ਸਿਹਤਮੰਦ ਸਰੀਰ ਲਈ ਪੈਦਲ ਚੱਲਣਾ ਜ਼ਰੂਰੀ

ਮਾਸਟਰ ਸੰਜੀਵ ਧਰਮਾਣੀ
( ਸਟੇਟ ਅੇੈਵਾਰਡੀ )
ਸ਼੍ਰੀ ਅਨੰਦਪੁਰ ਸਾਹਿਬ
ਸਾਹਿਤ ਵਿੱਚ ਕੀਤੇ ਕੰਮਾਂ ਲਈ ਲੇਖਕ ਦਾ ਨਾਂ ” ਇੰਡੀਆ ਬੁੱਕ ਆੱਫ਼ ਰਿਕਾਰਡਜ਼ ” ਵਿੱਚ ਦਰਜ਼ ਹੈ।
Mobil: 9478561356

ਸਿਆਣੇ ਸੱਚ ਕਹਿ ਗਏ ਹਨ ਕਿ ਤੁਰਨਾ ਹੀ ਜ਼ਿੰਦਗੀ ਹੈ ।ਗੱਲ ਸਹੀ ਵੀ ਹੈ ਕਿ ਤੁਰਦੇ ਰਹਿਣਾ ਮੰਜ਼ਿਲਾਂ ਵੱਲ ਲੈ ਜਾਂਦਾ ਹੈ , ਪਰ ਜਿਸ ਤੁਰਨ ਦੀ ਗੱਲ ਅੱਜ ਅਸੀਂ ਕਰਨ ਜਾ ਰਹੇ ਹਾਂ , ਉਸ ਤੋਂ ਭਾਵ ਹੈ : ਪੈਦਲ ਚੱਲਣਾ , ਪੈਦਲ ਤੁਰਨਾ , ਟਹਿਲਣਾ । ਕੋਈ ਸਮਾਂ ਹੁੰਦਾ ਸੀ ਜਦ ਹਰ ਵਿਅਕਤੀ ਆਪਣੇ ਕੰਮ ਕਾਰ ਲਈ ਤੇ ਮੰਜ਼ਲ ਤੱਕ ਪਹੁੰਚਣ ਦੇ ਲਈ ਪੈਦਲ ਚੱਲ ਕੇ ਘਰੋਂ ਜਾਂਦਾ ਹੁੰਦਾ ਸੀ , ਪਰ ਸਮੇਂ ਦੀ ਤਬਦੀਲੀ ਦੇ ਨਾਲ – ਨਾਲ ਮਨੁੱਖ ਨੇ ਆਪਣੀ ਸੁੱਖ – ਸੁਵਿਧਾ ਵਧਾਉਣ ਹਿੱਤ ਊਠਾਂ , ਘੋੜਿਆਂ , ਬੈਲ ਗੱਡੀਆਂ , ਟਾਂਗਿਆਂ /ਯੱਕਿਆਂ ਆਦਿ ਦੀ ਵਰਤੋਂ ਕਰਨੀ ਆਰੰਭ ਕਰ ਦਿੱਤੀ । ਫਿਰ ਸਾਈਕਲ ਦਾ ਜ਼ਮਾਨਾ ਆ ਗਿਆ ਅਤੇ ਇਨ੍ਹਾਂ ਸਾਧਨਾਂ ਨੇ ਸਾਡੇ ਸਮੇਂ ਦੀ ਕਾਫ਼ੀ ਬੱਚਤ ਕੀਤੀ ਅਤੇ ਹਰ ਕੋਈ ਕਾਫ਼ੀ ਜਲਦੀ ਆਪਣੇ ਥਾਂ – ਟਿਕਾਣੇ ਸਿਰ ਪਹੁੰਚਣ ਲੱਗ ਪਿਆ । ਫੇਰ ਵਿਗਿਆਨ ਨੇ ਤਰੱਕੀ ਕੀਤੀ ਤੇ ਨਵੀਆਂ – ਨਵੀਆਂ ਕਾਢਾਂ ਕੱਢੀਆਂ ਅਤੇ ਮਨੁੱਖ ਦੀ ਸੁੱਖ – ਸੁਵਿਧਾ ਲਈ ਨਵੇਂ – ਨਵੇਂ ਔਜ਼ਾਰ ਯੰਤਰ ਇਜਾਦ ਕੀਤੇ। ਇਸ ਨਾਲ ਬਹੁਤ ਜ਼ਿਆਦਾ ਤਰੱਕੀ ਵੀ ਹੋਈ ਅਤੇ ਸਾਡੇ ਸਮੇਂ ਤੇ ਧਨ ਦੀ ਬੱਚਤ ਵੀ ਹੋਈ। ਵਿਗਿਆਨ ਦੀ ਤਰੱਕੀ ਨੇ ਮਸ਼ੀਨੀਕਰਨ ਦਾ ਯੁੱਗ ਲਿਆ ਦਿੱਤਾ ਅਤੇ ਹਰ ਕੋਈ ਸਾਈਕਲਾਂ ਨੂੰ ਛੱਡ ਮੋਟਰਸਾਈਕਲਾਂ , ਸਕੂਟਰਾਂ , ਵਿੱਕੀਆਂ , ਕਾਰਾਂ , ਟੈਂਪੂ, ਥ੍ਰੀ – ਵੀਲਰ ਆਦਿ ਰਾਹੀਂ ਸਫ਼ਰ ਕਰਨ ਲੱਗ ਪਿਆ , ਪਰ ਇਸ ਸਾਰੀ ਸੁੱਖ – ਸੁਵਿਧਾ ਦੇ ਨਾਲ ਜਿੱਥੇ ਹੋਰ ਬਹੁਤ ਅਨੇਕਾਂ ਲਾਭ ਹੋਏ , ਉੱਥੇ ਸਾਡੇ ਸਰੀਰ ‘ਤੇ ਵੀ ਬੁਰਾ ਪ੍ਰਭਾਵ ਪਿਆ ; ਕਿਉਂਕਿ ਸਰੀਰ ਦੀ ਥਾਂ ਮਸ਼ੀਨ /ਯੰਤਰ ਕੰਮ ਕਰਨ ਲੱਗੇ ਅਤੇ ਅਸੀਂ ਬਹੁਤ ਜ਼ਿਆਦਾ ਸੁੱਖ – ਸੁਵਿਧਾਵਾਂ ਵਿੱਚ ਉਲਝ ਕੇ ਰਹਿ ਗਏ । ਅੱਜ ਮੁੜ ਸੋਚਣ ਦੀ, ਵਿਚਾਰਨ ਦੀ ਅਤੇ ਅਮਲ ਕਰਨ ਦੀ ਵਾਰੀ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਵੱਧ ਤੋ ਵੱਧ ਜਿੰਨਾ ਵੀ ਸੰਭਵ ਹੋ ਸਕੇ ਹਰ ਛੋਟੇ – ਵੱਡੇ ਕੰਮ ਨੂੰ ਪੈਦਲ ਚੱਲ ਕੇ ਕਰੀਏ , ਵੱਧ ਤੋਂ ਵੱਧ ਪੈਦਲ ਚੱਲੀਏ , ਭਾਵੇਂ ਉਹ ਸਵੇਰ ਦੀ ਸੈਰ ਹੋਵੇ ਜਾਂ ਸ਼ਾਮ ਦਾ ਟਹਿਲਣਾ ਹੋਵੇ ਜਾਂ ਕਿਸੇ ਕੰਮਕਾਰ ਦੇ ਲਈ ਦੁਕਾਨ ਜਾਂ ਕਿਸੇ ਹੋਰ ਸਥਾਨ ‘ਤੇ ਜਾਣਾ ਹੋਵੇ , ਸਾਨੂੰ ਪੈਦਲ ਜਾਣ ਨੂੰ ਤਰਜੀਹ ਦੇਣੀ ਚਾਹੀਦੀ ਹੈ ; ਕਿਉਂਕਿ ਪੈਦਲ ਜਾਣ ਦੇ ਇੰਨੇ ਜ਼ਿਆਦਾ ਸਾਡੇ ਸਰੀਰ ਨੂੰ , ਸਾਡੇ ਮਨ ਨੂੰ , ਸਾਡੀਆਂ ਭਾਵਨਾਵਾਂ ਨੂੰ ਤੇ ਸਾਡੀ ਸੋਚ ਨੂੰ ਲਾਭ ਹਨ /ਫਾਇਦੇ ਹਨ ਕਿ ਇਨ੍ਹਾਂ ਬਾਰੇ ਲਿਖਣਾ , ਦੱਸਣਾ ਜਾਂ ਵਿਚਾਰ ਕਰਕੇ ਵਿਅਕਤ ਕਰਨਾ ਸ਼ਾਇਦ ਸੂਰਜ ਨੂੰ ਦੀਵਾ ਦਿਖਾਉਣ ਦੇ ਬਰਾਬਰ ਹੈ। ਪੈਦਲ ਚੱਲਣ ਸਮੇਂ ਜਿੱਥੋਂ ਤੱਕ ਸੰਭਵ ਹੋ ਸਕੇ ਵਧੇਰੇ ਗੱਲਬਾਤ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਨੱਕ ਰਾਹੀਂ ਆਕਸੀਜਨ ਅੰਦਰ ਖਿੱਚੀ ਜਾ ਸਕੇ ਅਤੇ ਪੈਦਲ ਚੱਲਣ , ਟਹਿਲਣ , ਸੈਰ ਕਰਨ ਦਾ ਵੱਧ ਤੋਂ ਵੱਧ ਸਾਨੂੰ ਲਾਭ ਮਿਲ ਸਕੇ। ਕਈ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਜੇਕਰ ਅਸੀਂ ਨੰਗੇ ਪੈਰ ( ਬਿਨਾਂ ਚੱਪਲ / ਬੂਟ ਆਦਿ ਪਾਏ ਤੋਂ ) ਸਾਫ ਮਿੱਟੀ ‘ਤੇ ਚੱਲੀਏ ਤਾਂ ਇਸ ਨਾਲ ਸਾਨੂੰ ਇੱਕ ਵੱਖਰੀ ਤਰ੍ਹਾਂ ਦੀ ਤਾਜ਼ਗੀ , ਊਰਜਾ ਅਤੇ ਸ਼ਕਤੀ ਪ੍ਰਾਪਤ ਹੁੰਦੀ ਹੈ । ਹਰੇ – ਭਰੇ ਸਾਫ਼ – ਸੁਥਰੇ ਘਾਹ ‘ਤੇ ਚੱਲਣਾ ਵੀ ਸਾਡੇ ਸਰੀਰ ਲਈ ਸਾਡੀਆਂ ਅੱਖਾਂ ਦੇ ਲਈ ਲਾਭਦਾਇਕ ਹੁੰਦਾ ਹੈ । ਇਸ ਲਈ ਬਹੁਤੀ ਗੱਲ ਨਾ ਕਰਦੇ ਹੋਏ ਅੱਜ ਆਪਣੀ ਸਰੀਰਕ , ਮਾਨਸਿਕ ਤੇ ਬੌਧਿਕ ਤੰਦਰੁਸਤੀ ਦੇ ਲਈ ਸਾਨੂੰ ਮੁੜ ਪੈਦਲ ਚੱਲਣ ਵੱਲ ਆਪਣੇ ਆਪ ਨੂੰ ਮੋੜਨਾ ਪਵੇਗਾ , ਵਿਚਾਰਨਾ ਪਵੇਗਾ ਅਤੇ ਆਪਣੀ ਸੋਚ ਬਦਲਣੀ ਪਵੇਗੀ ।ਪੈਦਲ ਚੱਲਣ ਵਿੱਚ ਸਾਨੂੰ ਕਿਸੇ ਤਰ੍ਹਾਂ ਦੀ ਸ਼ੰਕਾ ਜਾਂ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਪੈਦਲ ਚੱਲਣ ਨੂੰ ਜਾਂ ਪੈਦਲ ਚੱਲਣ ਵਾਲੇ ਨੂੰ ਤ੍ਰਿਸਕਾਰ ਦੀ ਨਜ਼ਰ ਨਾਲ ਦੇਖਣਾ – ਸਮਝਣਾ ਚਾਹੀਦਾ ਹੈ ; ਕਿਉਂਕਿ ਪੈਦਲ ਚੱਲਣਾ ਕੁਦਰਤ ਵੱਲੋਂ ਦਿੱਤੀ ਹੋਈ ਇੱਕ ਵਿਧੀ ਹੈ , ਇੱਕ ਯੋਗਤਾ ਹੈ । ਭਾਵੇਂ ਥੋੜ੍ਹਾ ਹੀ ਪੈਦਲ ਚੱਲੀਏ , ਜ਼ਰੂਰ ਚੱਲਣਾ ਚਾਹੀਦਾ ਹੈ । ਇਸ ਨਾਲ ਜਿੱਥੇ ਸਰੀਰਿਕ ਤੌਰ ‘ਤੇ ਲਾਭ ਹੁੰਦਾ ਹੀ ਹੈ , ਉੱਥੇ ਹੀ ਧੁਨੀ ਪ੍ਰਦੂਸ਼ਣ ਤੇ ਹਵਾ ਪ੍ਰਦੂਸ਼ਣ ਤੋਂ ਵੀ ਕਾਫੀ ਹੱਦ ਤੱਕ ਮੁਕਤੀ ਮਿਲਣ ਦੀ ਸੰਭਾਵਨਾ ਬਣਦੀ ਹੈ ਅਤੇ ਸਾਡੇ ਕੀਮਤੀ ਕੁਦਰਤੀ ਖਣਿਜ ਪਦਾਰਥਾਂ ਪੈਟਰੋਲ , ਡੀਜ਼ਲ ਆਦਿ ਦੀ ਵੀ ਬੱਚਤ ਹੋ ਸਕਦੀ ਹੈ ਅਤੇ ਵਾਤਾਵਰਨ ਦੀ ਸ਼ੁੱਧਤਾ ਵਿੱਚ ਵੀ ਵਾਧਾ ਹੋ ਸਕਦਾ ਹੈ , ਜੋ ਕਿ ਸਾਡੇ ਲਈ ਅਤੇ ਸਾਡੀਆਂ ਆਉਣ ਵਾਲੀਆਂ ਨਵੀਆਂ ਪੀੜ੍ਹੀਆਂ ਦੇ ਲਈ ਬਹੁਤ ਜ਼ਰੂਰੀ ਹੈ । ਸਾਡੇ ਰਾਸ਼ਟਰਪਿਤਾ ਸਤਿਕਾਰਯੋਗ ਮਹਾਤਮਾ ਗਾਂਧੀ ਜੀ ਨੇ ਵੀ ਪੈਦਲ ਚੱਲਣ ਤੇ ਟਹਿਲਣ ਨੂੰ ” ਕਸਰਤਾਂ ਦੀ ਰਾਣੀ ” ਕਹਿ ਕੇ ਸਤਿਕਾਰ ਵਜੋਂ ਨਿਵਾਜਿਆ ਹੈ ਅਤੇ ਇਸ ਦੀ ਵਿਸ਼ੇਸ਼ਤਾ ਨੂੰ ਸਮਝਿਆ ਹੈ ਤੇ ਆਪਣੇ ਜੀਵਨ ਵਿੱਚ ਅਪਣਾਇਆ ਹੈ । ਅੱਜ ਵਿਚਾਰਨ ਵਾਲੀ ਗੱਲ ਹੈ ਕਿ ਡਾਕਟਰ ਹਰ ਕਿਸੇ ਨੂੰ ਸੈਰ ਕਰਨ , ਪੈਦਲ ਚੱਲਣ ਤੇ ਟਹਿਲਣ ਲਈ ਵਾਰ – ਵਾਰ ਪ੍ਰੇਰਿਤ ਕਰਦੇ ਹਨ ; ਕਿਉਂਕਿ ਪੈਦਲ ਚੱਲਣ ਦੇ ਅਨੇਕਾਂ ਅਣਗਿਣਤ ਬੇਅੰਤ ਲਾਭ ਹਨ ਅਤੇ ਸਾਨੂੰ ਇਨ੍ਹਾਂ ਦਾ ਫਾਇਦਾ ਪੈਦਲ ਚੱਲ ਕੇ ਜਰੂਰ ਜਰੂਰ ਜ਼ਰੂਰ ਲੈਣਾ ਚਾਹੀਦਾ ਹੈ ।
” ਪੈਦਲ ਚੱਲਣਾ ਹੈ ਤੰਦਰੁਸਤੀ ਦਾ ਖਜ਼ਾਨਾ ,
ਪੈਦਲ ਚੱਲ ਕੇ ਹਰ ਕੋਈ ਤੰਦਰੁਸਤ ਰਹੇ ,
ਭਾਵੇਂ ਆਪਣਾ , ਭਾਵੇਂ ਬੇਗਾਨਾ ।
ਤੁਰਨਾ ਹੈ ਜ਼ਿੰਦਗੀ ,
ਕਹਿ ਗਏ ਸੱਚ ਸਿਆਣੇ ,
ਆਓ ਇਸ ਨੂੰ ਸਮਝੀਏ ਤੇ ਅਮਲ ਕਰੀਏ ,
ਸਿਹਤ ਦੀ ਕਰੀਏ ਪਰਵਾਹ ,
ਤੇ ਬਣੀਏ ਸਿਆਣੇ ।
ਪੈਦਲ ਚੱਲ ਕੇ ਵਾਤਾਵਰਨ ਨੂੰ ਬਚਾਈਏ ,
ਆਪਣੀ ਸਿਹਤ ਨੂੰ ਤੰਦਰੁਸਤ ਬਣਾਈਏ ।
ਚੱਲ ਕੇ ਪੈਦਲ ,
ਸਿਹਤ ਦੀ ਤੰਦਰੁਸਤੀ ਦਾ ਸੁੱਖ ਪਾਓ ,
ਘਰ , ਸਮਾਜ ਅਤੇ ਦੇਸ਼ ਨੂੰ ,
ਹਰਾ – ਭਰਾ ਅਤੇ ਖੁਸ਼ਹਾਲ ਬਣਾਓ ।”
ਮਾਸਟਰ ਸੰਜੀਵ ਧਰਮਾਣੀ
( ਸਟੇਟ ਅੇੈਵਾਰਡੀ )
ਸ਼੍ਰੀ ਅਨੰਦਪੁਰ ਸਾਹਿਬ
ਸਾਹਿਤ ਵਿੱਚ ਕੀਤੇ ਕੰਮਾਂ ਲਈ ਲੇਖਕ ਦਾ ਨਾਂ ” ਇੰਡੀਆ ਬੁੱਕ ਆੱਫ਼ ਰਿਕਾਰਡਜ਼ ” ਵਿੱਚ ਦਰਜ਼ ਹੈ।
9478561356