ਆਕਲੈਂਡ, 8 ਅਗਸਤ -ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਨੇ ਇਟਲੀ ਦੇ ਸ਼ਹਿਰ ਰੋਮ ਦੇ ਹਵਾਈ ਅੱਡੇ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ. ਕੇ. ਦੀ ਪੱਗੜੀ ਉਤਾਰਨ ਦੀ ਮੰਗ ਦੇ ਮਾਮਲੇ ਵਿੱਚ ਆਪਣੀ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਬਿਆਨ ਜਾਰੀ ਕੇਰ ਕੇ ਕਿਹਾ ਕਿ ਸਿੱਖ ਧਰਮ ਵਿੱਚ ਪੱਗੜੀ ਦੀ ਮਹੱਤਤਾ ਬੜੀ ਪ੍ਰਮੁੱਖ ਹੈ। ਉਨ੍ਹਾਂ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਟਲੀ ਦੇ ਹਵਾਈ ਅੱਡੇ ਉੱਤੇ ਵਿਭਿੰਨ ਸਭਿਆਚਾਰ ਦੇ ਲੋਕਾਂ ਨੂੰ ਸਵੀਕਾਰ ਕਰਵਾਉਣਾ ਲਈ ਇਹ ਤਾਜ਼ਾ ਘਟਨਾ ਕ੍ਰਮ ਇਕ ਹੋਕਾ ਤੇ ਚੇਤਾਵਨੀ ਹੈ। ਸ. ਮਨਜੀਤ ਸਿੰਘ ਜੀ. ਕੇ. ਨੂੰ ਹਵਾਈ ਅੱਡੇ ਸੁਰੱਖਿਆ ਚੈਕਿੰਗ ਵੇਲੇ ਜਬਰਦਸਤੀ ਦਸਤਾਰ ਉਤਾਰਨ ਲਈ ਕਹਿਣਾ ਇਕ ਤਰ੍ਹਾਂ ਅਪਰਾਧ ਹੈ। ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ‘ਇਕ ਸਿੱਖ ਹੋਣ ਦੇ ਨਾਤੇ ਪੱਗੜੀ ਸਿਰਫ਼ ਇਕ ਕੱਪੜੇ ਦਾ ਟੁਕੜਾ ਨਹੀਂ ਹੈ, ਜਦੋਂ ਉਹ ਇਕ ਸਿੱਖ ਦੇ ਸਿਰ ਉੱਤੇ ਸਜ ਜਾਵੇ। ਇਕ ਸਿੱਖ ਦੇ ਲਈ ਪੱਗੜੀ ਪੂਰਨ ਰੂਪ ਵਿੱਚ ਪ੍ਰਭੂ ਸੱਤਾ, ਸਮਰਪਣ, ਸਵੈ-ਮਾਣ, ਸੂਰਮਗਤੀ ਤੇ ਧਰਮ ਨਿਸ਼ਠਾ ਦਾ ਪ੍ਰਗਟਾਵਾ ਹੈ। ਇਹ ਗੁਰੂਆਂ ਵਲੋਂ ਵਰਸਾਇਆ ਇਕ ਧਾਰਮਿਕ ਚਿੰਨ੍ਹ ਹੈ। ਰੋਮ ਵਿੱਚ ਹੋਈ ਇਹ ਘਟਨਾ ਇਸ ਗੱਲ ਦੀ ਲੋੜ ਉੱਤੇ ਵੀ ਧਿਆਨ ਖਿੱਚਦੀ ਹੈ ਕਿ ਵਿਦੇਸ਼ਾਂ ਵਿੱਚ ਬਹੁ ਭਾਂਤੇ ਸਮਾਜਿਕ ਵਰਤਾਰੇ ਨੂੰ ਹਰ ਹੀਲੇ ਸਮਝਣਾ ਚਾਹੀਦਾ ਹੈ। ਇਹ ਮਾਮਲਾ ਇਸ ਗੱਲ ਉੱਤੇ ਵੀ ਗੌਰ ਫ਼ਰਮਾਉਣ ਦਾ ਸੁਨੇਹਾ ਦਿੰਦਾ ਹੈ ਕਿ ਵਿਭਿੰਨ ਭਾਈਚਾਰੇ ਦੇ ਵਿੱਚ ਰਹਿੰਦਿਆਂ ਸਾਨੂੰ ਹਰ ਹਾਲਤ ਦੇ ਵਿੱਚ ਦੂਜੇ ਧਰਮਾਂ ਨੂੰ ਸਮਝਣਾ ਅਤੇ ਸੰਸਕਾਰਾਂ ਨੂੰ ਸਹਿਣ ਕਰਨਾ ਚਾਹੀਦਾ ਹੈ’।
‘ਸਾਰੇ ਸਭਿਆਚਾਰ, ਧਰਮ ਅਤੇ ਵਿਭਿੰਨ ਕੌਮਾਂ ਦੇ ਲੋਕ ਇਕ ਅਨੋਖੀ ਪਿਰਤ ਅਤੇ ਸ਼ਿਸ਼ਟਾਚਾਰ ਰੱਖਦੇ ਹਨ। ਇਸੀ ਤਰ੍ਹਾਂ ਇਕ ਸਿੱਖ ਦੇ ਲਈ ਪੱਗੜੀ ਨੂੰ ਸਿਰ ਉੱਤੇ ਸਜਾਉਣਾ ਅਤਿ ਮਹੱਤਵਪੂਰਨ ਲੋੜ ਹੈ। ਇਹ ਪ੍ਰਥਾ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਵੇਲੇ ੧੪੬੯ ਤੋਂ ਜਾਰੀ ਹੈ। ਸਿੱਖ ਦੀ ਪੱਗੜੀ ਉਚ ਸਦਾਚਾਰ ਦੀ ਪਹਿਚਾਣ ਹੈ ਜਿਹੜਾ ਕਿ ਸਿੱਖਾਂ ਦੇ ਦਸਵੇਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਲਈ ਨਿਰਧਾਰਤ ਕੀਤਾ ਸੀ। ਸਮਕਾਲੀਨ ਵਿਸ਼ਵ ਅਸਲ ਵਿੱਚ ਵਿਭਿੰਨ ਕੌਮਾਂ ਦੀ ਥਾਂ ਹੈ, ਖਾਸ ਤੌਰ ‘ਤੇ ਸਿੱਖ ਲੋਕ ਸਖ਼ਤ ਮਿਹਨਤ ਕਰਕੇ ਸਾਰਥਿਕ ਰੂਪ ਵਿੱਚ ਹਰੇਕ ਭਾਈਚਾਰੇ ਅਤੇ ਅਰਥਚਾਰੇ ਵਿੱਚ ਹਾਂ ਪੱਖੀ ਯੋਗਦਾਨ ਪਾਉਂਦੇ ਹਨ’।
ਸਾਂਸਦ ਕੰਵਲਜੀਤ ਸਿੰਘ ਬਖਸ਼ੀ ਹੁਣਾ ਨੇ ਅੰਤ ਵਿੱਚ ਕਿਹਾ ਕਿ, ‘ਮੈਂ ਇਹ ਗੱਲ ਖੁਸ਼ੀ ਨਾਲ ਕਹਿ ਸਕਦਾ ਹਾਂ ਕਿ ਨਿਊਜ਼ੀਲੈਂਡ ਸਾਡੇ ਸਭਿਆਚਾਰ ਅਤੇ ਰੀਤ-ਰਿਵਾਜਾਂ ਨੂੰ ਸਮਝਦਾ ਅਤੇ ਸਵੀਕਾਰਦਾ ਹੈ’।
NZ News ਸਿੱਖ ਧਰਮ ਵਿੱਚ ਪੱਗੜੀ ਦੀ ਮਹੱਤਤਾ ਬਹੁਤ ਪ੍ਰਮੁੱਖ ਹੈ – ਸਾਂਸਦ ਕੰਵਲਜੀਤ...