ਸਾਕਾ ਨੀਲਾ ਤਾਰਾ ਦੀ ਯਾਦਗਾਰ ਲਈ ਕਾਰ ਸੇਵਾ ਆਰੰਭ

ਅੰਮ੍ਰਿਤਸਰ – 20 ਮਈ, ਐਤਵਾਰ ਵਾਲੇ ਦਿਨ 28 ਸਾਲ ਦੇ ਲੰਬੇ ਅਰਸੇ ਤੋਂ ਬਾਅਦ ਸਾਕਾ ਨੀਲਾ ਤਾਰਾ ਦੀ ਯਾਦਗਾਰ ਬਣਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਗੁਰਦੁਆਰਾ ਥੜਾ ਸਾਹਿਬ ਲਾਗੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਤੇ ਬਾਬਾ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਵਲੋਂ ਟੱਕ ਲਾ ਕੇ ਕਾਰ ਸੇਵਾ ਦੀ ਆਰੰਭਤਾ ਜੈਕਾਰਿਆਂ ਦੀ ਗੂੰਜ ਨਾਲ ਕਰ ਦਿੱਤੀ ਗਈ। ਟੱਕ ਲਾਉਣ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਇੰਦਰਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਜਥੇ ਵਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਤੇ ਅਰਦਾਸ ਸਿੰਘ ਸਾਹਿਬ ਗਿ. ਜਸਵਿੰਦਰ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇ ਕੀਤੀ।
ਗੌਰਤਲਬ ਹੈ ਕਿ ਭਾਰਤ ਸਰਕਰ ਵਲੋਂ ਕੀਤੇ ‘ਸਾਕਾ ਨੀਲਾ ਤਾਰਾ’ ਦੇ ਫੌਜੀ ਹਮਲੇ ਵੇਲੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਫੈਡਰੇਸ਼ਨ, ਸੇਵਾ-ਮੁਕਤ ਮੇਜਰ ਜਨਰਲ ਸੁਬੇਗ ਸਿੰਘ, ਸਿੰਘ, ਸਿੰਘਣੀਆਂ, ਬੱਚੇ, ਬੱਚੀਆਂ, ਸ਼ਰਧਾਲੂ ਤੇ ਅਣਗਿਣਤ ਬੇਗੁਨਾਹ ਲੋਕ ਸ਼ਹੀਦ ਹੋ ਗਏ ਸਨ। ਭਾਰਤੀ ਫੌਜ ਨੇ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲਾ ਕਰਦਿਆਂ ਸਿੱਖਾਂ ਦੇ ਸਰਵਉਚ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਤੋਪਾਂ ਦੇ ਗੋਲਿਆਂ ਨਾਲ ਢਹਿ-ਢੇਰੀ ਕਰ ਦਿੱਤਾ ਸੀ, ਜਿਸ ਨਾਲ ਉਸ ਸਮੇਂ ਦੀ ਕਾਂਗਰਸ ਹਕੂਮਤ ਵਿਰੁੱਧ ਸਿੱਖ ਜਗਤ ‘ਚ ਭਾਰੀ ਰੋਹ ਫੈਲ ਗਿਆ ਸੀ। ਸਿੱਖ ਸੰਗਠਨ ਲੰਬੇ ਅਰਸੇ ਤੋਂ ਸ਼ਹੀਦਾਂ ਦੀ ਯਾਦਗਾਰ ਬਣਾਉਣ ਦੀ ਮੰਗ ਕਰ ਰਹੇ ਸਨ।
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸੰਗਤਾਂ ਦੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੂਨ 1984 ਵਿੱਚ ਆਪਣੇ ਹੀ ਦੇਸ਼ ਦੇ ਹਾਕਮਾਂ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰਨ ਤੇ ਸਿੱਖਾਂ ਦੀ ਹੋਂਦ ਹਸਤੀ ਨੂੰ ਮਿਟਾਉਣ ਦਾ ਘਿਨਾਉਣਾ ਯਤਨ ਕੀਤਾ। ਜੂਨ 1984 ਵਿੱਚ ਵਾਪਰੇ ਘਲੂਘਾਰੇ ਸਮੇਂ ਜਿਥੇ ਸਿੱਖ ਕੌਮ ਦਾ ਬਹੁਤ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ, ਉਥੇ ਇਤਿਹਾਸਕ ਤੇ ਵਿਰਾਸਤੀ ਇਮਾਰਤਾਂ ਨੂੰ ਤਹਿਸ-ਨਹਿਸ ਕਰ ਦਿੱਤਾ ਗਿਆ। ਕੌਮੀ ਪੱਧਰ ‘ਤੇ ਇਤਿਹਾਸਕ ਘਟਨਾਵਾਂ, ਘੱਲੂਘਾਰਿਆਂ, ਸਾਕਿਆਂ, ਮੋਰਚਿਆਂ ਤੇ ਲਹਿਰਾਂ ਆਦਿ ਦੀ ਯਾਦ ਵੀ ਹਮੇਸ਼ਾ ਸਾਡੇ ਮਨ ਵਿੱਚ ਰਹਿਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਹੋਏ ਫ਼ੈਸਲੇ ਅਨੁਸਾਰ ਜੂਨ 1984 ਦੇ ਵਾਪਰੇ ਘੱਲੂਘਾਰੇ ਅਤੇ ਸ਼ਹੀਦਾਂ ਦੀ ਯਾਦ ਯਾਦਗਾਰ ਦੇ ਰੂਪ ਵਿੱਚ ਸਥਾਪਤ ਕਰਨ ਲਈ ਅੱਜ ਆਰੰਭਤਾ ਹੋ ਗਈ ਹੈ। ਉਨ੍ਹਾਂ ਨੇ ਬਾਬਾ ਹਰਨਾਮ ਸਿੰਘ ਖ਼ਾਲਸਾ ਨੂੰ ਕਾਰ ਸੇਵਾ ਸੌਂਪਣ ‘ਤੇ ਵਿਰੋਧਤਾ ਕਰਨ ਵਾਲਿਆਂ ਦੀ ਤਿੱਖੀ ਆਲੋਚਨਾ ਵੀ ਕੀਤੀ। ਉਨ੍ਹਾਂ ਕਿਹਾ ਕਿ ਟੋਕਰੀ ਜਾਂ ਗੋਲਕ ਰਾਹੀਂ ਉਗਰਾਹੀ ਨਹੀਂ-ਸਿੰਘ ਸਾਹਿਬ ਨੇ ਇਹ ਸਪੱਸ਼ਟ ਕੀਤਾ ਕਿ ਸ਼ਹੀਦਾਂ ਦੀ ਕਾਰ ਸੇਵਾ ਦੌਰਾਨ ਮਾਇਆ ਲਈ ਟੋਕਰੀ, ਗੋਲਕ ਨਹੀਂ ਰੱਖੀ ਜਾਵੇਗੀ ਅਤੇ ਨਾ ਹੀ ਦੇਸ਼-ਵਿਦੇਸ਼ ਦੀ ਸੰਗਤ ਤੋਂ ਇਸ ਸਬੰਧੀ ਕੋਈ ਉਗਰਾਹੀ ਕੀਤੀ ਜਾਵੇਗੀ। ਸਿੰਘ ਸਾਹਿਬ ਨੇ ਕਿਹਾ ਕਿ ਜਿਸ ਵੀ ਦਾਨੀ ਨੇ ਸੇਵਾ ਕਰਨੀ ਹੋਵੇਗੀ, ਉਹ ਬਾਬਾ ਹਰਨਾਮ ਸਿੰਘ ਖਾਲਸਾ ਨਾਲ ਸੰਪਰਕ ਕਰ ਲਵੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਹੀ ਕੁਰਬਾਨੀਆਂ ਭਰਿਆ ਹੈ। ਜਿਹੜੀ ਕੌਮ ਆਪਣੇ ਸ਼ਹੀਦਾਂ ਨੂੰ ਯਾਦ ਨਹੀਂ ਰੱਖਦੀ ਉਹ ਦੁਨੀਆ ਦੇ ਨਕਸ਼ੇ ਤੋਂ ਖ਼ਤਮ ਹੋ ਜਾਂਦੀ ਹੈ। ਕੁਰਬਾਨੀਆਂ ਹੀ ਇਤਿਹਾਸ ਸਿਰਜਦੀਆਂ ਹਨ। ਉਨ੍ਹਾਂ ਕਿਹਾ ਕਿ ਜੂਨ 1984 ‘ਚ ਉਸ ਸਮੇਂ ਦੀ ਕਾਂਗਰਸ ਸਰਕਾਰ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਆਪਣੇ ਹੀ ਦੇਸ਼ ਦੀ ਫੌਜ ਵਲੋਂ ਹਮਲਾ ਕਰਵਾ ਕੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ। ਸਿੱਖ ਕੌਮ ਇਸ ਨੂੰ ਤੀਜੇ ਵੱਡਾ ਘੱਲੂਘਾਰਾ ਦੇ ਰੂਪ ‘ਚ ਵੇਖਦੀ ਹੈ। ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਉਹ ਦੇਸ਼-ਵਿਦੇਸ਼ ਦੀਆਂ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਕਾਰ ਸੇਵਾ ਮੁਕੰਮਲ ਕਰਨਗੇ। ਉਨ੍ਹਾਂ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਸਮੁੱਚਾ ਸਿੱਖ ਪੰਥ ਮਿਲ ਕੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ ਸਹਿਯੋਗ ਦੇਣ।