ਚੰਡੀਗੜ੍ਹ, 4 ਸਤੰਬਰ (ਏਜੰਸੀ) – ਪੰਜਾਬ ਦੇ ਸਿਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਅੱਜ ਅਧਿਆਪਕ ਦਿਵਸ ਦੀ ਪੂਰਵ ਸੰਧਿਆ ‘ਤੇ ਸਮੂਹ ਅਧਿਆਪਕ ਭਾਈਚਾਰੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਵਿਦਿਆਰਥੀਆਂ ਦੇ ਵਿਅਕਤੀਤਵ ਨੂੰ ਨਿਖਾਰਨ ਅਤੇ ਗਿਆਨ ਅਤੇ ਬੌਧਿਕਤਾ ਨੂੰ ਹੋਰ ਵਿਸ਼ਾਲ ਕਰਨ ਲਈ ਉਨ੍ਹਾਂ ਅੰਦਰ………. ਅਨੁਸ਼ਾਸਨ, ਇਮਾਨਦਾਰੀ, ਉੱਚ ਕਿਰਦਾਰ ਅਤੇ ਸਮਰਪਣ ਭਾਵਨਾ ਜਿਹੇ ਗੁਣਾਂ ਨੂੰ ਪੈਦਾ ਕਰਨਾ ਚਾਹੀਦਾ ਹੈ।
ਭਾਰਤ ਦੇ ਸਾਬਕਾ ਰਾਸ਼ਟਰਪਤੀ ਸਵਰਗੀ ਡਾ. ਐਸ ਰਾਧਾ ਕ੍ਰਿਸ਼ਨਨ ਦੀ ਜਨਮ ਵਰ੍ਹੇ ਗੰਢ ਵਾਲੇ ਦਿਨ ਮਨਾਏ ਜਾਂਦੇ ਅਧਿਆਪਕ ਦਿਵਸ ਦੇ ਮੌਕੇ ਇਸ ਸੰਦੇਸ਼ ‘ਚ ਸਿਖਿਆ ਮੰਤਰੀ ਨੇ ਕਿਹਾ ਕਿ ਸਵਰਗੀ ਡਾ. ਐਸ ਰਾਧਾ ਕ੍ਰਿਸ਼ਨਨ ਇਕ ਮਹਾਨ ਵਿਦਵਾਨ ਅਤੇ ਫਿਲਾਸਫ਼ਰ ਸਨ, ਜਿਨ੍ਹਾਂ ਦੇਸ਼ ਅੰਦਰ ਸਿਖਿਆ ਪ੍ਰਣਾਲੀ ਦੇ ਪੁਨਰਗਠਨ ਵਿੱਚ ਅਹਿਮ ਭੂਮਿਕਾ ਨਿਭਾਈ। ਅਧਿਆਪਕਾਂ ਨੂੰ ਸਿਧਾਂਤਾਂ, ਕਦਰਾਂ-ਕੀਮਤਾਂ ਅਤੇ ਸਭਿਆਚਾਰ ਦੇ ਸਰਪ੍ਰਸਤ ਦੱਸਦਿਆਂ ਉਨ੍ਹਾਂ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਲਈ ਇਸ ਮਦਦਗਾਰ ਦੋਸਤ, ਮਾਰਗ ਦਰਸ਼ਕ ਅਤੇ ਸਲਾਹਕਾਰ ਦੀ ਭੂਮਿਕਾ ਨਿਭਾਉਂਦੇ ਹਨ ਅਤੇ ਉਨ੍ਹਾਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਕੇ ਸਮਾਜ ਦੇ ਆਦਰਸ਼ ਨਾਗਰਿਕ ਬਣਾਉਣ ਵਿੱਚ ਮਦਦ ਕਰਦੇ ਹਨ।
ਉਨ੍ਹਾਂ ਇਸ ਮੌਕੇ ਸਮੂਹ ਅਧਿਆਪਕ ਭਾਈਚਾਰੇ ਨੂੰ ਭਰੋਸਾ ਦੁਆਇਆ ਕਿ ਰਾਜ ਸਰਕਾਰ ਮਿਆਰੀ ਸਿਖਿਆ ਪ੍ਰਦਾਨ ਕਰਨ ਵਾਸਤੇ ਢੁਕਵਾਂ ਮਾਹੌਲ ਸਿਰਜਣ ਲਈ ਯਤਨਸ਼ੀਲ ਹੈ ਤਾਂ ਜੋ ਉਹ ਆਪਣੇ ਫਰਜ਼ਾਂ ਨੂੰ ਸੁਚੱਜੇ ਢੰਗ ਨਾਲ ਅੰਜਾਮ ਦੇ ਸਕਣ। ਉਨ੍ਹਾਂ ਅਧਿਆਪਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਮੌਜੂਦਾ ਹਾਲਾਤ ਮੁਤਾਬਿਕ ਖੁਦ ਨੂੰ ਪੜ੍ਹਾਈ ਦੀਆਂ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਉਂਦੇ ਹੋਏ ਆਪਣੇ ਗਿਆਨ ਦੇ ਭੰਡਾਰ ਨੂੰ ਹੋਰ ਵਿਸ਼ਾਲ ਬਣਾਉਣ ਲਈ ਨਿਰੰਤਰ ਯਤਨ ਕਰਦੇ ਰਹਿਣ। ਉਨ੍ਹਾਂ ਸਿੱਖਿਆ ਵਿਭਾਗ ਦੇ ਹਰ ਪੱਧਰ ਦੇ ਸਮੂਹ ਅਧਿਕਾਰੀਆਂ ਨੂੰ ਵੀ ਆਖਿਆ ਕਿ ਉਹ ਵਿਦਿਅਕ ਖੇਤਰ ਨੂੰ ਪਹਿਲ ਦੇਣ ਤੇ ਅਧਿਆਪਕਾਂ ਦੇ ਹਿੱਤਾਂ ਦੀ ਰਾਖੀ ਕਰਦੇ ਹੋਏ ਉਨ੍ਹਾਂ ਲਈ ਸਮੇਂ ਦੀ ਲੋੜ ਅਨੁਸਾਰ ਟਰੇਨਿੰਗ ਦੇ ਪ੍ਰਬੰਧ ਕਰਦੇ ਰਹਿਣ ਤਾਂ ਜੋ ਉਹ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਦੇ ਸਮਰੱਥ ਹੋ ਸਕਣ।
Indian News ਸਿੱਖਿਆ ਮੰਤਰੀ ਵਲੋਂ ਅਧਿਆਪਕ ਦਿਵਸ ਦੀ ਵਧਾਈ