ਨਵੀਂ ਦਿੱਲੀ, 15 ਅਪ੍ਰੈਲ – ਸਿੰਘੂ ਬਾਰਡਰ ‘ਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦਾ ਪਿਛਲੇ ਚਾਰ ਮਹੀਨਿਆਂ ਦੇ ਵੱਧ ਸਮੇਂ ਤੋਂ ਦਿੱਲੀ ਦੇ ਬਾਰਡਰਾਂ ਉੱਤੇ ਵਿਰੋਧ ‘ਚ ਲਗਾਤਾਰ ਡਟੇ ਕਿਸਾਨਾਂ ਦੇ ਦੋ ਟੈਂਟ ਅਤੇ ਇੱਕ ਕਾਰ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਦਿਨ ਵੇਲੇ ਸਾੜ ਦਿੱਤੀ ਗਈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਕੁੰਡਲੀ ਪੁਲੀਸ ਸਟੇਸ਼ਨ (ਸੋਨੀਪਤ) ਵਿੱਚ ਅੱਗ ਲਾਉਣ ਦੀ ਇਸ ਘਟਨਾ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਟੈਂਟ ਸਾੜੇ ਜਾਣ ਮਗਰੋਂ ਕਿਸਾਨਾਂ ਵਿੱਚ ਰੋਸ ਹੈ ਅਤੇ ਉਨ੍ਹਾਂ ਅੱਗੇ ਚੌਕਸ ਰਹਿਣ ਦਾ ਅਹਿਦ ਲਿਆ ਹੈ। ਰਸੋਈ ਢਾਬੇ ਨੇੜੇ ਲੱਗੀ ਇਸ ਅੱਗ ‘ਚ ਪਟਿਆਲਾ ਅਤੇ ਹਰਿਆਣਾ ਦੇ ਕਿਸਾਨ ਦੇ ਟੈਂਟ ਸੜ ਗਏ। ਉਨ੍ਹਾਂ ‘ਚ ਰੱਖਿਆ ਹੋਇਆ ਸਾਰਾ ਸਾਮਾਨ ਵੀ ਸੁਆਹ ਹੋ ਗਿਆ। ਪਰ ਬਜ਼ੁਰਗ ਕਿਸਾਨਾਂ ਨੂੰ ਛੇਤੀ ਨਾਲ ਅੱਗ ਦੀ ਲਪੇਟ ਵਿੱਚ ਆਉਣ ਤੋਂ ਪਹਿਲਾਂ ਟੈਂਟਾਂ ਵਿੱਚੋਂ ਬਾਹਰ ਕੱਢ ਲਿਆ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਰਸੋਈ ਢਾਬੇ ਤੋਂ ਕੇਐੱਮਪੀ ਵੱਲ ਨੂੰ ਜਾਂਦੇ ਮਾਰਗ ‘ਤੇ ਇਨ੍ਹਾਂ ਟੈਂਟਾਂ ਨੂੰ ਕਥਿਤ ਸਾਜ਼ਿਸ਼ ਤਹਿਤ ਅੱਗ ਲਾਈ ਗਈ ਹੈ। ਪਾਥੀ ਮਘਾ ਕੇ ਅਤੇ ਫ਼ੈਕਟਰੀ ਦੇ ਪਿਛਲੇ ਪਾਸੇ ਵੀ ਘਾਹ-ਫੂਸ ਨੂੰ ਅੱਗ ਲਾਈ ਗਈ ਸੀ। ਅੱਗ ਲੱਗਣ ਦਾ ਪਤਾ ਲੱਗਦੇ ਹੀ ਕਿਸਾਨਾਂ ਨੇ ਨੇੜੇ ਖੜ੍ਹੀਆਂ ਗੱਡੀਆਂ ਹਟਾਈਆਂ। ਦੁਪਹਿਰ ਕਰੀਬ 12.00 ਵਜੇ ਅੱਗ ਲੱਗੀ। ਕਿਸਾਨਾਂ ਦਾ ਕਹਿਣਾ ਹੈ ਕਿ ਇਕ ਵਿਅਕਤੀ ਨੂੰ ਟੈਂਟਾਂ ਨੇੜੇ ਦੇਖਿਆ ਗਿਆ ਜੋ ਅੱਗ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਿਵੇਂ ਹੀ ਅੱਗ ਲੱਗੀ ਤਾਂ ਕਿਸਾਨਾਂ ਨੇ ਉਸ ਨੂੰ ਪਾਣੀ ਪਾ ਕੇ ਬੁਝਾਉਣਾ ਸ਼ੁਰੂ ਕਰ ਦਿੱਤਾ। ਇੰਨੇ ਵਿੱਚ ਅਣਪਛਾਤੇ ਵਿਅਕਤੀ ਨੇ ਦੂਜੇ ਟੈਂਟ ਨੂੰ ਵੀ ਅੱਗ ਲਾ ਦਿੱਤੀ ਅਤੇ ਭੱਜ ਨਿਕਲਿਆ। ਕੁੰਡਲੀ ਥਾਣੇ ਦੇ ਅਧਿਕਾਰੀ ਨੇ ਕਿਹਾ ਕਿ ਕਿਸਾਨਾਂ ਮੁਤਾਬਿਕ ਇਕ ਵਿਅਕਤੀ ਬੀਆਰਟੀਐੱਸ ਤਰਫ਼ੋਂ ਆਇਆ ਅਤੇ ਉਸ ਨੇ ਦੋ ਟੈਂਟਾਂ ਨੂੰ ਅੱਗ ਲਾ ਦਿੱਤੀ। ਉਨ੍ਹਾਂ ਕਿਹਾ ਕਿ ਅੱਗ ਨੂੰ ਘੰਟੇ ਦੇ ਅੰਦਰ ਕਾਬੂ ਕਰ ਲਿਆ ਗਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਡਰ ਦਾ ਮਾਹੌਲ ਪੈਦਾ ਕਰਨ ਲਈ ਕੀਤੀਆਂ ਜਾ ਰਹੀਆਂ ਹਨ।
Home Page ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਟੈਂਟਾਂ ਨੂੰ ਅਣਪਛਾਤੇ ਵਿਅਕਤੀ ਵੱਲੋਂ ਅੱਗ ਲਗਾਈ