਹ ਔਰਤ ਦੀ ਜ਼ਿੰਦਗੀ ਦਾ ਵਿਲੱਖਣ ਮੋੜ ਹੈ, ਮਾਂ ਦੇ ਲਾਡ ਪਿਆਰ ਦਾ ਸੱਸ ਦੀਆਂ ਮੱਤਾਂ ਨਾ ਤਬਾਦਲਾ ਕਾਫ਼ੀ ਅਸਧਾਰਨ ਪ੍ਰਕ੍ਰਿਆ ਹੋਣ ਕਰਕੇ ਇਹ ਛੇਤੀ ਛੇਤੀ ਹਜ਼ਮ ਆਉਣ ਵਾਲਾ ਵਰਤਾਰਾ ਨਹੀਂ ਹੁੰਦਾ। ਇਹੀ ਵਰਤਾਰਾ ਸੱਸ ਅਤੇ ਨੂੰਹ ਵਿਚਲੀ ਖਹਿਬਾਜ਼ੀ ਦਾ ਸਭਿਆਚਾਰਕ ਦੁਖਾਂਤ ਬਣ ਜਾਂਦਾ। ਸੱਸ ਪ੍ਰਤੀ ਮਨ ਦੀ ਘ੍ਰੋੜਾਂ ਨੂੰ ਬਾਹਰ ਕੱਢਣ ਦਾ ਇੱਕੋ ਇੱਕ ਹੱਲ ਹੈ ਗਿੱਧੇ ਦੀਆਂ ਬੋਲੀਆਂ ਅਤੇ ਤੀਆਂ ਇਸ ਲਈ ਬਹੁਤ ਹੀ ਢੁਕਵਾਂ ਸਮਾਂ ਹੁੰਦਾ। ਇਸੇ ਕਰਕੇ ਤੀਆਂ ਵਿੱਚ ਵਿਆਹੀਆਂ ਕੁੜੀਆਂ ਦੇ ਨਿਸ਼ਾਨੇ ‘ਤੇ ਸੱਸ ਜ਼ਿਆਦਾ ਹੁੰਦੀ ਹੈ
ਸੱਸ ਮੇਰੀ ਨੇ ਗੰਢੇ ਤੜਕੇ, ਵੀਰ ਮੇਰੇ ਨੂੰ ਭੂਕਾਂ
ਪੇਕੇ ਸੁਣਦੀ ਸੀ, ਸੱਸੇ ਤੇਰੀਆਂ ਕਰਤੂਤਾਂ।
ਬੋਲੀਆਂ ਰਾਹੀਂ ਆਪਣੇ ਮਨ ਦੇ ਉਬਾਲ ਕੱਢ ਕੇ ਕੁੜੀਆਂ ਮਹਿਸੂਸ ਕਰਦੀਆਂ ਕਿ ਸੁਣਵਾਈ ਹੋ ਗਈ, ਆਪਣੀ ਇਸ ਜਿੱਤ ਤੇ ਉਨ੍ਹਾਂ ਨੂੰ ਖ਼ੁਸ਼ੀ ਵੀ ਹੁੰਦੀ ਹੈ। ਜੇਕਰ ਅਜਿਹੀਆਂ ਗੱਲਾਂ ਸਿੱਧੇ ਰੂਪ ਵਿੱਚ ਹੋਣ ਤਾਂ ਮਨਾਂ ਵਿੱਚ ਕੁੜੱਤਣ ਆਵੇ ਪਰ ਬੋਲੀ ਦੇ ਨਾਲ ਪੈਂਦਾ ਗਿੱਧਾ ਇਨ੍ਹਾਂ ਗੱਲਾਂ ਬਾਤਾਂ ਦਾ ਸੁਖਾਵਾਂ ਅਸਰ ਕਾਇਮ ਰੱਖਦਾ ਹੈ। ਇਸੇ ਤਰ੍ਹਾਂ ਕੁਆਰੀਆਂ ਕੁੜੀਆਂ ਆਪਣੇ ਮਨ ਦੀ ਗੱਲ ਬੋਲੀਆਂ ਰਾਹੀਂ ਆਪਣੇ ਬਾਪ, ਮਾਂ, ਵੀਰ, ਭਾਬੀ ਨੂੰ ਕਹਿ ਜਾਂਦੀਆਂ ਹਨ। ‘ਮੈਂ ਨੂੰ ਵਿਆਹ ਦੇ ਅੰਮੀਏ, ਨੀ ਮੈਂ ਕੋਠੇ ਜਿੱਡੀ ਹੋਈ’ ਵਰਗੀਆਂ ਬੋਲੀਆਂ ਰਾਹੀਂ ਲੰਘਦੀ ਜਾਂਦੀ ਆਪਣੀ ਵਿਆਹ ਦੀ ਉਮਰ ਦਾ ਅਹਿਸਾਸ ਵੀ ਮਾਪਿਆਂ ਨੂੰ ਕਰਵਾ ਦਿੰਦੀਆਂ ਜੋ ਵਾਰਤਾਲਾਪ ਵਿੱਚ ਸੰਭਵ ਹੀ ਨਹੀਂ ।
ਤੀਆਂ ਦੇ ਤਿਉਹਾਰ ਦੀ ਖ਼ੁਬਸੂਰਤੀ ਇਸ ਗੱਲ ਵਿੱਚ ਹੈ ਕਿ ਇਸ ਮੌਕੇ ਪਿੰਡ ਦੀਆਂ ਧੀਆਂ ਧਿਆਣੀਆਂ ਨੂੰ ਆਪਣੇ ਪਿੰਡ ਵਿੱਚ ਹੀ ਮੇਲਣਾ ਬਣਨ ਦਾ ਮੌਕਾ ਮਿਲਦਾ ਹੈ। ਹਾਰ-ਸ਼ਿੰਗਾਰ ਲਾ ਕੇ ਉਹ ਆਪਣੀ ਸੂਬੇਦਾਰੀ ਮਹਿਕ ਦਾ ਪ੍ਰਗਟਾਵਾ ਕਰਨ ਦੀਆਂ ਹੱਕਦਾਰ ਅਤੇ ਸਮਰੱਥਾਵਾਨ ਹੁੰਦੀਆਂ ਹਨ
ਥੜਿਆਂ ਬਾਜ ਨਾ ਪਿੱਪਲ ਸੋਂਹਦੇ
ਫੁੱਲਾਂ ਬਾਜ ਫਲਾਈਆਂ।
ਸੱਗੀ ਫੁੱਲ ਸਿਰਾਂ ਤੇ ਸੋਂਹਦੇ,
ਪੈਰੀ ਝਾਂਜਰਾਂ ਪਾਈਆਂ।
ਨੱਚਣ ਟੱਪਣ ਗਿੱਧਾ ਪਾਵਣ
ਵੱਡਿਆਂ ਘਰਾਂ ਦੀਆਂ ਜਾਈਆਂ।
ਸੂਬੇਦਾਰਨੀਆਂ ਬਣ ਕੇ ਮੇਲਣਾ ਆਈਆਂ।
ਪੰਜਾਬੀ ਜਨ ਜੀਵਨ ਵਿੱਚ ਔਰਤਾਂ ਦੀ ਭੂਮਿਕਾ ਮਹੱਤਵਪੂਰਨ, ਸਲਾਹੁਣਯੋਗ ਅਤੇ ਸਤਿਕਾਰਣਯੋਗ ਹੈ। ਔਰਤਾਂ ਆਪਣੇ ਹਰ ਚਾਅ, ਹਰ ਖ਼ੁਸ਼ੀ, ਹਰ ਖਾਹਸ਼ ਵਿੱਚ ਮਰਦ ਦੀ ਸੁੱਖ ਮੰਗਦੀਆਂ ਹਨ। ਵਿਲੱਖਣ ਗੱਲ ਇਹ ਹੈ ਕਿ ਤੀਆਂ ਦੇ ਤਿਉਹਾਰ ਵਿੱਚ ਪੈਂਦੀਆਂ ਬੋਲੀਆਂ ਸਿੱਧੇ, ਅਸਿੱਧੇ ਰੂਪ ਵਿੱਚ ਮਰਦ ਦੀ ਖ਼ੁਸ਼ੀ ਲਈ ਦੁਆਵਾਂ ਵਰਗੀਆਂ ਹੀ ਹੁੰਦੀਆਂ ਹਨ। ਲੱਖ ਮਿਹਣੇ ਤਾਹਨੇ ਮਾਰ ਕੇ ਵੀ ਅੰਤ ਉਹ ਆਪਣੇ ਰਿਸ਼ਤਿਆਂ ਵਿਚਲੇ ਮਰਦਾਂ ਦੀ ਚੜ੍ਹਦੀ ਕਲਾ ਲਈ ਬਚਨਬੱਧ ਹੁੰਦੀਆਂ ਹਨ। ਇਹ ਔਰਤ ਮਨ ਦੀ ਕੋਮਲਤਾ ਦਾ ਪ੍ਰਮਾਣ ਹੈ।
ਜੁੱਗ ਜੁੱਗ ਰਵੇ ਵੱਸਦਾ, ਮੇਰੇ ਧਰਮੀ ਬਾਬਲ ਦਾ ਵਿਹੜਾ……
ਤੀਆਂ ਦੇ ਸਮਾਪਤ ਹੁੰਦਿਆਂ ਘਰੋ ਘਰੀਂ ਜਾਣ ‘ਤੇ ਅੱਗੋਂ ਪੇਕਿਆਂ ਤੋਂ ਆਪਣੇ ਸਹੁਰੇ ਜਾਣ ਦਾ ਡੋਬਾ ਤਾਂ ਪੈਂਦਾ ਹੈ ਪਰ ਆਖ਼ਰੀ ਦਿਨ ਬੱਲੋ ਪੈਂਦਿਆਂ ਹੀ ਆਖ਼ਰੀ ਬੋਲੀ ਬੜੀ ਆਸ ਨਾਲ ਪਾਈ ਜਾਂਦੀ ਹੈ ਤਾਂ ਕਿ ਇਸ ਤਿਉਹਾਰ ਦੇ ਬਹਾਨੇ ਮਿਲਣ-ਗਿਲਣ, ਹੱਸਣ-ਖੇਡਣ, ਨੱਚਣ-ਟੱਪਣ ਦਾ ਸਿਲਸਿਲਾ ਚਲਦਾ ਰਹੇ
ਤੀਆਂ ਤੀਜ ਦੀਆਂ – ਵਰ੍ਹੇ ਦਿਨਾਂ ਨੂੰ ਫੇਰ ………..
ਸਮੇਂ ਦੀ ਬਦਲਦੀ ਚਾਲ ਅਤੇ ਢਾਲ ਨੇ ਮਨੁੱਖੀ ਜ਼ਿੰਦਗੀ ਦੀ ਰਵਾਨੀ ਉੱਪਰ ਗਹਿਰਾ ਪਰਛਾਵਾਂ ਪਾਇਆ ਹੈ। ਠੁਮਕਦੀ, ਰੁਮਕਦੀ ਤੌਰ ਤੁਰਦੀ ਜ਼ਿੰਦਗੀ ਹੁਣ ਮਸ਼ੀਨ ਬਣ ਗਈ ਹੈ। ਜ਼ਿੰਦਗੀ ਵਿਚੋਂ ਮੜਕ, ਖੁੱਲ੍ਹਾਪਣ ਅਤੇ ਬੇਪਰਵਾਹੀ ਦੂਰ ਹੋ ਗਏ। ਨਿੱਤ ਦੀ ਭੱਜ ਦੌੜ ਨੇ ਜੀਵਨ ਦੇ ਬਹੁਤ ਸਾਰੇ ਰਸ ਖ਼ਤਮ ਕਰ ਦਿੱਤੇ ਹਨ। ਬਦਲ ਰਹੇ ਵਰਤਾਰੇ ਨੇ ਸਾਡੇ ਮੇਲਿਆਂ ਤਿਉਹਾਰਾਂ ‘ਤੇ ਵੀ ਬਹੁਤ ਅਸਰ ਕੀਤਾ ਹੈ। ਕੁੜੀਆਂ, ਔਰਤਾਂ ਹੁਣ ਮਰਦਾਂ ਵਾਂਗ ਨੌਕਰੀਆਂ ਅਤੇ ਹੋਰ ਕੰਮ ਧੰਦਿਆਂ ਵਿੱਚ ਮਸਰੂਫ਼ ਹਨ ਸ਼ਾਇਦ ਇਸੇ ਕਰਕੇ ਤੀਆਂ ਵਰਗੇ ਤਿਉਹਾਰ ਖੁੱਲ੍ਹੇ ਡੁੱਲ੍ਹੇ ਪਿੜਾਂ ਵਿਚੋਂ ਸਿਮਟ ਕੇ ਸਟੇਜ ਜਾਂ ਸਕਰੀਨ ਤੱਕ ਸੀਮਤ ਹੋ ਗਏ ਹਨ। ਪਰ ਖ਼ੁਸ਼ੀ ਵਾਲੀ ਗੱਲ ਹੈ ਕਿ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਕਸਬਿਆਂ ਵਿੱਚ ਤੀਆਂ ਵਰਗੇ ਮੁਹੱਬਤੀ ਅਤੇ ਮਹਿਕਦੇ ਤਿਉਹਾਰ ਜਿਉਂਦੇ ਜਾਗਦੇ ਹਨ, ਜਿੰਨਾ ਵਿੱਚ ਪੰਜਾਬ ਦੀ ਜ਼ਿੰਦਗੀ ਧੜਕਦੀ ਹੈ।
ਲੇਖਕ – ਨਿਰਮਲ ਜੌੜਾ
ਮੋਬਾਈਲ – +91-98140 78799, E-mail : nirmaljaura@gmail.com
Columns ਸਾਉਣ ਮਹੀਨਾ ਦਿਨ ਤੀਆਂ ਦੇ…………….