ਸਿੱਧੂ ਮੂਸੇਵਾਲਾ ਕਤਲ ਕਾਂਡ: ਗੈਂਗਸਟਰ ਲਾਰੈਂਸ ਬਿਸ਼ਨੋਈ ਹੁਣ ਪੁੱਛ ਪੜਤਾਲ ਲਈ ਪੰਜਾਬ ਪੁਲੀਸ ਹਵਾਲੇ

ਪਟਿਆਲਾ ਹਾਊਸ ਕੋਰਟ ਨੇ ਪੰਜਾਬ ਪੁਲੀਸ ਨੂੰ ਲਾਰੈਂਸ ਬਿਸ਼ਨੋਈ ਨੂੰ ਗ੍ਰਿਫ਼ਤਾਰ ਕਰਨ ਦੀ ਦਿੱਤੀ ਇਜਾਜ਼ਤ
ਨਵੀਂ ਦਿੱਲੀ, 14 ਜੂਨ – ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਗੋਲੀਆਂ ਮਾਰ ਕੇ ਕੀਤੇ ਕਤਲ ਕੇਸ ਵਿੱਚ ਪਟਿਆਲਾ ਹਾਊਸ ਕੋਰਟ ਦੀ ਪ੍ਰਵਾਨਗੀ ਮਗਰੋਂ ਪੰਜਾਬ ਪੁਲੀਸ (ਮਾਨਸਾ) ਨੇ ਤਿਹਾੜ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੁੱਛ-ਪੜਤਾਲ ਲਈ ਰਸਮੀ ਤੌਰ ‘ਤੇ ਹਿਰਾਸਤ ਵਿੱਚ ਲੈ ਲਿਆ। ਪੰਜਾਬ ਤੋਂ ਮਾਨਸਾ ਪੁਲੀਸ ਸਖ਼ਤ ਸੁਰੱਖਿਆ ਪ੍ਰਬੰਧ ਤਹਿਤ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਦਿੱਲੀ ਤੋਂ ਪੰਜਾਬ ਲਈ ਰਵਾਨਾ ਹੋ ਗਈ ਹੈ। ਲਾਰੈਂਸ ਬਿਸ਼ਨੋਈ ਨੂੰ ਬੁੱਧਵਾਰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਸਕਦਾ ਹੈ।
ਗੌਰਤਲਬ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਪੰਜਾਬ ਦੇ ਐਡਵੋਕੇਟ ਜਨਰਲ ਨੇ ਦਿੱਲੀ ਦੀ ਅਦਾਲਤ ‘ਚ ਅਰਜ਼ੀ ਦੇ ਕੇ ਪੁੱਛ-ਪੜਤਾਲ ਲਈ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ ਮੰਗਿਆ ਸੀ। ਬਿਸ਼ਨੋਈ ਦੇ ਵਕੀਲ ਨੇ ਪੰਜਾਬ ਪੁਲੀਸ ਦੀ ਮੰਗ ਦਾ ਵਿਰੋਧ ਕੀਤਾ ਗਿਆ ਅਤੇ ਉਸ ਦਾ ਝੂਠਾ ਪੁਲੀਸ ਮੁਕਾਬਲਾ ਹੋਣ ਦਾ ਖ਼ਦਸ਼ਾ ਪ੍ਰਗਟਾਇਆ। ਪੰਜਾਬ ਪੁਲੀਸ ਨੇ ਅਜਿਹੇ ਕਿਸੇ ਖ਼ਦਸ਼ੇ ਨੂੰ ਰੱਦ ਕਰਦਿਆਂ ਕਿਹਾ ਕਿ ਉਸ ਕੋਲ ਬਿਸ਼ਨੋਈ ਦੀ ਸੁਰੱਖਿਅਤ ਦੇ ਮਜ਼ਬੂਤ ਪ੍ਰਬੰਧ ਹਨ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਬਾਅਦ ਅਦਾਲਤ ਵੱਲੋਂ ਫ਼ੈਸਲਾ ਰਾਖਵਾਂ ਰੱਖ ਲਿਆ ਸੀ।