ਸਿੱਖਾਂ ਦੀ ਬਹਾਦਰੀ ਦੀਆਂ ਧੁੰਮਾਂ ਸੰਸਾਰ ਵਿੱਚ ਪਈਆਂ ਹੋਈਆਂ ਹਨ ਕਿਉਂਕਿ ਸਿੱਖਾਂ ਦੀ ਵਿਰਾਸਤ ਬਹੁਤ ਹੀ ਅਮੀਰ ਹੈ। ਸਿੱਖਾਂ ਦਾ ਵਿਰਸਾ ਦਸ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜਿਹੜਾ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦਾ ਹੈ। ਸਾਰਿਆਂ ਨੂੰ ਬਰਾਬਰੀ ਅਤੇ ਨਿਆਂ ਦੇਣ ਦੀ ਵਕਾਲਤ ਕਰਦਾ ਹੈ। ਜ਼ਬਰ ਅਤੇ ਜ਼ੁਲਮ ਦਾ ਦਲੇਰੀ ਨਾਲ ਟਾਕਰਾ ਕਰਨ ਦੀ ਨਸੀਹਤ ਦਿੰਦਾ ਹੈ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਲਿਖਿਆ ਹੈ ਕਿ ਜਦੋਂ ਜ਼ੁਲਮ ਦੀ ਹੱਦ ਹੋ ਜਾਵੇ ਤਾਂ ਤਲਵਾਰ ਚੁੱਕਣੀ ਜ਼ਰੂਰੀ ਹੈ। ਬਲਵਿੰਦਰ ਸਿੰਘ ਚਾਹਲ ਨੇ ਦੂਜੇ ਵਿਸ਼ਵ ਯੁੱਧ ਵਿੱਚ ਇਟਲੀ ਵਿੱਚ ਸਿੱਖ ਫ਼ੌਜੀ ਪੁਸਤਕ ਲਿਖ ਕੇ ਆਪਣੀ ਵਿਰਾਸਤ ਦੀ ਸਫਲਤਾ ਦੀ ਕਹਾਣੀ ਲਿਖੀ ਹੈ। ਦੂਜੇ ਵਿਸ਼ਵ ਯੁੱਧ ਵਿੱਚ ਸਿੱਖ ਫ਼ੌਜੀਆਂ ਦੀ ਸ਼ਮੂਲੀਅਤ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਖ਼ਾਤਮੇ ਤੋਂ ਬਾਅਦ ਪੰਜਾਬ ਵਿੱਚ ਅੰਗਰੇਜ਼ਾਂ ਦਾ ਰਾਜ ਹੋਣ ਕਰਕੇ ਸੰਭਵ ਹੋਈ। ਇਸ ਯੁੱਧ ਵਿੱਚ ਪੰਜਾਬ ਦੀਆਂ ਰਿਆਸਤਾਂ ਦੇ ਰਾਜਿਆਂ ਨੇ ਵੀ ਇੰਗਲੈਂਡ ਦੇ ਗੋਰਿਆਂ ਦੀ ਚਾਪਲੂਸੀ ਕਰਨ ਲਈ ਆਪਣੀਆਂ ਰਿਆਸਤਾਂ ਦੀਆਂ ਫ਼ੌਜਾਂ ਲੜਾਈ ਵਿੱਚ ਸ਼ਾਮਲ ਹੋਣ ਲਈ ਭੇਜ ਦਿੱਤੀਆਂ। ਅੰਗਰੇਜ਼ਾਂ ਦੇ ਪਿੱਠੂਆਂ ਸਫ਼ੈਦਪੋਸ਼ਾਂ, ਜ਼ੈਲਦਾਰਾਂ ਅਤੇ ਨੰਬਰਦਾਰਾਂ ਨੇ ਆਮ ਲੋਕਾਂ ਨੂੰ ਫ਼ੌਜ ਵਿੱਚ ਭਰਤੀ ਹੋਣ ਲਈ ਮਜਬੂਰ ਕੀਤਾ ਪ੍ਰੰਤੂ ਕੁੱਝ ਲੋੜ ਮੰਦ ਸਿੱਖ ਆਪਣੇ ਪਰਿਵਾਰਾਂ ਨੂੰ ਪਾਲਣ ਪੋਸ਼ਣ ਲਈ ਵੀ ਭਰਤੀ ਹੋਏ। ਇਸ ਯੁੱਧ ਵਿੱਚ ਦੋ ਗੁੱਟਾਂ ਦੀ ਸੁਪਰੀਮੇਸੀ ਦਾ ਸਵਾਲ ਸੀ। ਇੱਕ ਪਾਸੇ ਜਰਮਨ, ਇਟਲੀ ਅਤੇ ਜਾਪਾਨ ਸਨ। ਦੂਜੇ ਗੁੱਟ ਵਿੱਚ ਇੰਗਲੈਂਡ, ਫਰਾਂਸ, ਅਮਰੀਕਾ ਅਤੇ ਰੂਸ ਸ਼ਾਮਲ ਸਨ। ਉਸ ਸਮੇਂ ਇਟਲੀ ਦਾ ਤਾਨਾਸ਼ਾਹ ਮੁਸੋਲਿਨੀ ਹਿਟਲਰ ਨਾਲ ਮਿਲ ਗਿਆ। ਜਰਮਨਾਂ ਨੇ ਇਟਲੀ ਦੇ ਲੋਕਾਂ ਤੇ ਅਨੇਕਾਂ ਅੱਤਿਆਚਾਰ ਕੀਤੇ, ਜਿਸ ਕਰਕੇ ਇਟਲੀ ਦੇ ਲੋਕ ਜਰਮਨਾਂ ਤੋਂ ਖਹਿੜਾ ਛੁਡਵਾਉਣਾ ਚਾਹੁੰਦੇ ਸਨ। ਇਟਲੀ ਨਿਵਾਸੀ ਬਾਗ਼ੀਆਂ (ਪਰਤੀਜਾਨੀ) ਨੇ ਵੀ ਫ਼ੌਜ ਦਾ ਸਾਥ ਦਿੱਤਾ। ਦੂਜੇ ਵਿਸ਼ਵ ਯੁੱਧ ਸਮੇਂ ਇਟਲੀ ਵਿੱਚ ਸਿੱਖ ਫ਼ੌਜੀਆਂ ਨੇ ਆਪਣੀ ਬਹਾਦਰੀ, ਦਲੇਰੀ, ਲਗਨ ਅਤੇ ਦ੍ਰਿੜ੍ਹਤਾ ਦਾ ਸਬੂਤ ਦਿੰਦਿਆਂ ਜਰਮਨਾਂ ਦੇ ਛੱਕੇ ਛੁਡਾ ਦਿੱਤੇ। ਇਹ ਖੋਜ ਭਰਪੂਰ ਜਾਣਕਾਰੀ ੧੬ ਸਾਲ ਇਟਲੀ ਵਿੱਚ ਰਹੇ ਅਤੇ ਹੁਣ ਇੰਗਲੈਂਡ ਵਿੱਚ ਰਹਿ ਰਹੇ ਪੰਜਾਬੀ ਦੇ ਸਾਹਿਤਕਾਰ ਬਲਵਿੰਦਰ ਸਿੰਘ ਚਾਹਲ ਨੇ ਆਪਣੀ “ਇਟਲੀ ਵਿੱਚ ਸਿੱਖ ਫ਼ੌਜੀ” ਦੂਜੇ ਵਿਸ਼ਵ ਯੁੱਧ ਬਾਰੇ ਲਿਖੀ ਪੁਸਤਕ ਵਿੱਚ ਦਿੱਤੀ ਹੈ। ਪੁਸਤਕ ਪੜ੍ਹਨ ਤੋਂ ਪਤਾ ਲਗਦਾ ਹੈ ਕਿ ਬਲਵਿੰਦਰ ਸਿੰਘ ਚਾਹਲ ਨੇ ਇਸ ਪੁਸਤਕ ਨੂੰ ੬ ਸਾਲਾਂ ਦੀ ਘਾਲਣਾ ਤੋਂ ਬਾਅਦ ਪ੍ਰਕਾਸ਼ਤ ਕਰਵਾਇਆ ਹੈ। ਘਰ ਬੈਠਕੇ ਹਵਾਲਾ ਪੁਸਤਕਾਂ ਪੜ੍ਹ ਕੇ ਇਹ ਪੁਸਤਕ ਨਹੀਂ ਲਿਖੀ ਗਈ ਭਾਵੇਂ ਹਵਾਲਾ ਪੁਸਤਕਾਂ ਨੂੰ ਆਪਣਾ ਆਧਾਰ ਬਣਾਇਆ ਹੈ। ਲੇਖਕ ਨੇ ਇਸ ਯੁੱਧ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀਆਂ, ਉਨ੍ਹਾਂ ਦੇ ਵਾਰਸ ਪੰਜਾਬੀਆਂ ਨਾਲ ਮੁਲਾਕਾਤਾਂ ਕਰਕੇ ਜਾਣਕਾਰੀ ਇਕੱਤਰ ਕੀਤੀ ਹੈ। ਇਸ ਤੋਂ ਇਲਾਵਾ ਜਿਹੜੀਆਂ ਥਾਵਾਂ ਲੜਾਈ ਦਾ ਮੈਦਾਨ ਸਨ, ਲੇਖਕ ਨੇ ਉੱਥੇ ਪਹੁੰਚ ਕੇ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਹੈ। ਸਿੱਖ ਫ਼ੌਜੀਆਂ ਦੀਆਂ ਯਾਦਗਾਰਾਂ ਦੀਆਂ ਤਸਵੀਰਾਂ ਖਿੱਚ ਕੇ ਪ੍ਰਕਾਸ਼ਤ ਕੀਤੀਆਂ ਹਨ। ਇਹ ਖੋਜ ਪੁਸਤਕ ਹੈ ਜਿਵੇਂ ਪੀ.ਐਚ.ਡੀ ਦਾ ਥੀਸਿਸ ਹੋਵੇ। ਪੁਸਤਕ ਵਿੱਚ ਲੇਖਕ ਜਾਂਬਾਜ਼ ਪੰਜਾਬੀ ਫ਼ੌਜੀਆਂ ਵੱਲੋਂ ਪਹਾੜੀ ਅਤੇ ਨਦੀਆਂ ਨਾਲਿਆਂ ਵਾਲੇ ਇਲਾਕਿਆਂ ਵਿੱਚ ਜੋਖ਼ਮ ਵਿੱਚ ਪੈ ਕੇ ਪ੍ਰਾਪਤ ਕੀਤੀ ਸਫਲਤਾ ਦਾ ਬਾਖ਼ੂਬੀ ਨਾਲ ਦ੍ਰਿਸ਼ਟਾਂਤਿਕ ਢੰਗ ਨਾਲ ਵਰਣਨ ਕੀਤਾ ਹੈ। ਲੇਖਕ ਲਿਖਣ ਲੱਗਿਆਂ ਲੜਾਈ ਦਾ ਸੀਨ ਪੈਦਾ ਕਰ ਦਿੰਦਾ ਹੈ, ਜਿਵੇਂ ਖ਼ੁਦ ਉਸ ਨੇ ਇਸ ਯੁੱਧ ਵਿੱਚ ਹਿੱਸਾ ਲਿਆ ਹੁੰਦਾ ਹੈ। ਪੰਜਾਬੀਆਂ ਦੀ ਬਹਾਦਰੀ ਦੇ ਕੱਸੀਦੇ ਅਜੇ ਤੱਕ ਵੀ ਇਟਲੀ ਦੇ ਲੋਕ ਬੜੇ ਮਾਣ ਅਤੇ ਸਤਿਕਾਰ ਨਾਲ ਸੁਣਾ ਰਹੇ ਹਨ। ਲੇਖਕ ਨੇ ਇਟਲੀ ਦੇ ਸਥਾਨਕ ਚਸ਼ਮਦੀਦ ਗਵਾਹਾਂ ਅਤੇ ਹੋਰ ਨਿਵਾਸੀਆਂ ਨਾਲ ਵੀ ਮੁਲਾਕਾਤਾਂ ਕੀਤੀਆਂ ਜਿਸ ਕਰਕੇ ਪੁਸਤਕ ਦੀ ਸਾਰਥਿਕਤਾ ਬਣਨ ਨਾਲ ਇਤਿਹਾਸਕ ਪੱਖ ਵੀ ਉੱਘੜ ਗਿਆ ਹੈ। ਲੇਖਕ ਨੇ ਦੂਜੇ ਵਿਸ਼ਵ ਯੁੱਧ ਵਿੱਚ ਵੱਖ-ਵੱਖ ਫਰੰਟਾਂ ਉੱਪਰ ਯੁੱਧ ਵਿੱਚ ਹਿੱਸਾ ਲੈਣ ਵਾਲੇ ੧੧ ਸਿੱਖ ਫ਼ੌਜੀਆਂ ਅਤੇ ੧੩ ਇਟਲੀ ਨਿਵਾਸੀਆਂ ਜਾਂ ਉਨ੍ਹਾਂ ਦੇ ਵਾਰਸਾਂ ਨਾਲ ਮੁਲਾਕਾਤਾਂ ਵੀ ਪੁਸਤਕ ਵਿੱਚ ਸ਼ਾਮਲ ਕੀਤੀਆਂ ਹਨ ਜੋ ਬਹੁਤ ਹੀ ਦਿਲਚਸਪ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਸਿੱਖਾਂ ਦੀ ਵਫ਼ਾਦਾਰੀ ਵੇਖਣ ਵਾਲੀ ਹੈ ਕਿ ਇਟਲੀ ਵਿੱਚ ਇਸ ਤਰ੍ਹਾਂ ਲੜੇ ਜਿਵੇਂ ਆਪਣੇ ਦੇਸ਼ ਦੀ ਇੱਜ਼ਤ ਅਤੇ ਆਬਰੂ ‘ਤੇ ਪਹਿਰਾ ਦੇ ਰਹੇ ਹੋਣ। ਮੁਲਾਕਾਤਾਂ ਲਿਖਣ ਸਮੇਂ ਲੜਾਈ ਦੇ ਅਜਿਹੇ ਸੀਨ ਦ੍ਰਿਸ਼ਟਾਂਤ ਕੀਤੇ ਜਿਸ ਨਾਲ ਕਈ ਵਾਰੀ ਖ਼ੌਫ਼ਨਾਕ, ਦਰਦਨਾਕ, ਭੁੱਖ ਮਰੀ ਦਾ ਮਾਹੌਲ, ਮੌਤ ਦੇ ਮੂੰਹੋਂ ਬਚਣ ਕਰਕੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਸਿੱਖਾਂ ਦੀ ਦੇਸ਼ ਭਗਤੀ ਅਤੇ ਆਪਾ ਵਾਰੂ ਰੁਚੀ ਦਾ ਖ਼ੂਬਸੂਰਤ ਪ੍ਰਗਟਾਵਾ ਕੀਤਾ ਗਿਆ ਹੈ। ਇਸ ਯੁੱਧ ਵਿੱਚ ਸਿੱਖਾਂ ਦੇ ਬਿਹਤਰੀਨ ਯੋਗਦਾਨ ਕਰਕੇ ਸਿੱਖਾਂ ਦੀ ਵੱਖਰੀ ਪਹਿਚਾਣ ਬਣ ਗਈ ਹੈ। ਇਟਲੀ ਦੇ ਲੋਕ ਇਸ ਗੱਲ ਤੋਂ ਵੀ ਸੰਤੁਸ਼ਟ ਹਨ ਕਿ ਸਿੱਖ ਫ਼ੌਜੀਆਂ ਨੇ ਆਪਣੇ ਘਰਾਂ ਤੋਂ ਹਜ਼ਾਰਾਂ ਮੀਲ ਦੂਰ ਆ ਕੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਦੀ ਵੀ ਅਹੂਤੀ ਦਿੱਤੀ ਹੈ। ਸਿੱਖ ਫ਼ੌਜੀਆਂ ਦੀ ਇਸ ਕਰਕੇ ਵੀ ਪ੍ਰਸੰਸਾ ਕਰਦੇ ਹਨ ਕਿ ਉਹ ਮੌਤ ਤੋਂ ਬਿਲਕੁਲ ਹੀ ਡਰਦੇ ਨਹੀਂ ਸਨ, ਸਗੋਂ ਹਰ ਫ਼ਰੰਟ ‘ਤੇ ਮੂਹਰੇ ਹੋ ਕੇ ਲੜਦੇ ਸਨ। ਪੁਸਤਕ ਦਾ ਨਾਮ ਭਾਵੇਂ ਇਟਲੀ ਵਿੱਚ ਸਿੱਖ ਫ਼ੌਜੀ ਦੂਜੀ ਵਿਸ਼ਵ ਜੰਗ ਵਿੱਚ ਹੈ ਪ੍ਰੰਤੂ ਲੇਖਕ ਨੇ ਦੂਜੇ ਵਿਸ਼ਵ ਯੁੱਧ ਵਿੱਚ ਹਿੱਸਾ ਲੈਣ ਵਾਲੀ ਹਰ ਰਜਮੈਂਟ ਦੀ ਕਾਰਗੁਜ਼ਾਰੀ ਦੀ ਪ੍ਰਸੰਸਾ ਕੀਤੀ ਹੈ ਕਿਉਂਕਿ ਇਟਲੀ ਵਿੱਚ ਜਿਹੜੀਆਂ ਥਾਵਾਂ ‘ਤੇ ਲੜਾਈ ਹੋਈ ਹੈ ਉਹ ਸਾਰੀਆਂ ਓਭੜ ਖਾਬੜ ਅਤੇ ਬਹੁਤ ਹੀ ਨੁਕੀਲੀਆਂ ਪਹਾੜੀਆਂ ਵਾਲੀਆਂ ਸਨ, ਜਿੱਥੇ ਪੈਰ ਰੱਖਣ ਵਿੱਚ ਵੀ ਮੁਸ਼ਕਲ ਆਉਂਦੀ ਸੀ ਜਾਂ ਦਰਿਆਵਾਂ ਦੇ ਪਾਣੀਆਂ ਦੇ ਖ਼ੋਫ਼ਜਾਦਾ ਵਹਾਆ ਨਾਲ ਜੂਝਣਾ ਪੈਂਦਾ ਸੀ। ਲੇਖਕ ਨੇ ਪਹਿਲੀ ਵਿਸ਼ਵ ਜੰਗ ਬਾਰੇ ਵੀ ਜਾਣਕਾਰੀ ਦਿੱਤੀ ਹੈ। ਬਲਵਿੰਦਰ ਸਿੰਘ ਚਾਹਲ ਨੇ ਇਕ ਇਤਿਹਾਸਕਾਰ ਦੀ ਤਰ੍ਹਾਂ ਕੰਮ ਕੀਤਾ ਹੈ। ਉਸ ਨੂੰ ਇਸ ਗੱਲ ਦਾ ਵੀ ਲਾਭ ਮਿਲਿਆ ਹੈ ਕਿ ਉਸ ਦੇ ਨਾਨਾ ਅਜੀਤ ਸਿੰਘ ਰੰਧਾਵਾ ਅਤੇ ਦਾਦਾ ਦੇ ਛੋਟੇ ਭਰਾ ਹਰਬੰਸ ਸਿੰਘ ਚਾਹਲ ਵੀ ਚਸ਼ਮਦੀਦ ਗਵਾਹ ਸਨ। ਪਰਵਾਸ ਦੀ ਜ਼ਿੰਦਗੀ ਬੜੀ ਜੱਦੋਜਹਿਦ ਵਾਲੀ ਹੁੰਦੀ ਹੈ। ਇੱਥੇ ਹਰ ਕੰਮ ਆਪ ਕਰਨਾ ਪੈਂਦਾ ਹੈ। ਆਪਣੇ ਰੋਜ਼ਗਾਰ ਦੇ ਸਮੇਂ ਵਿਚੋਂ ਸਮਾਂ ਕੱਢ ਕੇ ਲੇਖਕ ਨੇ ਇਹ ਪੁਸਤਕ ਲਿਖੀ ਹੈ, ਜਿਸ ਤੋਂ ਉਸ ਦੀ ਲਗਨ ਅਤੇ ਦ੍ਰਿੜ੍ਹਤਾ ਦਾ ਇਸ ਤੋਂ ਹੋਰ ਵੱਡਾ ਸਬੂਤ ਨਹੀਂ ਹੋ ਸਕਦਾ। ਲੇਖਕ ਨੇ ਇਸ ਪੁਸਤਕ ਰਾਹੀਂ ਜਾਣਕਾਰੀ ਦੇ ਕੇ ਪੰਜਾਬੀ ਨੌਜਵਾਨਾਂ ਨੂੰ ਆਪਣੀ ਵਿਰਾਸਤ ਤੋਂ ਪ੍ਰੇਰਨਾ ਲੈ ਕੇ ਜ਼ਿੰਦਗੀ ਵਿੱਚ ਸਫਲ ਹੋਣ ਲਈ ਮੁੱਢ ਬੰਨ੍ਹਿਆਂ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਪੰਜਾਬੀ ਨੌਜਵਾਨ ਬੇਰੋਜ਼ਗਾਰੀ ਕਰਕੇ ਜ਼ਿੰਦਗੀ ਤੋਂ ਭਟਕਿਆ ਹੋਇਆ ਹੈ। ਪੰਜਾਬੀ ਵਿੱਚ ਸਿੱਖ ਫ਼ੌਜੀਆਂ ਬਾਰੇ ਦੂਜੀ ਵਿਸ਼ਵ ਜੰਗ ਵਿੱਚ ਬਹਾਦਰੀ ਦਰਸਾਉਣ ਵਾਲੀ ਇਹ ਪਹਿਲੀ ਪੁਸਤਕ ਹੈ। ਇਸ ਪੁਸਤਕ ਵਿੱਚ ਸਰੋਤਾਂ ‘ਤੇ ਆਧਾਰਤ ਤੱਥ ਦਿੱਤੇ ਗਏ ਹਨ। ਸਾਂਗਰੋ ਇਲਾਕੇ ਵਿੱਚ ਗੁਸਤਾਵ ਲਾਈਨ ਅਤੇ ਹਿਟਲਰ ਲਾਈਨ ਜਿਹੜੀ ਜਰਮਨਾਂ ਦੀ ਸਭ ਤੋਂ ਵੱਧ ਸੁਰੱਖਿਅਤ ਲਾਈਨ ਬਣਾਈ ਹੋਈ ਸੀ, ਉਸ ਨੂੰ ਸਿੱਖ ਫ਼ੌਜੀਆਂ ਨੇ ਆਪਣੀ ਬਹਾਦਰੀ ਨਾਲ ਤੋੜ ਕੇ ਜਰਮਨਾਂ ਦੇ ਦੰਦ ਖੱਟੇ ਕਰ ਦਿੱਤੇ। ਪੁਸਤਕ ਵਿੱਚ ਲੇਖਕ ਨੇ ਸਿੱਖਾਂ ਵੱਲੋਂ ਅਸੰਭਵ ਪੁਲ, ਕਲਾਦਰੀ, ਮੌਂਤੇ ਕਸੀਨੋ, ਵੀਲਾ ਗਰਾਂਦੇ, ਲੀਰੀ ਘਾਟੀ ਅਤੇ ਮੋਨਤੋਨੇ ਅਤੇ ਤਿਬਰ ਘਾਟੀ ਮੋਰਚਿਆਂ ਤੇ ਬਾਕਮਾਲ ਬਹਾਦਰੀ ਦਾ ਸਬੂਤ ਦਿੱਤਾ। ਇਸ ਲੜਾਈ ਵਿੱਚ ਭਾਰਤੀ ਫ਼ੌਜਾਂ ਦੇ ਨਾਲ ਸਿੱਖਾਂ ਦੀਆਂ ਪੰਜਾਬ ਰਜਮੈਂਟ, ਇੰਡੀਅਨ ਡਵੀਜ਼ਨ, ਨਾਭਾ ਅਕਾਲ ਇਨਫੈਂਟਰੀ, ਸਿੱਖ ਰਜਮੈਂਟਾਂ ਦੀ ਕਾਰਗੁਜ਼ਾਰੀ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਗਿਆ ਹੈ। ਇਹ ਵੀ ਦਰਸਾਇਆ ਗਿਆ ਹੈ ਕਿ ਇਟਲੀ ਵਿੱਚ ਮੌਂਤੇ ਕੇਸੀਨੋ, ਫੋਰਲੀ, ਸਾਂਗਰੋ ਅਤੇ ਰਿਵਰ ਮੈਮੋਰੀਅਲ 4 ਸ਼ਹੀਦੀ ਯਾਦਗਾਰਾਂ ਉਸਾਰੀਆਂ ਗਈਆਂ ਹਨ। ਇਨ੍ਹਾਂ ਵਿਚੋਂ ਸਾਂਗਰੋ ਵਿੱਚ 237, ਮੌਂਤੇ ਕੇਸੀਨੋ ਵਿੱਚ 377 ਅਤੇ ਫੋਰਲੀ ਵਿੱਚ 370 ਸਿੱਖਾਂ ਦੀਆਂ ਯਾਦਗਾਰਾਂ ਹਨ। ਇਨ੍ਹਾਂ ਸਿੱਖਾਂ ਦੀਆਂ ਯਾਦਗਾਰਾਂ ‘ਤੇ “ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ, ਸੰਸਕਾਰੇ ਗਏ” ਲਿਖਿਆ ਹੋਇਆ ਹੈ। ਦੂਜੇ ਵਿਸ਼ਵ ਯੁੱਧ ਵਿੱਚ ਅਮਰੀਕਾ ਅਤੇ ਇੰਗਲੈਂਡ ਤੋਂ ਬਾਅਦ ਤੀਜੇ ਨੰਬਰ ਤੇ ਭਾਰਤ ਦੀ ਫ਼ੌਜ ਹੀ ਆਉਂਦੀ ਹੈ ਜਿਸ ਦੇ 25 ਲੱਖ ਸੈਨਕਾਂ ਨੇ ਹਿੱਸਾ ਲਿਆ। ਇਟਲੀ ਵਿੱਚ ਫ਼ੌਜ ਦੀ ਸ਼ਾਨਦਾਰ ਕਾਰਗੁਜ਼ਾਰੀ ਕਰਕੇ 20 ਵਿਕਟੋਰੀਆ ਕਰਾਸ ਵਿਚੋਂ ੬ ਭਾਰਤੀਆਂ ਨੂੰ ਮਿਲੇ। ਇਸ ਜੰਗ ਵਿੱਚ ਮਿਲਟਰੀ ਕਰਾਸ ਦੇ ਬਰਾਬਰ ਦਾ 75 ਸਿੱਖ ਫ਼ੌਜੀਆਂ ਨੂੰ ਸੈਨਾ ਮੈਡਲ, ਅਮਰੀਕਾ ਦਾ ਤੀਜੇ ਦਰਜੇ ਦਾ ਸਭ ਤੋਂ ਉੱਚਾ ਸਨਮਾਨ ਸਿਲਵਰ ਸਟਾਰ 2 ਸਿੱਖਾਂ ਨੂੰ, 3 ਨੂੰ ਤਾਂਬੇ ਦਾ, 1 ਵਿਸ਼ਿਸਟ ਸੇਵਾ ਮੈਡਲ, 3 ਬ੍ਰਿਟਿਸ਼ ਇੰਮਪਾਇਰ ਮੈਡਲ, 8 ਨੂੰ ਆਰਡਰ ਆਫ਼ ਦੀ ਬ੍ਰਿਟਿਸ਼ ਇੰਮਪਾਇਰ ਭਾਰਤੀ ਵਿਸ਼ਿਸ਼ਟ ਸੇਵਾ ਮੈਡਲ, 37 ਨੂੰ ਭਾਰਤੀ ਵਿਸ਼ਿਸ਼ਟ ਸੇਵਾ ਮੈਡਲ ਅਤੇ 30 ਨੂੰ ਮਿਲਟਰੀ ਕਰਾਸ ਦਿੱਤਾ ਗਿਆ। ਇਹ ਮੈਡਲ ਮਿਲਣਾ ਸਿੱਖਾਂ ਦੀ ਬਹਾਦਰੀ ਦੀ ਮੂੰਹ ਬੋਲਦੀ ਤਸਵੀਰ ਹੈ। ਪਹਿਲੀ ਅਤੇ ਦੂਜੀ ਵਿਸ਼ਵ ਯੁੱਧਾਂ ਵਿੱਚ ਲੇਖਕ ਅਨੁਸਾਰ 1 ਲੱਖ 69 ਹਜ਼ਾਰ 700 ਫ਼ੌਜ ਸ਼ਹੀਦ ਹੋਏ ਇਨ੍ਹਾਂ ਵਿਚੋਂ 80 ਹਜ਼ਾਰ 500 ਸਿੱਖ ਸਨ।
ਲੇਖਕ – ਉਜਾਗਰ ਸਿੰਘ
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-0091 94178 13072
E-mail : ujagarsingh480yahoo.com