ਸੰਸਾਰ ਵਿੱਚ ਕੋਈ ਵੀ ਅਜਿਹਾ ਕੰਮ ਨਹੀਂ ਜਿਹੜਾ ਅਸੰਭਵ ਹੋਵੇ ਬਸ਼ਰਤੇ ਕਿ ਕੰਮ ਕਰਨ ਵਾਲੇ ਦੀ ਨੀਅਤ ਸਾਫ, ਲਗਨ, ਦ੍ਰਿੜ੍ਹਤਾ ਅਤੇ ਇਰਾਦਾ ਮਜ਼ਬੂਤ ਹੋਵੇ। ਆਪਣੇ ਜੀਵਨ ਵਿੱਚ ਸਫਲ ਉਹ ਹੀ ਵਿਅਕਤੀ ਹੁੰਦਾ ਹੈ, ਜਿਹੜਾ ਉਸਰੂ ਰੁਚੀ ਦਾ ਮਾਲਕ ਹੋਵੇ ਅਤੇ ਨਿਸ਼ਾਨਾ ਮਿਥਿਆ ਹੋਵੇ। ਅਜਿਹਾ ਹੀ ਇਕ ਵਿਅਕਤੀ ਸੀ ਸੰਦੀਪ ਸਿੰਘ ਧਾਲੀਵਾਲ, ਜਿਸ ਨੇ ਆਪਣੇ ਮਨ ਵਿੱਚ ਠਾਣ ਲਿਆ ਸੀ ਕਿ ਉਹ ਸਿੱਖਾਂ ਦੀ ਪਛਾਣ ਬਣਾਉਣ ਲਈ ਸਾਬਤ ਸਰੂਪ ਸਿੱਖ ਹੁੰਦਾ ਹੋਇਆ ਅਮਰੀਕਾ ਦੀ ਪੁਲਿਸ ਵਿੱਚ ਨੌਕਰੀ ਕਰੇਗਾ। ਉਸ ਨੂੰ ਇਕ ਸਿੱਖ ਪਰਿਵਾਰ ਦੇ ਘਰ ਵਿੱਚ ਹੋਈ ਚੋਰੀ ਦੀ ਘਟਨਾ ਨੇ ਪ੍ਰੇਰਤ ਕੀਤਾ। ਪੁਲਿਸ ਨੇ ਘਰ ਦੇ ਮਾਲਕ ਜੋ ਕਿ ਅੰਮ੍ਰਿਤਧਾਰੀ ਸਿੱਖ ਸੀ, ਉਲਟਾ ਉਸ ਉੱਪਰ ਕੇਸ ਦਰਜ ਕਰ ਦਿੱਤਾ ਕਿਉਂਕਿ ਪੁਲਿਸ ਨੂੰ ਜਾਣਕਾਰੀ ਨਹੀਂ ਸੀ ਕਿ ਗਾਤਰਾ ਧਾਰਮਿਕ ਚਿੰਨ੍ਹ ਹੈ। ਫਿਰ ਪੁਲਿਸ ਗੁਰਦੁਆਰਾ ਸਾਹਿਬ ਵਿੱਚ ਆਈ ਅਤੇ ਸਿੱਖ ਨੌਜਵਾਨਾ ਨੂੰ ਪੁਲਿਸ ਵਿੱਚ ਭਰਤੀ ਹੋਣ ਲਈ ਕਿਹਾ ਤਾਂ ਜੋ ਸਿੱਖਾਂ ਦੀ ਪਛਾਣ ਬਾਰੇ ਕੋਈ ਗ਼ਲਤੀ ਨਾ ਹੋਵੇ। ਸੰਦੀਪ ਸਿੰਘ ਧਾਲੀਵਾਲ ਉਦੋਂ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਸੀ। ਉਦੋਂ ਹੀ ਉਸ ਨੇ ਪੁਲਿਸ ਵਿੱਚ ਭਰਤੀ ਹੋਣ ਦੀ ਠਾਣ ਲਈ। ਉਸ ਸਮੇਂ ਉਹ ਆਪਣੇ ਪਿਤਾ ਨਾਲ ਪੀਜੇ ਦੀ ਦੁਕਾਨ ਕਰਦਾ ਸੀ। ਉਹ ਸਭਿਆਚਾਰਕ ਸਰਗਰਮੀਆਂ ਵਿੱਚ ਵੀ ਹਿੱਸਾ ਲੈਂਦਾ ਅਤੇ ਭੰਗੜਾ ਬਹੁਤ ਵਧੀਆ ਪਾਉਂਦਾ ਸੀ। ਉਸ ਨੂੰ ਇਸ ਨਿਸ਼ਾਨੇ ਦੀ ਪੂਰਤੀ ਲਈ ਕਾਫ਼ੀ ਜਦੋਜਹਿਦ ਕਰਨੀ ਪਈ। ਉਸ ਨੇ ਇਕ ਇੰਟਰਵਿਊ ਵਿੱਚ ਕਿਹਾ ਸੀ ਕਿ ਪੁਲਿਸ ਵਿਭਾਗ ਨੇ 6 ਸਾਲ ਉਸ ਨੂੰ ਇਹ ਦਸਤਾਰ ਪਹਿਨਕੇ ਅਤੇ ਦਾੜ੍ਹੀ ਰੱਖਕੇ ਨੌਕਰੀ ਕਰਨ ਦੀ ਇਜਾਜ਼ਤ ਨਾ ਦਿੱਤੀ ਅਤੇ ਇਹ ਵੀ ਪੁਲਿਸ ਵਿਭਾਗ ਨੇ ਕਿਹਾ ਸੀ ਕਿ ਉਹ ਪਾਰਟ ਟਾਈਮ ਨੌਕਰੀ ਕਰ ਲਵੇ ਜੇਕਰ ਸਾਬਤ ਸਰੂਪ ਸਿੱਖ ਰਹਿੰਦਿਆਂ ਪੁਲਿਸ ਦੀ ਨੌਕਰੀ ਕਰਨੀ ਹੈ। ਪ੍ਰੰਤੂ ਉਸ ਨੇ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਸ ਨੇ ਰੈਗੂਲਰ ਨੌਕਰੀ ਕਰਨੀ ਹੈ। ਕਈ ਤਰ੍ਹਾਂ ਦੇ ਇਤਰਾਜ਼ ਲਗਦੇ ਰਹੇ ਅਤੇ ਇਹ ਵੀ ਕਿਹਾ ਗਿਆ ਕਿ ਜਦੋਂ ਉਸ ਨੂੰ ਦੋਸ਼ੀਆਂ ਦੇ ਮਗਰ ਭੱਜਣਾ ਪਵੇਗਾ ਤਾਂ ਦਸਤਾਰ ਡਿਗ ਸਕਦੀ ਹੈ। ਮੂੰਹ ਤੇ ਮਾਸਕ ਪਾਉਣਾ ਵਿੱਚ ਦਾੜ੍ਹਾ ਰੋੜਾ ਬਣੇਗੀ। ਇਸ ਲਈ ਨੌਕਰੀ ਵਿੱਚ ਰੁਕਾਵਟ ਆਵੇਗੀ ਪ੍ਰੰਤੂ ਅਖੀਰ ਵਿੱਚ ਉਸ ਦੀਆਂ ਦਲੀਲਾਂ ਅਤੇ ਧਾਰਮਿਕ ਅਕੀਦੇ ਅੱਗੇ ਪੁਲਿਸ ਵਿਭਾਗ ਨੂੰ ਮੰਨਣਾ ਪਿਆ। ਪੁਲਿਸ ਵਿਭਾਗ ਨੇ ਮਹਿਸੂਸ ਕੀਤਾ ਕਿ ਇਕ ਸ਼ਹਿਰੀ ਨੂੰ ਆਪਣਾ ਸਰਵਿਸ ਕੈਰੀਅਰ ਜਾਂ ਧਾਰਮਿਕ ਵਿਸ਼ਵਾਸ ਰੱਖਣ ਵਿਚੋਂ ਇਕ ਨੂੰ ਚੁਣਨ ਲਈ ਕਹਿਣਾ ਜਾਇਜ਼ ਨਹੀਂ। ਜਿਸ ਕਰਕੇ ਉਸ ਨੂੰ ਦੋਵੇਂ ਬਾਕਾਇਦਾ ਰੱਖਣ ਦੀ ਇਜਾਜ਼ਤ ਦਿੱਤੀ ਗਈ। ਅਮਰੀਕਾ ਵਿੱਚ ਸਿੱਖਾਂ ਉੱਪਰ ਹੋਣ ਵਾਲੇ ਨਫ਼ਰਤੀ ਹਮਲਿਆਂ ਦੀ ਭੇਂਟ ਅਮਰੀਕਾ ਦੀ ਪੁਲਿਸ ਵਿੱਚ ਟੈਕਸਾਸ ਸਟੇਟ ਦੇ ਹੂਸਟਨ ਸ਼ਹਿਰ ਦੀ ਹੈਰਿਸ ਕਾਊਂਟੀ ਸ਼ੈਰਿਫ ਦੇ ਦਫ਼ਤਰ ਵਿੱਚ ਸੇਵਾ ਨਿਭਾ ਰਿਹਾ ਉਹੀ ਵਿਅਕਤੀ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ (42) ਬਣਿਆਂ ਜਿਹੜਾ ਪੂਰਨ ਸਾਬਤ ਸੂਰਤ ਸਿੱਖ ਰਹਿਕੇ ਸਿੱਖਾਂ ਦੀ ਪਛਾਣ ਬਣਾਉਣਾ ਚਾਹੁੰਦਾ ਸੀ। ਸੰਦੀਪ ਸਿੰਘ ਧਾਲੀਵਾਲ ਅਮਰੀਕਾ ਵਿੱਚ ਪਹਿਲਾ ਦਸਤਾਰ ਧਾਰੀ ਸਿੱਖ ਪੁਲਿਸ ਅਧਿਕਾਰੀ ਬਣਿਆਂ ਸੀ, ਜਿਸ ਕਰਕੇ ਸਿੱਖਾਂ ਦੀ ਪਛਾਣ ਦਾ ਉਹ ਪ੍ਰਤੀਕ ਬਣ ਗਿਆ ਸੀ। ਅਮਰੀਕਾ ਵਿੱਚ ਦਹਿਸ਼ਤਗਰਦਾਂ ਵੱਲੋਂ ਟਰੇਡ ਸੈਂਟਰ ‘ਤੇ ਹਮਲਾ ਕਰਨ ਤੋਂ ਬਾਅਦ ਸਿੱਖਾਂ ਉੱਪਰ ਹੋਣ ਵਾਲੇ ਨਸਲੀ ਹਮਲਿਆਂ ਵਿੱਚ ਵਾਧਾ ਹੋ ਗਿਆ ਸੀ ਕਿਉਂਕਿ ਸਿੱਖਾਂ ਦੀ ਵੇਸਭੂਸਾ ਮੁਸਲਮਾਨਾ ਨਾਲ ਮਿਲਦੀ ਜੁਲਦੀ ਹੈ। ਸੰਦੀਪ ਸਿੰਘ ਧਾਲੀਵਾਲ ਪਿਛਲੇ ੧੦ ਸਾਲਾਂ ਤੋਂ ਹੈਰਿਸ ਕਾਊਂਟੀ ਵਿੱਚ ਇਮਾਨਦਾਰੀ, ਲਗਨ, ਦ੍ਰਿੜ੍ਹਤਾ ਅਤੇ ਤਨਦੇਹੀ ਨਾਲ ਨੌਕਰੀ ਕਰ ਰਿਹਾ ਸੀ। ਉਸ ਦੀ ਵਿਲੱਖਣਤਾ ਇਹ ਸੀ ਕਿ ਉਹ ਅਮਰੀਕਾ ਵਿੱਚ ਪਹਿਲਾ ਦਸਤਾਰਧਾਰੀ ਅਤੇ ਦਾੜ੍ਹੀ ਵਾਲਾ ਸਿੱਖ ਰਹਿਤ ਮਰਿਆਦਾ ਅਨੁਸਾਰ ਜਾਬਤੇ ਵਿੱਚ ਰਹਿੰਦਿਆਂ ਪੁਲਿਸ ਵਿੱਚ ਨੌਕਰੀ ਕਰਨ ਵਾਲਾ ਪੁਲਿਸ ਅਧਿਕਾਰੀ ਸੀ। ਦੁੱਖ ਇਸ ਗੱਲ ਦਾ ਹੈ ਕਿ ਅਮਨ-ਸ਼ਾਂਤੀ ਅਤੇ ਸਦਭਾਵਨਾ ਦਾ ਸੰਦੇਸ਼ ਦੇਣ ਵਾਲੇ ਸਿੱਖ ਧਰਮ ਦਾ ਅਨੁਆਈ ਅਧਿਕਾਰੀ ਹਿੰਸਾ ਦਾ ਸ਼ਿਕਾਰ ਹੋ ਗਿਆ।
2008 ਵਿੱਚ ਉਸ ਨੇ ਆਪਣੀ ਪੀਜਾ ਦੀ ਦੁਕਾਨ ਵੇਚ ਦਿੱਤੀ ਅਤੇ ਉਹ ਹੈਰਿਸ ਕਾਊਂਟੀ ਸ਼ੈਰਿਫ਼ ਦਫ਼ਤਰ ਵਿੱਚ ਡਿਟੈਨਸ਼ਨ ਅਧਿਕਾਰੀ ਨਿਯੁਕਤ ਹੋਇਆ ਸੀ। 2015 ਵਿੱਚ ਉਸ ਦੀ ਡਿਪਟੀ ਸ਼ੈਰਿਫ਼ ਦੇ ਤੌਰ ‘ਤੇ ਤਰੱਕੀ ਹੋਈ ਸੀ। ਉਸ ਨੇ ਦਸਤਾਰ ਬੰਨ੍ਹ ਕੇ ਅਤੇ ਦਾੜ੍ਹੀ ਰੱਖਕੇ ਨੌਕਰੀ ਹੀ ਤਾਂ ਕੀਤੀ ਸੀ ਤਾਂ ਜੋ ਸਿੱਖ ਦੀ ਪਛਾਣ ਬਣ ਸਕੇ। ਜਦੋਂ 2015 ਵਿੱਚ ਉਸ ਨੂੰ ਸਾਬਤ ਸੂਰਤ ਸਿੱਖ ਦੇ ਤੌਰ ‘ਤੇ ਨੌਕਰੀ ਕਰਨ ਦੀ ਇਜਾਜ਼ਤ ਮਿਲੀ ਸੀ, ਉਦੋਂ ਵੀ ਉਹ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਆਇਆ ਸੀ। ਉਹ ਆਪਣੀ ਜ਼ਿੰਦਗੀ ਦੀ ਕੁਰਬਾਨੀ ਦੇ ਕੇ ਸਿੱਖਾਂ ਦੀ ਪਛਾਣ ਸਦੀਵੀ ਬਣਾ ਗਿਆ। ਦੁਰਘਟਨਾ ਵਾਲੇ ਦਿਨ ਵੀ ਉਸ ਨੇ ਸਾਈਪ੍ਰਸ ਇਲਾਕੇ ਵਿਲੈਂਸੀ ਕੋਰਟ ‘ਚ ਇਕ ਚੌਰਾਹੇ ਵਿੱਚ ਟ੍ਰੈਫਿਕ ਨਿਯਮਾ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ ਰੋਕਿਆ ਸੀ। ਉਸ ਦੇ ਕਾਗਜ਼ ਚੈਕ ਕਰਨ ਤੋਂ ਬਾਅਦ ਜਦੋਂ ਉਹ ਆਪਣੀ ਕਾਰ ਵਲ ਆ ਰਿਹਾ ਸੀ ਤਾਂ ਰੌਬਰਟ ਸਾਲਿਸ ਨਾਮ ਦੇ ਵਿਅਕਤੀ ਨੇ ਪਿਛਿਉਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। 47 ਸਾਲਾ ਨਾਮੀ ਮੁਜ਼ਰਮ ਰੌਬਰਟ ਸਾਲਿਸ 2017 ਵਿੱਚ ਪੈਰੋਲ ‘ਤੇ ਆਇਆ ਸੀ, ਮੁੜਕੇ ਜੇਲ੍ਹ ਵਿੱਚ ਨਹੀਂ ਗਿਆ ਸੀ, ਜਿਸ ਕਰਕੇ ਉਹ ਪੁਲਿਸ ਦਾ ਭਗੌੜਾ ਸੀ। ਸੰਦੀਪ ਸਿੰਘ ਧਾਲੀਵਾਲ ਨੂੰ ਡਾਕਟਰੀ ਸਹਾਇਤਾ ਦੇਣ ਲਈ ਤੁਰੰਤ ਹੈਲੀਕਾਪਟਰ ‘ਤੇ ਹਸਪਤਾਲ ਲਿਜਾਇਆ ਗਿਆ ਪ੍ਰੰਤੂ ਉਸ ਨੂੰ ਬਚਾਇਆ ਨਾ ਸਕਿਆ। ਸੰਦੀਪ ਸਿੰਘ ਧਲੀਵਾਲ ਬਹੁਤ ਹੀ ਨਿਡਰ, ਬਹਾਦਰ, ਨਿਧੜਕ ਅਤੇ ਮਿਲਾਪੜੇ ਸੁਭਾਅ ਦਾ ਮਾਲਕ ਸੀ। ਗੋਰੇ ਵੀ ਉਸ ਦਾ ਬਹੁਤ ਸਤਿਕਾਰ ਕਰਦੇ ਸਨ, ਖ਼ਾਸ ਤੌਰ ‘ਤੇ ਗੋਰੇ ਬੱਚਿਆਂ ਵਿੱਚ ਉਹ ਬਹੁਤ ਹਰਮਨ ਪਿਆਰਾ ਸੀ। ਇਸ ਗੱਲ ਦੀ ਗਵਾਹੀ ਗੋਰਿਆਂ ਵੱਲੋਂ ਆਪਣੇ ਬੱਚਿਆਂ ਨਾਲ ਪਿਆਰ ਕਰਦਿਆਂ ਸੰਦੀਪ ਸਿੰਘ ਧਾਲੀਵਾਲ ਦੀਆਂ ਸ਼ੋਸ਼ਲ ਮੀਡੀਆ ‘ਤੇ ਪਾਈਆਂ ਜਾ ਰਹੀਆਂ ਤਸਵੀਰਾਂ ਹਨ। ਉਹ ਹਰ ਰੋਜ਼ ਆਪਣੀ ਨੌਕਰੀ ‘ਤੇ ਜਾਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਕੇ ਜਾਂਦਾ ਸੀ। ਉਸ ਦੀ ਮੌਤ ਤੋਂ ਬਾਅਦ ਟੈਕਸਾਸ ਸਟੇਟ ਦਾ ਕੋਈ ਅਜਿਹਾ ਭਾਰਤੀ ਅਤੇ ਉੱਥੋਂ ਦੀ ਪੁਲਿਸ ਦਾ ਕਰਮਚਾਰੀ ਨਹੀਂ, ਜਿਸ ਦੀ ਅੱਖ ਵਿਚੋਂ ਅਥਰੂ ਨਾ ਕਿਰੇ ਹੋਣ। ਅਮਰੀਕਾ ਵਿੱਚ ਸਰਕਾਰੀ ਨੌਕਰੀ ਕਰ ਰਹੇ ਸਿੱਖ ਦੀ ਇਹ ਪਹਿਲੀ ਹੱਤਿਆ ਦੀ ਘਟਨਾ ਹੈ, ਜਿਸ ਨੇ ਅਮਰੀਕਾ ਸਰਕਾਰ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ ਕਿਉਂਕਿ ਸੰਦੀਪ ਸਿੰਘ ਧਾਲੀਵਾਲ ਅਮਰੀਕਾ ਦੀ ਵੰਨ ਸਵੰਨਤਾ ਦੀ ਨੀਤੀ ਦਾ ਪ੍ਰਤੀਕ ਸੀ। ਉਸ ਦੀ ਯਾਦ ਵਿੱਚ ਪੁਲਿਸ ਵਿਭਾਗ ਨੇ ਸਾਈਪ੍ਰਸ ਸ਼ਹਿਰ ਦੇ ਬੇਰੀ ਸੈਂਟਰ ਵਿੱਚ ਸੋਗ ਸਭਾ ਆਯੋਜਤ ਕੀਤੀ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕੈਨੇਡਾ, ਇੰਗਲੈਂਡ, ਅਮਰੀਕਾ ਅਤੇ ਹੋਰ ਦੇਸ਼ਾਂ ਤੋਂ ਲੋਕਾਂ ਨੇ ਸ਼ਿਰਕਤ ਕੀਤੀ। ਖਾਲਸਾ ਏਡ ਇੰਗਲੈਂਡ ਤੋਂ ਰਵੀ ਸਿੰਘ ਸਮੇਤ ਸੰਸਾਰ ਦੇ ਲਗਭਗ ਸਾਰੇ ਦੇਸ਼ਾਂ ਵਿਚੋਂ ਪੁਲਿਸ ਅਤੇ ਫ਼ੌਜ ਦੇ ਸਿੱਖ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਸਸਕਾਰ ਦੇ ਮੌਕੇ ‘ਤੇ ਪਹੁੰਚੇ ਹੋਏ ਸਨ। ਇਕ ਕਿਸਮ ਨਾਲ ਸਾਰੇ ਸੰਸਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਸੀ। ਉਹ ਸਿੱਖਾਂ ਦੀ ਪਛਾਣ ਦਾ ਸੰਸਾਰ ਵਿੱਚ ਪ੍ਰਤੀਕ ਬਣ ਗਿਆ ਹੈ। ਸ਼ਾਇਦ ਸੰਦੀਪ ਸਿੰਘ ਧਾਲੀਵਾਲ ਪਹਿਲਾ ਅਜਿਹਾ ਵਿਅਕਤੀ ਹੈ, ਜਿਸ ਦੀ ਹਿਰਦੇਵੇਦਿਕ ਮੌਤ ਤੋਂ ਬਾਅਦ ਅਮਰੀਕਾ ਦੇ ਗੋਰੇ ਵੀ ਧਾਹੀਂ ਰੋਏ ਹਨ। ਜਦੋਂ ਉਸ ਦੀ ਮ੍ਰਿਤਕ ਦੇਹ ਨੂੰ ਸ਼ਮਸ਼ਾਨ ਘਾਟ ਵਲ ਲਿਜਾਇਆ ਜਾ ਰਿਹਾ ਸੀ ਤਾਂ ਅਮਰੀਕਾ ਦੀ ਘੋੜ ਸਵਾਰ ਅਤੇ ਮੋਟਰ ਸਾਈਕਲਾਂ ‘ਤੇ ਪੁਲਸ ਦੇ ਸੈਂਕੜੇ ਕਰਮਚਾਰੀ ਤੇ ਅਧਿਕਾਰੀ ਅਗਵਾਈ ਕਰ ਰਹੇ ਸਨ। ਹਵਾਈ ਜਹਾਜਾਂ ਰਾਹੀਂ ਫੁਲਾਂ ਦੀ ਵਰਖਾ ਕੀਤੀ ਗਈ। ਮਜਲ ਦੇ ਪਿਛੇ ਸੈਂਕੜੇ ਕਾਰਾਂ ਵਿੱਚ ਪੁਲਿਸ ਅਧਿਕਾਰੀ ਅਤੇ ਸਿਵਲੀਅਨ ਜਾ ਰਹੇ ਸਨ। ਪਹਿਲੀ ਵਾਰ ਵੇਖਣ ਨੂੰ ਮਿਲਿਆ ਕਿ ਸੜਕ ਦੇ ਦੋਹੇ ਪਾਸੀਂ ਗੋਰੇ ਅਮਰੀਕਾ ਦਾ ਝੰਡਾ ਲੈ ਕੇ ਨਮ ਅੱਖਾਂ ਨਾਲ ਸੋਗ ਵਿੱਚ ਡੁੱਬੇ ਹੋਏ ਸੰਦੀਪ ਸਿੰਘ ਧਾਲੀਵਾਲ ਅਮਰ ਰਹੇ ਦੇ ਨਆਰੇ ਲਾ ਰਹੇ ਸਨ। ਉਸ ਦਾ ਪੂਰੇ ਸਰਕਾਰੀ ਸਨਮਾਨਾ ਅਤੇ ਸਿੱਖ ਧਰਮ ਦੀਆਂ ਪਰੰਪਰਾਵਾਂ ਅਨੁਸਾਰ ਸਸਕਾਰ ਕੀਤਾ ਗਿਆ। ਉਸ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਹੂਸਟਨ ਸਟੇਟ ਵਿੱਚ 2015 ਤੋਂ 49 ਪੁਲਿਸਮੈਨ ਨੌਕਰੀ ਦੌਰਾਨ ਮਾਰੇ ਗਏ ਸਨ ਪ੍ਰੰਤੂ ਇਤਨਾ ਮਾਣ ਸਨਮਾਨ ਸ਼ਾਇਦ ਇਸ ਤੋਂ ਪਹਿਲਾਂ ਕਿਸੇ ਪੁਲਿਸ ਅਧਿਕਾਰੀ ਨੂੰ ਨਹੀਂ ਮਿਲਿਆ। ਲੈਫ਼ਟੀਨੈਂਟ ਗਵਰਨਰ ਡੈਨ ਪੈਟਰਿਕ ਨੇ ਕਿਹਾ ਕਿ ਸੰਸਕਾਰ ਦੇ ਮੌਕੇ ਭਾਸ਼ਣ ਦੇਣ ਦੀ ਰਵਾਇਤ ਨਹੀਂ ਪ੍ਰੰਤੂ ਉਹ ਇਕ ਸੱਚੇ ਸੁੱਚੇ ਬਹਾਦਰ ਜਰਨੈਲ ਨੂੰ ਸ਼ਰਧਾਂਜਲੀ ਦੇਣ ਤੋਂ ਰਹਿ ਨਹੀਂ ਸਕਦਾ। ਹੂਸਟਨ ਸਟੇਟ ਨੇ ਸੰਦੀਪ ਸਿੰਘ ਧਾਲੀਵਾਲ ਦੀ ਯਾਦ ਤਾਜ਼ਾ ਰੱਖਣ ਲਈ ਹਰ ਸਾਲ 2 ਅਕਤੂਬਰ ਨੂੰ ਸੰਦੀਪ ਸਿੰਘ ਧਾਲੀਵਾਲ ਡੇਅ ਮਨਾਉਣ ਦਾ ਐਲਾਨ ਕੀਤਾ ਹੈ।
1995 ਵਿੱਚ 12ਵੀਂ ਕਲਾਸ ਪਾਸ ਕਰਨ ਤੋਂ ਬਾਅਦ ਸੰਦੀਪ ਸਿੰਘ ਧਾਲੀਵਾਲ ਆਪਣੇ ਪਿਤਾ ਕੋਲ ਆਪਣੀ ਮਾਂ ਅਤੇ ਦੋ ਭੈਣਾਂ ਦੇ ਨਾਲ ਅਮਰੀਕਾ ਆਇਆ ਸੀ। ਉਸ ਦਾ ਪਿਤਾ ਪਹਿਲਾਂ ਹੀ ਅਮਰੀਕਾ ਵਿੱਚ ਰਹਿੰਦਾ ਸੀ। ਉਸ ਦਾ ਜਨਮ ਮਾਤਾ ਸੁਰਿੰਦਰ ਕੌਰ ਅਤੇ ਪਿਤਾ ਸ. ਪਿਆਰਾ ਸਿੰਘ ਦੇ ਘਰ ਕਪੂਰਥਲਾ ਜ਼ਿਲ੍ਹੇ ਦੇ ਧਾਲੀਵਾਲ ਬੇਟ ਪਿੰਡ ਵਿੱਚ ਹੋਇਆ ਸੀ। ਆਪਦੀ ਮਾਤਾ ਪਹਿਲਾਂ ਹੀ ਸਵਰਗ ਸਿਧਾਰ ਚੁੱਕੇ ਹਨ। ਉਹ ਪਿਛਲੇ ਸਾਲ ਆਪਣੀ ਮਾਤਾ ਦੀਆਂ ਅਸਥੀਆਂ ਪਾਉਣ ਲਈ ਭਾਰਤ ਆਇਆ ਸੀ। ਇਸ ਸਾਲ 13 ਅਕਤੂਬਰ ਨੂੰ ਵੀ ਉਸ ਨੇ ਆਪਣੇ ਪਿੰਡ ਦੀਵਾਲੀ ਮਨਾਉਣ ਲਈ ਆਉਣਾ ਸੀ, ਜਿਸ ਲਈ ਟਿਕਟਾਂ ਬੁਕ ਕਰਵਾ ਲਈਆਂ ਸਨ ਪ੍ਰੰਤੂ ਵਾਹਿਗੁਰੂ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਸੰਦੀਪ ਸਿੰਘ ਧਾਲੀਵਾਲ ਜਿੱਥੇ ਆਪਣੀ ਡਿਊਟੀ ਸੰਜੀਦਗੀ ਨਾਲ ਨਿਭਾਉਣ ਲਈ ਜਾਣਿਆਂ ਜਾਂਦਾ ਹੈ, ਉੱਥੇ ਉਹ ਸਮਾਜ ਸੇਵਕ ਵੀ ਸੀ। ਉਹ ਅਮਰੀਕਾ ਵਿੱਚ ਹਰ ਕੁਦਰਤੀ ਆਫ਼ਤ ਦੇ ਪ੍ਰਭਾਵਤ ਲੋਕਾਂ ਦੀ ਮੱਦਦ ਲਈ ਆਪਣੇ ਦੋਸਤਾਂ ਮਿਤਰਾਂ ਨਾਲ ਬਹੁੜਦਾ ਸੀ। ਜਦੋਂ 2017 ਵਿੱਚ ਹਿਊਸਟਨ ਵਿੱਚ ਹੜ੍ਹ ਆਏ ਸਨ ਤਾਂ ਸਿਆਟਲ ਤੋਂ ਯੂਨਾਈਟਡ ਸਿੱਖਸ ਸੰਸਥਾ ਦੇ ਨੁਮਾਇਦੇ ਪੀੜਤਾਂ ਦੀ ਮਦਦ ਲਈ ਆਏ ਸਨ ਤਾਂ ਉਦੋਂ ਹੀ ਉਹ ਇਸ ਸੰਸਥਾ ਨਾਲ ਜੁੜ ਗਿਆ ਸੀ। ਹੜ੍ਹ ਪੀੜਤਾਂ ਦੀ ਮਦਦ ਲਈ ਉਹ ਖ਼ੁਦ ਟਰੱਕਾਂ ਵਿੱਚ ਸਾਮਾਨ ਲੱਦਕੇ ਪੀੜਤਾਂ ਦੀ ਮਦਦ ਕਰਦਾ ਰਿਹਾ। ਉਸ ਦੀ ਅਜਿਹੀ ਨਿਸ਼ਕਾਮ ਸੇਵਾ ਨੇ ਉਦੋਂ ਅਮਰੀਕਾ ਦੇ ਨੈਸ਼ਨਲ ਟੈਲੀਵਿਜ਼ਨਜ਼ ਵਿੱਚ ਉਸ ਦੀ ਪ੍ਰਸੰਸਾ ਦੇ ਪੁਲ ਬੰਨ੍ਹੇ ਸਨ। ਪਿਛੇ ਜਹੇ ਵੀ ਯੂਨਾਈਟਡ ਸਿੱਖਸ ਸੰਸਥਾ ਦੇ ਕਾਰਕੁਨਾ ਨਾਲ ਪੈਟਰਿਕ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਸਰਕਾਰੀ ਨੌਕਰੀ ਤੋਂ ਛੁਟੀਆਂ ਲੈ ਕੇ ਗਿਆ ਸੀ। ਉਹ ਆਪਣੇ ਪਿੰਡ ਦੀਆਂ ਦੋ ਬੱਚੀਆਂ ਦੀ ਪੜ੍ਹਾਈ ਦਾ ਖ਼ਰਚਾ ਵੀ ਚੁੱਕ ਰਿਹਾ ਸੀ। ਉਹ ਆਪਣੇ ਪਿਛੇ ਪਿਤਾ ਪਿਆਰਾ ਸਿੰਘ, ਪਤਨੀ ਹਰਵਿੰਦਰ ਕੌਰ ਅਤੇ ਇਕ ਪੰਜ ਸਾਲ ਦਾ ਲੜਕਾ ਤੇ ਦੋ ਲੜਕੀਆਂ ਛੱਡ ਗਿਆ ਹੈ। ਸੰਦੀਪ ਸਿੰਘ ਧਾਲੀਵਾਲ ਦੀ ਸ਼ਹੀਦੀ ਤੋਂ ਬਾਅਦ ਜਿਤਨਾ ਮਾਨ ਸਨਮਾਨ ਉਸ ਨੂੰ ਅਮਰੀਕੀਆਂ ਅਤੇ ਭਾਰਤੀਆਂ ਨੇ ਦਿੱਤਾ ਹੈ, ਉਹ ਆਪਣੀ ਮਿਸਾਲ ਆਪ ਹੈ।