ਨਵੀਂ ਦਿੱਲੀ, 24 ਮਾਰਚ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਜਵਾਨਾਂ ਨੂੰ ਸਾਬਤ ਸੂਰਤ ਅਤੇ ਗੁਰਮਤਿ ਦਾ ਧਾਰਨੀ ਬਣਾਉਣ ਦੇ ਉਦੇਸ਼ ਨਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਦੇ ਵਿਸ਼ੇਸ਼ ਸਹਿਯੋਗ ਨਾਲ ਸਿੰਘ ਐਂਡ ਕੌਰ 2014 ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਇਸ ਪ੍ਰਤੀਯੋਗਤਾ ਵਿੱਚ ਆਪਣੇ ਬੌਧਿਕ ਕੌਸ਼ਲ ਅਤੇ ਗੁਰਮਤਿ ਦੇ ਗਿਆਨ ਦੇ ਆਧਾਰ ‘ਤੇ ਫਾਈਨਲ ਰਾਊਂਡ ਵਿੱਚ ਪੁੱਜੇ 15 ਮੁੰਡੇ ਅਤੇ 15 ਕੁੜੀਆਂ ਵਿਚੋਂ ਜੇਤੂਆਂ ਦੀ ਚੋਣ ਮਾਹਿਰ ਜੱਜਾਂ ਵੱਲੋਂ ਇੱਥੇ ਦੇ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਿਖੇ ਕੀਤੀ ਗਈ।
ਮੁੰਡਿਆਂ ਵਿੱਚ ਪਹਿਲਾਂ ਸਥਾਨ ਗਗਨਦੀਪ ਸਿੰਘ ਪਟਿਆਲਾ, ਦੂਜਾ ਸਥਾਨ ਦਿਲਪ੍ਰੀਤ ਸਿੰਘ ਗੁਰਦਾਸਪੁਰ, ਤੀਜਾ ਸਥਾਨ ਜਗਤੇਸ਼ਵਰ ਸਿੰਘ ਦਿੱਲੀ ਅਤੇ ਕੁੜੀਆਂ ਵਿੱਚ ਪ੍ਰਭਜੋਤ ਕੌਰ ਗੁਰਦਾਸਪੁਰ ਪਹਿਲਾਂ ਸਥਾਨ, ਦੂਜਾ ਸਥਾਨ ਗੁਰਪ੍ਰੀਤ ਕੌਰ ਚੰਡੀਗੜ੍ਹ, ਤੀਜਾ ਸਥਾਨ ਭਵਨਦੀਪ ਕੌਰ ਫ਼ਤਿਹਗੜ੍ਹ ਸਾਹਿਬ………. ਨੂੰ ਜੱਜ ਸਾਹਿਬਾਨ ਪੱਤਰਕਾਰ ਹਰਪ੍ਰੀਤ ਸਿੰਘ ਸਾਹਨੀ (ਪੀ.ਟੀ.ਸੀ), ਪੱਤਰਕਾਰ ਅਵਨੀਤ ਕੌਰ ਭਾਟੀਆ (ਦੂਰਦਰਸ਼ਨ), ਸ਼੍ਰੋਮਣੀ ਕਮੇਟੀ ਮੈਂਬਰ ਹਰਦੀਪ ਸਿੰਘ ਚੰਡੀਗੜ੍ਹ ਅਤੇ ਬੀਬੀ ਗੁਰਮੀਤ ਕੌਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਐਲਾਨਿਆ।
ਜੇਤੂ ਬੱਚਿਆਂ ਨੂੰ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਸੀਨੀਅਰ ਮੈਂਬਰ ਅਵਤਾਰ ਸਿੰਘ ਹਿੱਤ ਵੱਲੋਂ ਪਹਿਲੇ ਸਥਾਨ ਵਾਸਤੇ 31,000 ਰੁਪਏ, ਦੂਜਾ ਸਥਾਨ 21,000 ਰੁਪਏ, ਤੀਜਾ ਸਥਾਨ 11,000 ਰੁਪਏ ਅਤੇ ਵੱਖ-ਵੱਖ ਟਾਈਟਲ ਜਿੱਤਣ ਵਾਲੇ ਬੱਚਿਆਂ ਨੂੰ 5000 ਰੁਪਏ ਦਾ ਚੈੱਕ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਜੀ. ਕੇ. ਨੇ ਇਸ ਪ੍ਰਤੀਯੋਗਤਾ ਨੂੰ ਵੱਡੇ ਪੱਧਰ ‘ਤੇ ਹਰ ਸਾਲ ਕਰਾਉਣ ਦਾ ਅਹਿਦ ਵੀ ਲਿਆ। ਇਸ ਮੌਕੇ ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਤਨਵੰਤ ਸਿੰਘ, ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਜਤਿੰਦਰ ਪਾਲ ਸਿੰਘ ਗੋਲਡੀ, ਬੀਬੀ ਦਲਜੀਤ ਕੌਰ ਖ਼ਾਲਸਾ, ਪਰਮਜੀਤ ਸਿੰਘ ਚੰਢੋਕ, ਸਮਰਦੀਪ ਸਿੰਘ ਸੰਨੀ ਤੇ ਆਗੂ ਗੁਰਮੀਤ ਸਿੰਘ ਬੌਬੀ ਅਤੇ ਮਨਜੀਤ ਸਿੰਘ ਔਲਖ ਮੌਜੂਦ ਸਨ।
Indian News ਸਿੰਘ ਐਂਡ ਕੌਰ ਪ੍ਰਤੀਯੋਗਤਾ ਦਾ ਹੋਇਆ ਸਮਾਪਨ