ਲੇਬਰ ਦੀ ਅਗਵਾਈ ਵਾਲੀ ਸਰਕਾਰ ਨੇ 2017 ਦੀਆਂ ਆਮ ਚੋਣਾਂ ਦੇ ਪ੍ਰਚਾਰ ਸਮੇਂ ਇਸ ਗੱਲ ਦਾ ਵਾਅਦਾ ਕੀਤਾ ਸੀ ਕਿ ਉਹ ਕੋਈ ਨਵਾਂ ਟੈਕਸ ਨਹੀਂ ਲਗਾਏਗੀ। ਮੈਨੂੰ ਨਹੀਂ ਲਗਦਾ ਮੇਰਾ ਇਹ ਕਹਿਣਾ ਗ਼ਲਤ ਹੋਵੇਗਾ ਕਿ ਉਨ੍ਹਾਂ ਨੇ ਆਪਣੇ ਸਾਰੇ ਚੋਣ ਵਾਅਦਿਆਂ ਨੂੰ ਤੋੜ ਦਿੱਤਾ ਹੈ। ਉਨ੍ਹਾਂ ਨੇ ਕਈ ਕਾਰਜ ਸਮੂਹਾਂ ਦਾ ਗਠਨ ਕੀਤਾ ਹੈ ਅਤੇ ਇਨ੍ਹਾਂ ਕਾਰਜ ਸਮੂਹਾਂ ਦੇ ਭੁਗਤਾਨ ਕਰਨ ਲਈ ਨਵੇਂ ਟੈਕਸਾਂ ਦੀ ਸ਼ੁਰੂਆਤ ਕੀਤੀ ਹੈ। ਜਦੋਂ ਪੈਟਰੋਲ ਦੀਆਂ ਕੀਮਤਾਂ ਵਧਦੀਆਂ ਜਾ ਰਹੀਆਂ ਹਨ, ਇਸ ਸਮੇਂ ਸਾਡੇ ਕੋਲ ਅਜਿਹੀ ਸਰਕਾਰ ਹੈ ਜੋ ਹਰ ਰੋਜ਼ ਪਰਿਵਾਰਾਂ ਦੇ ਖ਼ਰਚੇ ‘ਤੇ ਆਪਣੇ ਖ਼ੁਦ ਦੇ ਖ਼ਜ਼ਾਨੇ ਭਰਨਾ ਚਾਹੁੰਦੀ ਹੈ। ਟੈਕਸਾਂ ਦੇ ਕਰਕੇ ਤੇਲ ਦੀਆਂ ਵਧੀਆਂ ਕੀਮਤਾਂ ਦਾ ਅਸਰ ਬਿਨਾਂ ਸ਼ੱਕ ਸਾਡੇ ਭੋਜਨ ਅਤੇ ਰੋਜ਼ਾਨਾ ਦੀ ਵਰਤੋ ਦੀਆਂ ਆਮ ਚੀਜ਼ਾਂ ‘ਤੇ ਅਸਰ ਪਾਏਗਾ। ਇਸ ਨਾਲ ਲੋਕਾਂ ਵੱਲੋਂ ਘੱਟ ਖ਼ਰਚਣ ਦਾ ਦੌਰ ਸ਼ੁਰੂ ਹੋ ਸਕਦਾ ਹੈ ਅਤੇ ਸਾਡੀ ਅਰਥਵਿਵਸਥਾ ਹੌਲੀ ਹੋ ਸਕਦੀ ਹੈ।
ਛੋਟੇ ਅਤੇ ਮੱਧਮ ਦਰਜੇ ਦੇ ਉਦਯੋਗ ਪੈਦਾਵਾਰ ਘੱਟ ਕਰ ਸਕਦੇ ਹਨ ਅਤੇ ਕਾਮੇ ਰੱਖਣ ਦੀ ਗਿਣਤੀ ਘਟਾ ਸਕਦੇ ਹਨ। ਛੋਟੇ ਅਤੇ ਮੱਧਮ ਦਰਜੇ ਦੇ ਕਈ ਉਦਯੋਗ ਮੇਰੇ ਚੋਣ ਹਲਕੇ ਪੂਰਬੀ ਮੈਨੁਕਾਓ ਵਿੱਚ ਸਥਿਤ ਹਨ। ਹਾਲ ਹੀ ਵਿੱਚ ਸੰਸਦ ਦੇ ਅੰਤਰਾਲ ਦੌਰਾਨ ਮੈਂ ਕੁੱਝ ਐੱਸ. ਐਮ. ਈ. (ਸਮਾਲ-ਮੀਡੀਅਮ ਇੰਟਰਪ੍ਰਾਜ਼ਿਜ) ਲੋਕਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੇ ਦੱਸਿਆ ਕਿ ਇਸ ਸਰਕਾਰ ਵੱਲੋਂ ਨੀਤੀਆਂ ‘ਚ ਕੀਤੇ ਬਦਲਾਵਾਂ ਕਰਕੇ ਉਨ੍ਹਾਂ ਦੇ ਵਪਾਰਾਂ ‘ਤੇ ਬੁਰਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਇਸ ਤੋਂ ਇਲਾਵਾ ਲੇਬਰ ਸਰਕਾਰ ਦੇ ਟੈਕਸਾਂ ਦੇ ਮਾੜੇ ਪ੍ਰਭਾਵ ਸਾਡੇ ਛੋਟੇ ਅਤੇ ਮੱਧਮ ਉਦਯੋਗਾਂ ਤੱਕ ਹੀ ਸੀਮਤ ਨਹੀਂ ਹਨ। ਮੇਰੇ ਚੋਣ ਹਲਕੇ ਪੂਰਬੀ ਮੈਨੁਕਾਓ ਦੇ ਵਸਨੀਕਾਂ ਨੇ ਹਾਲ ਹੀ ਵਿੱਚ ਇੱਕ ਮੁਲਾਕਾਤ ਦੌਰਾਨ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਜਾਪਦਾ ਹੈ ਕਿ ਉਹ ਸਖ਼ਤ ਮਿਹਨਤ ਆਪਣੇ ਪਰਿਵਾਰਾਂ ਦੀ ਸਹਾਇਤਾ ਕਰਨ ਲਈ ਨਹੀਂ, ਬਲਕਿ ਟੈਕਸ ਅਦਾ ਕਰਨ ਲਈ ਕਰ ਰਹੇ ਹਨ, ਤਾਂ ਜੋ ਇਸ ਤਰ੍ਹਾਂ ਦੀ ਵਿਚਾਰਧਾਰਾ ਦੀ ਅਗਵਾਈ ਕਰਨ ਵਾਲੀ ਸਰਕਾਰ ਆਪਣੇ ਕਾਰਜ ਸਮੂਹਾਂ ਲਈ ਭੁਗਤਾਨ ਕਰਨਾ ਜਾਰੀ ਰੱਖ ਸਕੇ।
ਪ੍ਰਵਾਸੀ ਭਾਈਚਾਰਿਆਂ ਦੇ ਬਹੁਤ ਸਾਰੇ ਲੋਕਾਂ ਨੇ ਵੀ ਇਸੇ ਤਰ੍ਹਾਂ ਦੇ ਵਿਚਾਰ ਸਾਂਝੇ ਕੀਤੇ ਹਨ। ਨਿਊਜ਼ੀਲੈਂਡ ਆਉਣ ਪਿੱਛੇ ਉਨ੍ਹਾਂ ਦੀ ਸੋਚ ਸਖ਼ਤ ਮਿਹਨਤ ਕਰਨਾ, ਸਥਾਨਕ ਅਰਥਵਿਵਸਥਾ ਵਿੱਚ ਸਹਿਯੋਗ ਦੇਣਾ ਅਤੇ ਬਿਹਤਰ ਭਵਿੱਖ ਲਈ ਬੱਚਤ ਕਰਨਾ ਹੈ। ਹਾਲਾਂ ਕਿ ਜਦੋਂ ਉਨ੍ਹਾਂ ਦੀ ਸਖ਼ਤ ਮਿਹਨਤ ਟੈਕਸ ਅਦਾ ਕਰਨ ਵਿੱਚ ਲੱਗ ਜਾਂਦੀ ਹੈ ਤਾਂ ਉਨ੍ਹਾਂ ਦਾ ਉਤਸ਼ਾਹ ਖ਼ਤਮ ਹੋ ਜਾਂਦਾ ਹੈ। ਨੈਸ਼ਨਲ ਪਾਰਟੀ ਦੀ ਸਰਕਾਰ ਸਮੇਂ ਅਸੀਂ ਦੇਸ਼ ਭਰ ਵਿੱਚ ਨਵੇਂ ਸੜਕ ਪ੍ਰਾਜੈਕਟਾਂ ਲਈ ਰਿਕਾਰਡ ਲੈਵਲ ਦੇ ਨਿਵੇਸ਼ ਕੀਤੇ ਸਨ। ਅਸੀਂ ਜਨਤਕ ਆਵਾਜਾਈ ਸਾਧਨਾਂ ਦੇ ਨਾਲ ਨਾਲ ਨਵੀਆਂ ਆਵਾਜਾਈ ਤਕਨੀਕਾਂ ਲਈ ਭਾਰੀ ਨਿਵੇਸ਼ ਕੀਤੇ ਸਨ। ਇਹ ਸਾਡੀ ਦੂਰ ਦ੍ਰਿਸ਼ਟੀ ਸੀ ਜਿਸ ਸਦਕਾ ਆਕਲੈਂਡ ਵਿੱਚ ਸਾਨੂੰ ਵਿਕਟੋਰੀਆ ਪਾਰਕ ਟਨਲ, ਪੱਛਮੀ ਰਿੰਗ ਰੂਟ ਅਤੇ ਬਿਹਤਰ ਵਾਟਰਵਿਊ ਕੁਨੈਕਸ਼ਨ ਪ੍ਰਾਪਤ ਹੋਏ।
ਇਹ ਸਾਡੇ ਯਤਨ ਸੀ ਜਿਸ ਨਾਲ ਦੱਖਣੀ ਮੋਟਰਵੇਅ ਦੀਆਂ ਸੜਕਾਂ ਹੋਰ ਚੌੜੀਆਂ ਕੀਤੀਆਂ ਗਈਆਂ, ਅਰਬਨ ਸਾਈਕਲ ਵੇਅ ਬਣਾਇਆ ਗਿਆ ਤੇ ਪੁਹੋਈ ਤੋਂ ਵਾਰਕਵਰਥ ਦਾ ਪ੍ਰੋਜੈਕਟ ਹੋਂਦ ‘ਚ ਆਇਆ। ਸਾਨੂੰ ਨਿਊਜ਼ੀਲੈਂਡਰਾਂ ਲਈ ਕਈ ਤਰ੍ਹਾਂ ਦੀਆਂ ਸੜਕਾਂ ਅਤੇ ਬਿਹਤਰ ਜਨਤਕ ਆਵਾਜਾਈ ਦੇ ਸਾਧਨਾਂ ਦੀ ਲੋੜ ਹੈ। ਨਿਊਜ਼ੀਲੈਂਡਰ ਇੱਕ ਬਿਹਤਰ ਫ਼ੈਸਲੇ ਲੈਣ ਵਾਲੀ ਸਰਕਾਰ ਦੇ ਹੱਕਦਾਰ ਹਨ ਅਤੇ ਅਜਿਹੇ ਫ਼ੈਸਲਿਆਂ ‘ਚ ਵਿਚਾਰਕ ਤੌਰ ‘ਤੇ ਬੇਸ਼ੱਕ ਵਾਧੂ ਕਰ ਅਦਾ ਕਰਨਾ ਸ਼ਾਮਿਲ ਨਹੀਂ ਹੈ।
ਕੰਵਲਜੀਤ ਸਿੰਘ ਬਖਸ਼ੀ
ਲਿਸਟ ਐਮ. ਪੀ. ਮੈਨੁਕਾਓ ਈਸਟ
Columns ਸਾਡੇ ਰਹਿਣ ਸਹਿਣ ਦੇ ਖ਼ਰਚਿਆਂ ਵਿੱਚ ਨਵੇਂ ਟੈਕਸਾਂ ਦਾ ਵਾਧਾ