5 ਜੁਲਾਈ ਨੂੰ 164 ਸਾਲਾ ਸ਼ਹੀਦੀ ਦਿਹਾੜੇ ਤੇ’ ਵਿਸ਼ੇਸ਼
* ਸਿੱਖ ਰਾਜ ਦੇ ਪਤਨ ਦਾ ਆਰੰਭ ਅਤੇ ਭਾਈ ਮਹਾਰਾਜ ਸਿੰਘ ਜੀ ਦਾ ਜਾਨਸ਼ੀਨ ਬਣਨਾ :
ਪੰਜ ਦਰਿਆਵਾਂ ਦੀ ਪਵਿੱਤਰ ਧਰਤੀ ਦੇ ਬਹੁਤ ਵੱਡੇ ਖੇਤਰ ਵਾਲੇ ‘ਪੰਜਾਬ’ ਉਤੇ 50 ਸਾਲ ਵਧੀਆ ਰਾਜ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ (1839 ਈ:) ਤੋਂ ਬਾਅਦ ਗਦਾਰ ਡੋਗਰਿਆਂ ਨੇ ਸ਼ੇਰੇ ਪੰਜਾਬ ਦੇ ਸਿੱਖ ਸਰਦਾਰਾਂ ਵਿੱਚ ਭਰਾ ਮਾਰੂ ਜੰਗ ਕਰਵਾਉਣ ਵਿੱਚ ਅਹਿਮ ਯੋਗਦਾਨ ਪਾਇਆ । ਡੋਗਰੇ ਗ਼ਦਾਰਾਂ ਨੇ ਅੰਗਰੇਜਾਂ ਨਾਲ ਮਿਲਕੇ ਪੰਜਾਬ ਦੇ ਰਾਜ ਭਾਗ ਨੂੰ ਤਬਾਹ ਕਰਨ ਦੀ ਸ਼ੁਰੂਆਤ ਕਰ ਦਿੱਤੀ । ਮਹਾਰਾਜਾ ਰਣਜੀਤ ਸਿੰਘ ਦੇ ਦੁਖੀ ਹੋਏ ਦੋ ਪੁੱਤਰ ਕੰਵਰ ਕਸ਼ਮੀਰਾ ਸਿੰਘ ਤੇ ਕੰਵਰ ਪਸ਼ੌਰਾ ਸਿੰਘ ਅਤੇ ਹੋਰ ਸ਼ਰਧਾਵਾਨ ਮੁੱਖੀ ਸਰਦਾਰ ਤੇ ਸਰਦਾਰਾਂ ਦੇ ਪੁੱਤਰ ਆਦਿ ਮਹਾਂਪੁਰਸ਼ ਬਾਬਾ ਬੀਰ ਸਿੰਘ ਨੌਰੰਗਾਬਾਦ ਜੀ ਦੀ ਸ਼ਰਨ ਵਿਚ ਡੇਰਾ ਮੁੱਠਿਆਂਵਾਲੀ ਆ ਗਏ ਸਨ । ਇਹ ਡੇਰਾ ਹਰੀਕੇ ਪੱਤਣ ਨੇੜ੍ਹੇ ਦਰਿਆ ਦੇ ਕੰਢੇ ਪਿੰਡ ਮੁੱਠਿਆਂਵਾਲੀ ਕਰਕੇ ਪ੍ਰਸਿੱਧ ਸੀ । ਸਿੱਖ ਰਾਜ ਦੇ ਗਦਾਰਾਂ ਵਲੋਂ ਬਾਬਾ ਜੀ ਦੀ ਸ਼ਰਨ ਆਇਆਂ ਨੂੰ ਉਨ੍ਹਾਂ ਦੇ ਹਵਾਲੇ ਕਰਨ ਲਈ ਕਿਹਾ ਪਰ ਬਾਬਾ ਜੀ ਦੀ ਦਇਆਵਾਨ ਬਿਰਤੀ ਨੇ ਸ਼ਰਨ ਆਇਆਂ ਦੀ ਲਾਜ ਰੱਖਣ ਦਾ ਪ੍ਰਣ ਕਰ ਲਿਆ ਤਾਂ ਗ਼ਦਾਰਾਂ ਨੇ ਬਹੁਤ ਵੱਡੀ ਫੌਜ ਤੇ ਤੋਪਾਂ ਨਾਲ ਮੁੱਠਿਆਂਵਾਲੀ ਡੇਰੇ ਤੇ ਹਮਲਾ ਕਰ ਦਿੱਤਾ ਪਰ ਬਾਬਾ ਜੀ ਨੇ ਆਪਣੀਆਂ ਫੌਜਾਂ ਨੂੰ ਸ਼ਾਂਤਮਈ ਰਹਿਣ ਦਾ ਹੁਕਮ ਕੀਤਾ ਹੋਣ ਕਰਕੇ ਹਮਲਾਵਰਾਂ ਦਾ ਮੁਕਾਬਲਾ ਨਾ ਕੀਤਾ ਗਿਆ ਜਿਸ ਨਾਲ ਆਪ ਜੀ ਦੀਆਂ ਵੱਡੀ ਗਿਣਤੀ ਵਿਚ ਫੌਜਾਂ ਤੇ ਸੰਗਤਾਂ ਨੇ ਗੁਰਬਾਣੀ ਪੜਦਿਆਂ ਤੇ ਸਿਮਰਨ ਕਰਦਿਆਂ ਸ਼ਾਤਮਈ ਸ਼ਹੀਦੀਆਂ ਪਾਈਆਂ । ਇਸ ਹਮਲੇ ਦੌਰਾਨ ਬਾਬਾ ਜੀ ਦੇ ਪੱਟ ਤੇ ਵੀ ਤੋਪ ਦਾ ਗੋਲਾ ਵੱਜਾ । ਬਾਬਾ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਆ ਜਾਣ ਕਰਕੇ ਲੰਗਰ ਦੀ ਸੇਵਾ ਕਮਾ ਰਹੇ ਭਾਈ ਮਹਾਰਾਜ ਸਿੰਘ ਜੀ ਨੂੰ ਕੋਲ ਸੱਦ ਕੇ ਨੌਰੰਗਾਬਾਦ ਡੇਰੇ ਦੀ ਸਾਰੀ ਮਰਿਆਦਾ ਸਮਝਾਉਂਦੇ ਹੋਏ ਬਖਸ਼ਿਸ਼ਾ ਭੇਟ ਕਰਕੇ 7 ਮਈ 1844 ਈ: ਨੂੰ ਆਪਣਾ ਜਾਨਸ਼ੀਨ ਥਾਪ ਦਿੱਤਾ । ਸਿੱਖ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਬਾਬਾ ਬੀਰ ਸਿੰਘ ਜੀ ਨੇ ਆਦੇਸ਼ ਦਿੱਤਾ ਕਿ ਆਉਣ ਵਾਲੇ ਭਿਆਨਕ ਸਮੇਂ ਵਿਚ ਭਾਈ ਮਹਾਰਾਜ ਸਿੰਘ ਜੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਸੰਗਤਾਂ ਨੂੰ ਹਰ ਵਕਤ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ । ਇਸੇ ਦਿਨ ਹੀ ਮਹਾਂਪੁਰਸ਼ ਬਾਬਾ ਬੀਰ ਸਿੰਘ ਨੌਰੰਗਾਬਾਦ ਜੀ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਪਰਲੋਕ ਗਮਨ ਕਰ ਗਏ ।
* ਭਾਈ ਮਹਾਰਾਜ ਸਿੰਘ ਜੀ ਵੱਲੋਂ ਹਥਿਆਰਬੰਦ ਸ਼ੰਘਰਸ਼ ਲੜਨ ਦਾ ਨਿਰਣਾ : ਹੁਣ ਅੰਗਰੇਜਾਂ ਨੇ ਪੰਜਾਬ ਵਿਚ ਸਿੱਧਾ ਦਖਲ ਦੇਣਾ ਸੁਰੂ ਕਰ ਦਿਤਾ ਤਾਂ ਭਾਈ ਮਹਾਰਾਜ ਸਿੰਘ ਜੀ ਨੇ ਅੰਗਰੇਜਾਂ ਵਿਰੁੱਧ ਵੀ ਹਥਿਆਰਬੰਦ ਸੰਘਰ਼ਸ਼ ਦਾ ਬਿਗਲ ਵਜਾ ਦਿਤਾ । ਅੰਗਰੇਜਾਂ ਦੀਆਂ ਸਿੱਖਾਂ ਨਾਲ ਹੋਈਆਂ ਜੰਗਾਂ ਵਿਚ ਆਪ ਜੀ ਨੇ ਅਹਿਮ ਤੇ ਉਸਾਰੂ ਯੋਗਦਾਨ ਨਿਭਾਇਆ । ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਬਾਲਕ ਕੰਵਰ ਦਲੀਪ ਸਿੰਘ ਨੂੰ ਅੰਗਰੇਜਾਂ ਦੇ ਕਬਜੇ ਤੋਂ ਮੁਕਤ ਕਰਵਾਉਂਣ ਅਤੇ ਮਹਾਰਾਣੀ ਜਿੰਦਾਂ ਨੂੰ ਕੈਦ ਵਿਚੋਂ ਛਡਾਉਂਣ ਹਿੱਤ ਜਲੰਧਰ ਨੇੜੇ ਅਾਦਮਪੁਰ ਵਿਖੇ ਸਾਥੀਆਂ ਨਾਲ ਹਥਿਆਰ ਲੁੱਟਣ ਦੀ ਵਿਉਂਤ ਬਣਾ ਰਹੇ ਭਾਈ ਮਹਾਰਾਜ ਸਿੰਘ ਜੀ ਤੇ 21 ਹੋਰ ਸਾਥੀਆਂ ਨੂੰ ਗਦਾਰਾਂ ਨੇ ਸੂਹ ਦੇ ਕੇ ਗਰਿਫਤਾਰ ਕਰਵਾ ਦਿਤਾ । ਅੰਗਰੇਜ਼ ਸਮਝ ਗਏ ਸਨ ਕਿ ਸਿੱਖ ਸੰਗਤਾਂ ਭਾਈ ਸਾਹਿਬ ਜੀ ਦਾ ਸਤਿਕਾਰ ਗੁਰੂਆਂ ਵਾਂਗ ਕਰਦੀਆਂ ਹਨ ਤਦ ਹੀ ਆਪ ਜੀ ਨੂੰ ਪੰਜਾਬ ਦੀ ਕਿਸੇ ਜੇਲ ਵਿੱਚ ਬੰਦੀ ਬਣਾਉਣ ਦੀ ਬਿਜਾਏ ਇਕ ਸੇਵਕ ਭਾਈ ਖੜਕ ਸਿੰਘ ਨਾਲ ਕਲਕੱਤੇ ਲਿਜਾਇਆ ਗਿਆ । ਕਲਕੱਤੇ ਤੋਂ ਛੇਤੀ ਹੀ ਆਪ ਜੀ ਤੇ ਸੇਵਕ ਖੜਕ ਸਿੰਘ ਜੀ ਨੂੰ ਦੇਸ਼ ਤੋਂ ਜਲਾਵਤਨ ਕਰਕੇ ‘ਮੁਹੰਮਦ ਸ਼ਾਹ’ ਨਾਮੀ ਸਮੁੰਦਰੀ ਜਹਾਜ ਰਾਹੀਂ ਵਿਦੇਸ਼ ਦੀ ਧਰਤੀ ਸਿੰਗਾਪੁਰ ਲਿਜਾਇਆ ਗਿਆ ।
* ਸਿੰਗਾਪੁਰ ਜਲਾਵਤਨੀ ਦੌਰਾਨ ਆਪ ਸ਼ਹੀਦੀ ਪਾ ਗਏ :
ਬਾਬਾ ਭਾਈ ਮਹਾਰਾਜ ਸਿੰਘ ਜੀ ਭਾਰਤ ਦੇਸ਼ ਨੂੰ ਅਜ਼ਾਦ ਕਰਵਾਉਣ ਵਾਲੇ ਸੁਤੰਤਰਤਾ ਸੰਗਰਾਮ ਦੇ ਮੋਢੀ ਸਿੱਖ ਆਗੂ ਸਨ ਜਿਨ੍ਹਾਂ ਨੂੰ ਅੰਗਰੇਜ਼ੀ ਹਕੂਮਤ ਇਕ ਸੇਵਕ ਭਾਈ ਖੜਕ ਸਮੇਤ 9 ਜੁਲਾਈ 1850 ਈਸਵੀ ਨੂੰ ਜਲਾਵਤਨ ਕਰਕੇ ਵਿਦੇਸ਼ੀ ਧਰਤੀ ਸਿੰਗਾਪੁਰ ਦੇਸ਼ ਵਿਖੇ ਲੈ ਗਈ ਕਿਉਂਕਿ ਸਿੰਗਾਪੁਰ ਵਿਚ ਵੀ ਅੰਗਰੇਜ਼ਾਂ ਦਾ ਰਾਜ ਸੀ । ਭਾਈ ਮਹਾਰਾਜ ਸਿੰਘ ਜੀ ਨੂੰ ਸਰਕਾਰ ਵਲੋਂ ਬਹੁਤ ਹੀ ਖ਼ਤਰਨਾਕ ਔਟਰਮ ਜੇਲ ਦੀ ਕਾਲ ਕੋਠੜੀ ਵਿੱਚ ਬੰਦੀ ਬਣਾ ਲਿਆ ਗਿਆ ਅਤੇ ਆਪ ਜੀ ਦੀ ਨਿਗਰਾਨੀ ਅਤੇ ਸੇਵਾ ਵਿੱਚ ਸਰਕਾਰੀ ਅਧਿਕਾਰੀਆਂ ਤੋਂ ਇਲਾਵਾ ਆਪ ਜੀ ਦੇ ਨਾਲ ਆਏ ਸੇਵਕ ਭਾਈ ਖੜਕ ਸਿੰਘ ਜੀ ਨੂੰ ਵੀ ਲਾਇਆ ਗਿਆ । ਬਰਤਾਨਵੀਂ ਸਰਕਾਰ ਨੇ ਭਾਈ ਮਹਾਰਾਜ ਸਿੰਘ ਜੀ ਨੂੰ ਭਾਰਤ ਦੀ ਅਜ਼ਾਦੀ ਦਾ ਰਾਹ ਛੱਡ ਦੇਣ ਲਈ ਹਰ ਹੀਲਾ ਵਰਤਿਆ ਅਤੇ ਇੱਥੋਂ ਤਕ ਕਹਿ ਦਿੱਤਾ ਕਿ “ਆਪ ਜੀ ਸਾਡੇ ਨਾਲ ਰਲਕੇ ਪੰਜਾਬ ਵਿੱਚ ਰਾਜ ਭਾਗ ਸੰਭਾਲ਼ ਲਵੋ ਅਤੇ ਸਾਨੂੰ ਭਾਰਤ ਦੇਸ਼ ਤੇ ਰਾਜ ਕਰਨ ਦਿਉ”। ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਸੰਤ ਸਿਪਾਹੀ ਤੇ ਬਹਾਦਰ ਜਰਨੈਲ ਨੇ ਦੇਸ਼ ਨਾਲ ਗ਼ਦਾਰੀ ਕਰਨ ਵਾਲਾ ਰਾਹ ਨਾ ਚੁਣਿਆ ਅਤੇ ਅੰਗਰੇਜ਼ੀ ਸਰਕਾਰ ਦੀ ਪਾੜ੍ਹੋ ਤੇ ਰਾਜ ਕਰੋ ਦੀ ਦੋਗਲੀ ਨੀਤੀ ਨੂੰ ਠੁਕਰਾਉਂਦੇ ਹੋਏ ਬਚਨ ਕੀਤੇ ਕਿ “ਉਨ੍ਹਾਂ ਨੇ ਅੰਗਰੇਜਾਂ ਨੂੰ ਹਿੰਦੁਸਤਾਨ ਦੀ ਧਰਤੀ ਤੋਂ ਬਾਹਰ ਕੱਢਣ ਦੀ ਕਸਮ ਖਾਧੀ ਹੋਈ ਹੈ”। ਅੰਗਰੇਜ਼ਾਂ ਨੂੰ ਬਾਬਾ ਜੀ ਦੇ ਨਿਡਰ ਤੇ ਨਿਰਭਉ ਵਾਲੇ ਕਰਾਰੇ ਜੁਆਬ ਤੋਂ ਪਤਾ ਲੱਗ ਗਿਆ ਸੀ ਕਿ ਇਹ ਕੋਈ ਮਹਾਨ ਸ਼ਕਤੀ ਦਾ ਮਾਲਕ ਹੈ ਜੋ ਕਿਸੇ ਲਾਲਚ ਵਿੱਚ ਨਹੀ ਆਉਣ ਵਾਲਾ । ਸਰਕਾਰ ਦੇ ਫ਼ੈਸਲੇ ਅਨੁਸਾਰ ਆਪ ਜੀ ਨੂੰ ਜੇਲ੍ਹ ਦੀ ਕਾਲ ਕੋਠੜੀ ਵਿੱਚ ਬੰਦ ਕਰ ਦਿੱਤਾ ਗਿਆ ਜਿੱਥੇ ਆਪ ਜੀ ਨੂੰ ਬਹੁਤ ਤਸੀਹੇ ਦਿੱਤੇ ਗਏ । ਖਾਣੇ ਵਿਚ ਕੱਚ ਪੀਹ ਕੇ ਪਾ ਦੇਣਾ, ਬਿਨ੍ਹਾ ਹਵਾ ਚਾਨਣ ਵਾਲੇ ਛੋਟੇ ਜਿਹੇ ਕਮਰੇ ਵਿਚ ਰੱਖਣਾ, ਕਿਸੇ ਨੂੰ ਮਿਲਣ ਨਾ ਦੇਣਾ ਆਦਿ ਭਾਵ ਜਾਲਮ ਸਰਕਾਰ ਵਲੋਂ ਭਾਈ ਮਹਾਰਾਜ ਸਿੰਘ ਜੀ ਦਾ ਸਿਦਕ ਡੋਲਾਉਣ ਦਾ ਹਰ ਹੀਲਾ ਵਰਤਿਆ ਗਿਆ ਪਰ ਬਜੁਰਗ ਸਿਦਕੀ ਸਿੰਘ ਨੂੰ ਉਹ ਡੋਲਾਅ ਨਾ ਸਕੇ । ਜੇਲ ਵਿੱਚ ਹੀ ਆਪ ਜੀ ਦੀਆਂ ਅੱਖਾਂ ਦੀ ਜੋਤ ਜਾਂਦੀ ਰਹੀ ਤੇ ਦੰਦਾਂ ਤੇ ਕੈਂਸਰ ਦੀ ਭਿਆਨਕ ਬਿਮਾਰੀ ਲੱਗ ਗਈ ਪਰ ਫਿਰ ਵੀ ਆਪ ਜੀ ਸਦਾ ਚੜਦੀ ਕਲਾ ਵਿਚ ਰਹਿ ਕੇ ਗੁਰਬਾਣੀ ਦਾ ਪਾਠ ਅਤੇ ਲਗਾਤਾਰ ਸਿਮਰਨ ਕਰਕੇ ਗੁਰੂ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਰਹੇ । ਇਸ ਤਰ੍ਹਾਂ ਭਾਈ ਮਹਾਰਾਜ ਸਿੰਘ ਜੀ ਨੇ 6 ਸਾਲ ਦਾ ਦੁੱਖਾਂ ਭਰਿਆ ਲੰਮਾ ਸਮਾਂ ਔਟਰਮ ਜੇਲ ਦੀ ਕਾਲ ਕੋਠੜੀ ਗੁਰੂ ਸਾਹਿਬ ਜੀ ਦੀ ਰਜ੍ਹਾ ਵਿੱਚ ਰਹਿੰਦੇ ਹੋਏ ਬਤੀਤ ਕੀਤਾ ।
ਅੰਤ 5 ਜੁਲਾਈ 1856 ਈਸਵੀ ਦਾ ਓਹ ਦਿਨ ਵੀ ਆ ਗਿਆ ਜਦ ਬਾਬਾ ਬੀਰ ਸਿੰਘ ਨੌਰੰਗਾਬਾਦ ਦੀ ਗੱਦੀ ਦਾ ਵਾਰਸ਼, ਨਿਹੰਗ ਬਾਣੇ ਦਾ ਧਾਰਨੀ, ਸੰਤ ਸਿਪਾਹੀ ਖਾਲਸਾ ਅਤੇ ਹਿੰਦੁਸਤਾਨ ਦੀ ਆਜ਼ਾਦੀ ਦਾ ਪ੍ਰਵਾਨਾ ਅੰਗਰੇਜ਼ੀ ਹਕੂਮਤ ਦੀਆਂ ਨਾਪਾਕ ਚਾਲਾਂ ਨੂੰ ਠੁਕਰਾ ਕੇ ਸਿੰਗਾਪੁਰ ਦੇਸ਼ ਦੀ ਔਟਰਮ ਜੇਲ ਵਿਚ 76 ਸਾਲ ਦੀ ਸੰਘਰਸ਼ਮਈ ਉਮਰ ਭੋਗ ਕੇ ਸ਼ਹੀਦੀ ਪਾ ਗਿਆ ।
* ਸਿੰਗਾਪੁਰ ਵਿਖੇ ਯਾਦਗਾਰੀ ਅਸਥਾਨ :
ਭਾਈ ਮਹਾਰਾਜ ਸਿੰਘ ਜੀ ਦੀ ਲਾਸਾਨੀ ਸ਼ਹੀਦੀ ਨੂੰ ਯਾਦ ਰੱਖਣ ਲਈ ਸਿੰਗਾਪੁਰ ਦੇ ਸਿੱਖਾ ਨੇ ਸਿਲਟ ਰੋਡ ਵਿਖੇ ਆਪ ਜੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ । ਇਸ ਸ਼ਹੀਦੀ ਸਥਾਨ ਤੇ ਹਰ ਸਾਲ 5 ਜੁਲਾਈ ਨੂੰ ਸਾਲਾਨਾ ਸ਼ਹੀਦੀ ਜੋੜ ਮੇਲਾ ਬੜੀ ਸਰਧਾ ਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ । * ਭਾਈ ਮਹਾਰਾਜ ਸਿੰਘ ਦੇ ਜੀਵਨ ਨਾਲ ਸੰਬੰਧੀ ਹੋਰ ਜਾਣਕਾਰੀ :
(1) ਆਪ ਜੀ ਦਾ ਜਨਮ 13 ਜਨਵਰੀ 1780 ਈ: ਨੂੰ ਲੁਧਿਆਣਾ (ਪੰਜਾਬ) ਜ਼ਿਲ੍ਹੇ ਦੇ ਪਿੰਡ ਉੱਚੀ ਰੱਬੋਂ-ਮਲੌਦ ਵਿਖੇ ਮਾਤਾ ਦਇਆ ਕੌਰ ਤੇ ਪਿਤਾ ਸਰਦਾਰ ਕੇਸਰ ਸਿੰਘ ਦੇ ਘਰ ਹੋਇਆ ਸੀ । ਆਪ ਜੀ ਨਾਮ ‘ਨਿਹਾਲ ਸਿੰਘ’ ਰੱਖਿਆ ਗਿਆ ।
(2) ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਜੀ ਦੀ ਸੇਵਾ ਵਿੱਚ ਆ ਜਾਣ ਤੇ ਆਪ ਜੀ ਨੂੰ ਅੰਮਿ੍ਰਤ ਪਾਨ ਕਰਵਾ ਕੇ ਨਾਮ ‘ਭਗਵਾਨ ਸਿੰਘ’ ਰੱਖਿਆ ਗਿਆ ।
(3) ਬਾਬਾ ਬੀਰ ਸਿੰਘ ਜੀ ਨੌਰੰਗਾਬਾਦ (ਨੇੜੇ ਤਰਨਤਾਰਨ) ਦੇ ਡੇਰੇ ਵਿੱਚ ਗੁਰੂ ਕੇ ਲੰਗਰ ਦੀ ਅਣਥੱਕ ਸੇਵਾ ਕਮਾਈ ਅਤੇ ਸੰਗਤਾਂ ਨੂੰ ਲੰਗਰ ਵਰਤਾਉਂਦਿਆਂ ਹਰੇਕ ਸੰਗਤ ਨੂੰ ‘ਲਓ ਪ੍ਰਸ਼ਾਦਾ ਮਹਾਰਾਜ ਜੀ’, ‘ਲਓ ਜਲ ਮਹਾਰਾਜ ਜੀ’ ਭਾਵ ਹਰੇਕ ਪ੍ਰਾਣੀ ਨੂੰ ਮਹਾਰਾਜ.. ਮਹਾਰਾਜ ਨਾਲ ਸੰਬੋਧਨ ਕਰਨ ਕਰਕੇ ਆਪ ਜੀ ਦਾ ਨਾਮ ‘ਭਾਈ ਮਹਾਰਾਜ’ ਪੱਕ ਗਿਆ ਅਤੇ ਬਾਅਦ ਵਿਚ ‘ਭਾਈ ਮਹਾਰਾਜ ਸਿੰਘ ਜੀ’ ਦੇ ਪੂਰੇ ਸਤਿਕਾਰ ਨਾਮ ਨਾਲ ਆਪ ਜੀ ਨੂੰ ਸਿੱਖ ਜਗਤ ਵਿਚ ਵਡਿਆਈ ਮਿਲੀ ।
Columns ਸਿੰਗਾਪੁਰ ਸ਼ਹੀਦ ਹੋਣ ਵਾਲੇ ਭਾਰਤ ਦੀ ਆਜ਼ਾਦੀ ਦੇ ਮੋਢੀ -ਭਾਈ ਮਹਾਰਾਜ ਸਿੰਘ...