ਸਾਰਾਗੜ੍ਹੀ ਦੀ ਲੜਾਈ ਦੀ 115ਵੀਂ ਵਰ੍ਹੇਗੰਢ ਮੌਕੇ 21 ਸ਼ਹੀਦਾਂ ਨੂੰ ਨਿੱਘੀਆਂ ਸ਼ਰਧਾਂਜਲੀਆਂ
ਚੰਡੀਗੜ੍ਹ, 12 ਸਤੰਬਰ (ਏਜੰਸੀ) – ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਹ ਐਲਾਨ ਕੀਤਾ ਹੈ ਕਿ 12 ਸਤੰਬਰ, 1897 ਨੂੰ ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ਦੌਰਾਨ 10,000 ਤੋਂ ਵੱਧ ਪਸ਼ਤੂਨ ਫ਼ੌਜਾਂ ਨਾਲ ਲੋਹਾ ਲੈਣ ਅਤੇ ਸੈਂਕੜਿਆਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ 36 ਸਿੱਖ ਰੈਜੀਮੈਂਟ ਦੇ 21 ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਇੱਕ ਨਿਮਾਣੀ ਸ਼ਰਧਾਂਜਲੀ….. ਵਜੋਂ ਇਸ ਬਹਾਦਰੀ ਗਾਥਾ ਨੂੰ ਸਕੂਲੀ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾਵੇਗਾ।
ਚੰਡੀਮੰਦਰ ਸਥਿਤ ਗੁਰਦਵਾਰਾ ਸਾਹਿਬ ਵਿਖੇ ਸਾਰਾਗੜ੍ਹੀ ਦਿਵਸ ਸਮਾਗਮ ਦੌਰਾਨ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸ. ਬਾਦਲ ਨੇ ਕਿਹਾ ਕਿ ਹੌਲਦਾਰ ਈਸ਼ਰ ਸਿੰਘ ਦੀ ਅਗਵਾਈ ਵਿੱਚ 36 ਸਿੱਖ ਰੈਜੀਮੈਂਟ (ਜੋ ਹੁਣ 4 ਸਿੱਖ ਰੈਜੀਮੈਂਟ ਹੈ) ਦੇ ਉਨ੍ਹਾਂ 21 ਯੋਧਿਆਂ ਨੇ ਆਪਣੀ ਪੋਸਟ ਨੂੰ ਛੱਡਣ ਦੀ ਬਜਾਏ ਆਖ਼ਰੀ ਗੋਲੀ ਅਤੇ ਆਖ਼ਰੀ ਦਮ ਤੱਕ ਦੁਸ਼ਮਣ ਨਾਲ ਲੋਹਾ ਲੈਂਦਿਆਂ ਦੁਨੀਆਂ ਦੇ ਇਤਿਹਾਸ ਵਿੱਚ ਬਹਾਦਰੀ ਦੀ ਨਵੀਂ ਮਿਸਾਲ ਕਾਇਮ ਕੀਤੀ ਸੀ। ਉਨ੍ਹਾਂ ਕਿਹਾ ਕਿ ਉਸ ਵੇਲੇ ਦਾ ਸਰਬਉਚ ਬਹਾਦਰੀ ਐਵਾਰਡ ‘ਇੰਡੀਅਨ ਆਰਡਰ ਆਫ਼ ਮੈਰਿਟ’ ਮਰਨ ਉਪਰੰਤ ਹਾਸਲ ਕਰਨ ਵਾਲੇ ਇਨ੍ਹਾਂ ਯੋਧਿਆਂ ‘ਤੇ ਸਾਨੂੰ ਹਮੇਸ਼ਾ ਮਾਣ ਰਹੇਗਾ। ਉਨ੍ਹਾਂ ਕਿਹਾ ਕਿ ਇਸ ਲੜਾਈ ਦੀ ਅਹਿਮੀਅਤ ਨੂੰ ਇਥੋਂ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਯੂਨੈਸਕੋ ਵੱਲੋਂ ਬੱਚਿਆਂ ਲਈ ਪ੍ਰਕਾਸ਼ਤ ਕੀਤੀਆਂ ਗਈਆਂ 8 ਬਹਾਦਰੀ ਗਾਥਾਵਾਂ ਵਿੱਚੋਂ ਇੱਕ ਗਾਥਾ ਸਾਰਾਗੜ੍ਹੀ ਦੀ ਵੀ ਹੈ। ਉਨ੍ਹਾਂ ਕਿਹਾ ਕਿ ਇਹ ਸਾਡਾ ਫ਼ਰਜ਼ ਬਣਦਾ ਹੈ ਕਿ ਇਤਿਹਾਸ ਦੀਆਂ ਅਜਿਹੀਆਂ ਮਹਾਨ ਘਟਨਾਵਾਂ ਨੂੰ ਸਾਡੇ ਸਕੂਲੀ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਆਪਣੇ ਮਨਾਂ ਅੰਦਰ ਬਹਾਦਰੀ ਅਤੇ ਦੇਸ਼ ਭਗਤੀ ਦਾ ਜਜ਼ਬਾ ਹੋਰ ਮਜ਼ਬੂਤ ਕਰ ਸਕਣ।
ਉਨ੍ਹਾਂ ਸਿਆਚਿਨ ਸਮੇਤ ਹੋਰਨਾਂ ਰਣਨੀਤਕ ਅਹਿਮੀਅਤ ਵਾਲੇ ਪਰ ਬੇਹਦ ਕਠਿਨ ਸਥਾਨਾਂ ‘ਤੇ ਤੈਨਾਤ ਭਾਰਤੀ ਸੈਨਿਕਾਂ ਦੀ ਗੱਲ ਕਰਦਿਆਂ ਕਿਹਾ ਕਿ ਅਜਿਹੀਆਂ ਥਾਵਾਂ ‘ਤੇ ਸੰਸਦ ਮੈਂਬਰਾਂ ਦੇ ਵਫ਼ਦ ਭੇਜੇ ਜਾਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਨੂੰ ਖ਼ੁਦ ਇਹ ਮਹਿਸੂਸ ਹੋ ਸਕੇ ਕਿ ਸਾਡੇ ਬਹਾਦਰ ਸੈਨਿਕ ਨਾ ਕੇਵਲ ਦੁਸ਼ਮਣ ਬਲਕਿ ਬੇਹਦ ਖ਼ਤਰਨਾਕ ਮੌਸਮ ਨਾਲ ਵੀ ਨਿਰੰਤਰ ਜੂਝਦੇ ਹਨ। ਉਨ੍ਹਾਂ ਦੱਸਿਆ ਕਿ ਫ਼ਿਲਮ ਅਭਿਨੇਤਾ ਸੰਜੇ ਦੱਤ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਉਹ ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ਬਾਰੇ ਇੱਕ ਫ਼ਿਲਮ ਬਣਾ ਰਹੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਇਸ ਪ੍ਰਾਜੈਕਟ ਲਈ ਹਰ ਸੰਭਵ ਸਹਾਇਤਾ ਦੀ ਪੇਸ਼ਕਸ਼ ਕੀਤੀ ਗਈ ਹੈ।
ਇਸ ਮੌਕੇ ਵੱਖ-ਵੱਖ ਸਿੱਖ ਰੈਜੀਮੈਂਟਾਂ ਵੱਲੋਂ ਦੇਸ਼ ਨੂੰ ਦਰਪੇਸ਼ ਕਿਸੇ ਵੀ ਚੁਣੌਤੀ ਮੌਕੇ ਨਿਭਾਈ ਗਈ ਫ਼ੈਸਲਾਕੁਨ ਭੂਮਿਕਾ ਦੇ ਬੇਮਿਸਾਲ ਯੋਗਦਾਨ ਨੂੰ ਯਾਦ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਨ੍ਹਾਂ ਰੈਜੀਮੈਂਟਾਂ ਦੇ ਮਹਾਨ ਯੋਧੇ ਆਪਣੇ ਗੌਰਵਮਈ ਇਤਿਹਾਸ ਨੂੰ ਬਰਕਰਾਰ ਰਖਦਿਆਂ ਭਵਿੱਖ ਵਿੱਚ ਵੀ ਪੂਰੀ ਸਮਰਪਨ ਭਾਵਨਾ ਨਾਲ ਦੇਸ਼ ਦੀ ਸੇਵਾ ਕਰਨਗੇ। ਉਨ੍ਹਾਂ ਇਸ ਮੌਕੇ 4 ਸਿੱਖ ਰੈਜੀਮੈਂਟ ਦੇ ਅਧਿਕਾਰੀਆਂ ਨੂੰ ਵੱਖ-ਵੱਖ ਭਲਾਈ ਮੰਤਵਾਂ ਲਈ 11 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਭੇਟ ਕੀਤਾ। ਇਸ ਤੋਂ ਇਲਾਵਾ ਰੈਜੀਮੈਂਟ ਨੂੰ 2 ਐਲ.ਸੀ.ਡੀ., 8 ਡੀਪ ਫ਼ਰੀਜ਼ਰ, 8 ਵਾਟਰ ਪਿਊਰੀਫ਼ਾਇਰ ਅਤੇ ਲੋੜੀਂਦੀਆਂ ਖੇਡ ਕਿੱਟਾਂ ਪ੍ਰਦਾਨ ਕਰਨ ਦਾ ਵੀ ਐਲਾਨ ਕੀਤਾ। ਇਸ ਤੋਂ ਪਹਿਲਾਂ ਰੈਜੀਮੈਂਟ ਦੇ ਅਧਿਕਾਰੀਆਂ ਅਤੇ ਜਵਾਨਾਂ ਵੱਲੋਂ ਉਪ ਮੁੱਖ ਮੰਤਰੀ ਨੂੰ ਸਿਰੋਪਾਉ ਦੇ ਕੇ ਸਨਮਾਨਤ ਕੀਤਾ ਗਿਆ।
Indian News ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ਦੀ ਗਾਥਾ ਸਕੂਲੀ ਪਾਠਕ੍ਰਮ ਦਾ ਹਿੱਸਾ ਬਣੇਗੀ: ਸੁਖਬੀਰ...