ਦਿੱਲੀ ਵਿਖੇ ਹੋਲਾ ਮਹੱਲਾ ਸਮਾਗਮਾਂ ਦੌਰਾਨ ਸੰਗਤਾਂ ਦਾ ਆਇਆ ਹੜ੍ਹ
ਨਵੀਂ ਦਿੱਲੀ, 7-3-15 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਕਮੇਟੀ ਵੱਲੋਂ ਕਰਵਾਏ ਗਏ ਹੋਲਾ ਮਹੱਲਾ ਸਮਾਗਮਾਂ ਦੌਰਾਨ ਬੇਬਾਕ ਹੋ ਕੇ ਸਰਕਾਰਾਂ ਤੇ ਸਿੱਖ ਕੌਮ ਦੀਆਂ ਕੁਰਬਾਨੀਆਂ ਬਾਰੇ ਸੁਣਨ ਲਈ ਨਹੀਂ ਤਿਆਰ ਹੋਣ ਦਾ ਦੋਸ਼ ਲਾਇਆ। ਇੱਥੇ ਦੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਖਾਲਸੇ ਦੀ ਚੜ੍ਹਦੀ ਕਲਾ ਅਤੇ ਸੂਰਬੀਰਤਾ ਦੇ ਪ੍ਰਤੀਕ ਹੋਲਾ ਮਹੱਲਾ ਸਮਾਗਮ ਦੌਰਾਨ ਮੌਜੂਦ ਹਜ਼ਾਰਾਂ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਸਿਰਸਾ ਨੇ……. ਜਿੱਥੇ ਖ਼ਾਲਸਾ ਕੌਮ ਦੀ ਦੇਸ਼ ਕੌਮ ਲਈ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਕੀਤਾ ਉੱਥੇ ਹੀ ਸਰਕਾਰਾਂ ਤੇ ਸਿੱਖਾਂ ਨਾਲ ਮਤ੍ਰੇਈ ਮਾਂ ਵਾਂਗ ਸਲੂਕ ਕਰਨ ਦਾ ਵੀ ਦੋਸ਼ ਲਗਾਇਆ।
ਜੀ.ਕੇ. ਨੇ ਦਿੱਲੀ ਕਮੇਟੀ ਵੱਲੋਂ ਬੀਤੇ ੨ ਸਾਲਾਂ ਤੋਂ ਸੰਗਤ ਭਲਾਈ ਦੇ ਕੀਤੇ ਗਏ ਕਾਰਜਾਂ ‘ਤੇ ਚਾਨਣਾਂ ਪਾਉਂਦੇ ਹੋਏ ਕਮੇਟੀ ਵੱਲੋਂ ਦਿੱਲੀ ਤੋਂ ਬਾਹਰ ਦੇਸ਼ ਵਿਦੇਸ਼ ‘ਚ ਵੱਸਦੇ ਸਿੱਖਾਂ ਦੀ ਚੜ੍ਹਦੀ ਕਲਾ ਲਈ ਕਾਰਜ ਕਰਨ ਦਾ ਵੀ ਦਾਅਵਾ ਕੀਤਾ। ਇੰਗਲੈਂਡ ‘ਚ ਪਗੜੀ ਦੀ ਪਾਬੰਦੀ ਦੇ ਖ਼ਿਲਾਫ਼ ਲੜਾਈ, 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਐੱਸ.ਆਈ.ਟੀ. ਦੀ ਮਨਜ਼ੂਰੀ, ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਨੂੰ ਆਜ਼ਾਦ ਕਰਵਾਉਣ ਅਤੇ ਕਲਕੱਤਾ ਵਿਖੇ ਗੁਰਦੁਆਰੇ ਨੂੰ ਅੱਗ ਲਗਾਉਣ ਉਪਰੰਤ ਪੱਛਮ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਜੁਆਏ ਮੁਖਰਜੀ ਅਤੇ ਮੰਤਰੀ ਜੋਤੀ ਬਾਸੂ ਵੱਲੋਂ ਦਿੱਲੀ ਦੀਆਂ ਸੰਗਤਾਂ ਦੀ ਤਾਕਤ ਸਾਹਮਣੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮੁਆਫ਼ੀ ਮੰਗਣ ਨੂੰ ਦਿੱਲੀ ਦੀਆਂ ਸਿੱਖ ਸੰਗਤਾਂ ਦੀ ਬੇਮਿਸਾਲ ਤਾਕਤ ਨਾਲ ਵੀ ਜੋੜਿਆ। ਜੀ.ਕੇ. ਨੇ 21 ਅਤੇ 22 ਮਾਰਚ ਨੂੰ ਦਿੱਲੀ ਫਤਿਹ ਦਿਵਸ ਲਾਲ ਕਿੱਲਾ ਮੈਦਾਨ ਵਿਖੇ ਮਨਾਉਣ ਦੀ ਜਾਣਕਾਰੀ ਵੀ ਸੰਗਤਾਂ ਨਾਲ ਸਾਂਝੀ ਕੀਤੀ। ਸਿੱਖਾਂ ਨੂੰ ਇਕ ਜੁੱਟ ਹੋਣ ਦੀ ਅਪੀਲ ਕਰਦੇ ਹੋਏ ਜੀ.ਕੇ. ਨੇ ਸਿੱਖ ਇਤਿਹਾਸ ਨੂੰ ਸਾਂਭਣ ਲਈ ਸੰਗਤਾਂ ਨੂੰ ਸਹਿਯੋਗ ਕਰਨ ਦਾ ਵੀ ਤਰਲਾ ਮਾਰਿਆ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਕੌਮ ਨੂੰ ਕਮਜ਼ੋਰ ਕਰਨ ਲਈ ਹਮੇਸ਼ਾ ਕੋਸ਼ਿਸ਼ਾਂ ਕੀਤੀਆਂ ਹਨ ਤੇ ਸਾਨੂੰ ਆਪਣੇ ਮਾਣਮੱਤੇ ਇਤਿਹਾਸ ਨੂੰ ਆਪਣੀ ਅਗਲੀ ਪੀੜੀ ਤੱਕ ਪਹੁੰਚਾਉਣ ਲਈ ਸੁਚੇਤ ਹੋ ਕੇ ਜੰਗੀ ਪੱਧਰ ਤੇ ਕਾਰਜ ਕਰਨ ਦੀ ਲੋੜ ਹੈ। ਜੀ.ਕੇ. ਨੇ ਪਿਛਲੇ ਕਮੇਟੀ ਪ੍ਰਬੰਧਕਾਂ ਨੂੰ ਬਾਲਾ ਸਾਹਿਬ ਹਸਪਤਾਲ ਦੇ ਚਲ ਰਹੇ ਮੁਕੱਦਮਿਆਂ ਨੂੰ ਵਾਪਸ ਲੈਣ ਦੀ ਅਪੀਲ ਕਰਦੇ ਹੋਏ ਕੌਮ ਦੀ ਝੋਲੀ ‘ਚ ਦਿੱਲੀ ਕਮੇਟੀ ਵੱਲੋਂ 400 ਬਿਸਤਰਿਆਂ ਦਾ ਹਸਪਤਾਲ ਪਾਉਣ ਦੀਆਂ ਹੋ ਰਹੀਆਂ ਕੋਸ਼ਿਸ਼ਾਂ ਨੂੰ ਵੀ ਕਾਮਯਾਬ ਕਰਨ ਦੀ ਗੱਲ ਕਹੀ।
ਸਿਰਸਾ ਨੇ ਗੁਰੂ ਸਾਹਿਬ ਵੱਲੋਂ ਬਖਸ਼ੀ ਸਿੱਖੀ ਤੇ ਸੰਗਤਾਂ ਨੂੰ ਮਾਣ ਕਰਨ ਦੀ ਗੱਲ ਕਰਦੇ ਹੋਏ ਪ੍ਰਬੰਧ ਦੀ ਸੇਵਾ ਦੌਰਾਨ ਕਮੇਟੀ ਪ੍ਰਬੰਧਕਾਂ ਵੱਲੋਂ ਬੀਤੇ 2 ਸਾਲ ਦੌਰਾਨ ਹੋਈਆਂ ਗ਼ਲਤੀਆਂ ਜਾਂ ਕਮੀਆਂ ਲਈ ਦੋ ਹੱਥ ਜੋੜ ਕੇ ਮੁਆਫ਼ੀ ਵੀ ਮੰਗੀ। ਇਕ ਨਿਮਾਣੇ ਸਿੱਖ ਵਾਂਗ ਤਕਰੀਰ ਕਰਦੇ ਭਾਵੁਕ ਹੋਏ ਸਿਰਸਾ ਨੇ ਕਿਹਾ ਕਿ ਮੇਰੇ ਪ੍ਰਬੰਧ ਦੀ ਸੇਵਾ ਸੰਭਾਲਣ ਨਾਲ ਸਾਡੀ ਚੜ੍ਹਦੀ ਕਲਾ ਤਾਂ ਹੋ ਸਕਦੀ ਹੈ ਪਰ ਗੁਰੂਘਰ ਦੀ ਚੜ੍ਹਦੀ ਕਲਾ ਦਾ ਦਾਅਵਾ ਕਰਨਾ ਸਾਡੀ ਛੋਟੀ ਸੋਚ ਦਾ ਪ੍ਰਤੀਕ ਲਗਦਾ ਹੈ। ਵਿਰੋਧੀ ਧਿਰਾਂ ਦੇ ਆਗੂਆਂ ਨੂੰ ਪ੍ਰਬੰਧ ‘ਚ ਕਮੀਆਂ ਦਾ ਢੰਡੋਰਾ ਮੀਡੀਆ ‘ਚ ਭੰਨਣ ਦੀ ਬਜਾਏ ਸਿੱਧਾ ਉਨ੍ਹਾਂ ਤੱਕ ਪਹੁੰਚ ਕਰਕੇ ਯੋਗ ਸਲਾਹ ਦੇ ਕੇ ਕੌਮ ਨੂੰ ਮਜ਼ਬੂਤ ਕਰਨ ਦੀ ਵੀ ਸਿਰਸਾ ਨੇ ਅਪੀਲ ਕੀਤੀ। ਕਮੇਟੀ ਦਫ਼ਤਰ ‘ਚ ਸੁਝਾਓ ਅਤੇ ਸ਼ਿਕਾਇਤ ਕਰਨ ਵਾਸਤੇ ਲਗਾਏ ਗਏ ਪੱਤਰ ਬਾਕਸ ਰਾਹੀਂ ਆਪਣੀ ਗੱਲ ਉਨ੍ਹਾਂ ਤੱਕ ਪਹੁੰਚਾਉਣ ਦੀ ਵੀ ਸਿਰਸਾ ਨੇ ਅਪੀਲ ਕੀਤੀ।
1980 ਤੋਂ ਪਹਿਲੇ ਦਿੱਲੀ ਕਮੇਟੀ ਦੇ ਬਣੇ 13ਪਬਲਿਕ ਸਕੂਲਾਂ ਦਾ ਹਵਾਲਾ ਦਿੰਦੇ ਹੋਏ ਸਮੂਹ ਸੰਗਤਾਂ ਨੂੰ ਪ੍ਰਬੰਧਕਾਂ ਦੀਆਂ ਕਮੀਆਂ ਲੱਭਣ ਦੀ ਬਜਾਏ ਲੁੜੀਂਦਾ ਸਹਿਯੋਗ ਦੇਣ ਲਈ ਅੱਗੇ ਆਉਣ ਦਾ ਵੀ ਸੱਦਾ ਦਿੱਤਾ ਤਾਂਕਿ 1980 ਤੋਂ ਬਾਅਦ ਸਕੂਲੀ ਵਿੱਦਿਅਕ ਅਦਾਰਿਆਂ ਦੀ ਰੁਕ ਗਈ ਫ਼ਸਲ ਨੂੰ ਹਰਾ ਕੀਤਾ ਜਾ ਸਕੇ। ਸਿਰਸਾ ਨੇ ਆਪਣੇ ਆਪ ਨੂੰ ਘੱਟ ਬੁੱਧੀ ਦੱਸਦੇ ਹੋਏ ਸੰਗਤਾਂ ਨੂੰ ਆਪਣੇ ਬੱਚਿਆਂ ਦੀ ਪੜਾਈ ਵੇਲੇ ਕ੍ਰਿਸਚਨ ਸਕੂਲਾਂ ਦੇ ਰੁਝਾਨ ਨੂੰ ਛੱਡ ਕੇ ਆਪਣੇ ਬੱਚਿਆਂ ਨੂੰ ਗੁਰਮੁਖੀ ਨਾਲ ਜੋੜ ਕੇ ਗੁਰਸਿੱਖੀ ਨਾਲ ਜੋੜਨ ਦਾ ਵੀ ਤਰਲਾ ਮਾਰਿਆ। ਦੇਸ਼ ਦੀ ਚੜ੍ਹਦੀ ਕਲਾ ਲਈ ਵਿਦੇਸ਼ੀ ਹਮਲਾਵਰਾਂ ਨਾਲ ਟਾਕਰਾ ਕਰਨ ਲਈ ਗੁਰੁ ਗੋਬਿੰਦ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਮਾਸਟਰ ਤਾਰਾ ਸਿੰਘ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਸਿਰਸਾ ਨੇ ਇਸ ਮੌਕੇ ਯਾਦ ਕੀਤਾ। ਦਿੱਲੀ ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ ਅਤੇ ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ ਨੇ ਵੀ ਸੰਗਤਾਂ ਨੂੰ ਸੰਬੋਧਿਤ ਕੀਤਾ। ਸਟੇਜ ਸਕੱਤਰ ਦੀ ਸੇਵਾ ਦਿੱਲੀ ਕਮੇਟੀ ਮੈਂਬਰ ਗੁਰਬਚਨ ਸਿੰਘ ਚੀਮਾ ਅਤੇ ਪਰਮਜੀਤ ਸਿੰਘ ਰਾਣਾ ਵੱਲੋਂ ਨਿਭਾਈ ਗਈ। ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ, ਇੰਦਰਜੀਤ ਸਿੰਘ ਮੌਂਟੀ, ਦਰਸ਼ਨ ਸਿੰਘ ਅਤੇ ਰਵੈਲ ਸਿੰਘ ਵੱਲੋਂ ਕਾਰਸੇਵਾ ਵਾਲੇ ਬਾਬਾ ਸੁਰਿੰਦਰ ਸਿੰਘ ਦਾ ਵੀ ਸਨਮਾਨ ਕੀਤਾ ਗਿਆ।
Indian News ਸਿੱਖਾਂ ਦੀਆਂ ਕੁਰਬਾਨੀਆਂ ਨੂੰ ਸਰਕਾਰਾਂ ਨੇ ਅਣਗੌਲੇ ਕੀਤਾ