ਗਲਾਸਗੋ – ਇੱਥੇ 27 ਅਗਸਤ ਨੂੰ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲ ਦੇ ਫਾਈਨਲ ਵਿੱਚ ਭਾਰਤ ਦੀ ਉਲੰਪਿਕ ‘ਚ ਚਾਂਦੀ ਦਾ ਤਗਮਾ ਜੇਤੂ ਖਿਡਾਰਨ ਪੀਵੀ ਸਿੰਧੂ ਨੂੰ ਜਪਾਨ ਦੀ ਨੋਜ਼ੋਮੀ ਓਕੁਹਾਰਾ ਤੋਂ 1 ਘੰਟਾ 50 ਮਿੰਟ ਤੱਕ ਚੱਲੇ ਬੇਹੱਦ ਰੁਮਾਂਚਕ ਮੁਕਾਬਲੇ ‘ਚ 21-19, 20-22, 22-30 ਦੇ ਫ਼ਰਕ ਨਾਲ ਹਾਰ ਗਈ, ਜਿਸ ਨਾਲ ਪੀਵੀ ਸਿੰਧੂ ਨੂੰ ‘ਚ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਵਿਸ਼ਵ ਦਰਜਾਬੰਦੀ ‘ਚ 12ਵੇਂ ਨੰਬਰ ਦੀ ਖਿਡਾਰਨ ਓਕੁਹਾਰਾ ਨੇ ਚੌਥੇ ਨੰਬਰ ਦੀ ਭਾਰਤੀ ਖਿਡਾਰਨ ਸਿੰਧੂ ਖ਼ਿਲਾਫ਼ ਹੁਣ ਆਪਣਾ ਰਿਕਾਰਡ 4-3 ਕਰ ਦਿੱਤਾ ਹੈ ਤੇ ਨਾਲ ਹੀ ਸਿੰਧੂ ਤੋਂ ਬੀਤੇ ਸਾਲ ਉਲੰਪਿਕ ਤੇ ਇਸ ਸਾਲ ਸਿੰਗਾਪੁਰ ਓਪਨ ‘ਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ ਹੈ।
ਜ਼ਿਕਰਯੋਗ ਹੈ ਕਿ ਸਿੰਧੂ ਨੂੰ ਰੀਓ ਉਲੰਪਿਕ 2016 ‘ਚ ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ ਵਿਸ਼ਵ ਚੈਂਪੀਅਨਸ਼ਿਪ 2017 ‘ਚ ਵੀ ਚਾਂਦੀ ਦਾ ਤਗਮਾ ਮਿਲਿਆ ਹੈ। ਭਾਰਤ ਲਈ ਇਹ ਟੂਰਨਾਮੈਂਟ ਇਤਿਹਾਸਕ ਰਿਹਾ ਅਤੇ ਉਸ ਨੇ ਇੱਕ ਚੈਂਪੀਅਨਸ਼ਿਪ ਵਿੱਚ ਪਹਿਲੀ ਵਾਰੀ 2 ਤਗਮੇ ਜਿੱਤੇ ਹਨ। ਪਰ ਪਹਿਲੀ ਵਾਰ ਦੋਵੇਂ ਭਾਰਤੀ ਖਿਡਾਰਣਾਂ ਦਾ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਭਿੜਣ ਦਾ ਸੁਫ਼ਨਾ ਅਧੂਰਾ ਰਹਿ ਗਿਆ, ਕਿਉਂਕਿ ਸਾਇਨਾ ਨੇਹਵਾਲ ਸੈਮੀ ਫਾਈਨਲ ‘ਚ ਵਿਸ਼ਵ ਚੈਂਪੀਅਨ ਬਣੀ ਜਪਾਨ ਦੀ ਨੋਜ਼ੋਮੀ ਓਕੁਹਾਰਾ ਤੋਂ ਹਾਰ ਗਈ ਸੀ।
ਭਾਰਤੀ ਸ਼ਟਲਰ ਸਾਇਨਾ ਨੇਹਵਾਲ ਨੂੰ ਇਸ ਟੂਰਨਾਮੈਂਟ ‘ਚ ਕਾਂਸੀ ਦੇ ਤਗਮਾ ਪ੍ਰਾਪਤ ਹੋਇਆ। ਵਿਸ਼ਵ ਚੈਂਪੀਅਨਸ਼ਿਪ ‘ਚ ਇਹ ਸਿੰਧੂ ਦਾ ਤੀਜਾ ਤਗਮਾ ਹੈ, ਕਿਉਂਕਿ ਇਸ ਤੋਂ ਪਹਿਲਾਂ ਉਹ 2013 ਤੇ 2014 ‘ਚ ਸੈਮੀ ਫਾਈਨਲ ਹਾਰਨ ਮਗਰੋਂ 2 ਵਾਰੀ ਕਾਂਸੀ ਦਾ ਤਗਮਾ ਜਿੱਤ ਚੁੱਕੀ ਹੈ। ਇਸ ਟੂਰਨਾਮੈਂਟ ‘ਚ ਹਾਰ ਨਾਲ ਉਸ ਦਾ ਪਹਿਲੀ ਭਾਰਤੀ ਵਿਸ਼ਵ ਚੈਂਪੀਅਨ ਬੈਡਮਿੰਟਨ ਖਿਡਾਰਣ ਬਣਨ ਦਾ ਸੁਫ਼ਨਾ ਟੁੱਟ ਗਿਆ ਹੈ। ਭਾਰਤ ਨੇ ਇਸ ਤੋਂ ਪਹਿਲਾਂ ਵਿਸ਼ਵ ਚੈਂਪੀਅਨਸ਼ਿਪ ‘ਚ ਇੱਕ ਚਾਂਦੀ (2015 ‘ਚ ਸਾਇਨਾ) ਅਤੇ ਚਾਰ ਕਾਂਸੀ ਦੇ ਤਗਮੇ ਆਪਣੇ ਨਾਂ ਕੀਤੇ ਹਨ। ਪ੍ਰਕਾਸ਼ ਪਾਦੂਕੋਣ 1983 ‘ਚ ਪੁਰਸ਼ ਸਿੰਗਲ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਸੀ।
Other Sports ਸਿੰਧੂ ਨੂੰ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ‘ਚ ਚਾਂਦੀ ਤੇ ਸਾਈਨਾ ਨੂੰ ਕਾਂਸੀ ਦਾ...