ਨਵੀਂ ਦਿੱਲੀ/ਚੰਡੀਗੜ੍ਹ, 9 ਜੁਲਾਈ – ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਰੇਲਵੇ ਮੰਤਰੀ ਸ੍ਰੀ ਡੀ. ਵੀ. ਸਦਾਨੰਦ ਗੌੜਾ ਨਾਲ ਵਿਸੇਸ਼ ਮੁਲਾਕਾਤ ਕਰਕੇ ਪੰਜਾਬ ਦੇ ਥਰਮਲ ਪਲਾਂਟਾਂ ਲਈ ਕੋਲੇ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਸੂਬੇ ਵਿੱਚ ਝੋਨੇ ਦੀ ਫ਼ਸਲ ਲਈ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਸਕੇ।
ਸ. ਬਾਦਲ, ਜਿਨ੍ਹਾਂ ਕੋਲ ਊਰਜਾ ਵਿਭਾਗ ਦਾ ਕਾਰਜ ਭਾਰ ਵੀ ਹੈ, ਨੇ ਕੇਂਦਰੀ ਕੋਲ ਫ਼ੀਲਡ ਤੋਂ ਵਾਧੂ ਕੋਲੇ ਦੀ ਅਲਾਟਮੈਂਟ ਦੀ ਰੁਕਾਵਟ ਰਹਿਤ ਸਪਲਾਈ ਦੀ ਮੰਗ ਉਠਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੋਲਾ ਮੰਤਰਾਲੇ ਕੋਲ ਇਹ ਮੁੱਦਾ ਉਠਾਏ ਜਾਣ ਤੋਂ ਬਾਅਦ ਕੋਲਾ ਮੰਤਰਾਲੇ ਨੇ ਪਹਿਲਾਂ ਹੀ ਪੰਜਾਬ ਲਈ ਵਾਧੂ ਕੋਲੇ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਉਪ ਮੁੱਖ ਮੰਤਰੀ ਜਿਨ੍ਹਾਂ ਨਾਲ ਇਸ ਮੁਲਾਕਾਤ ਸਮੇਂ ਸਕੱਤਰ ਊਰਜਾ ਸ੍ਰੀ ਅਨਿਰੁੱਧ ਤਿਵਾੜੀ ਅਤੇ ਪਾਵਰਕਾਮ ਦੇ ਚੇਅਰਮੈਨ ਸ੍ਰੀ ਕੇ. ਡੀ. ਚੌਧਰੀ….. ਵੀ ਹਾਜ਼ਰ ਸਨ, ਨੇ ਕੇਂਦਰੀ ਮੰਤਰੀ ਨੂੰ ਰੇਲ ਵੈਗਨਾਂ ਰਾਹੀਂ ਪੰਜਾਬ ਤੱਕ ਕੋਲੇ ਦੀ ਢੁਲਾਈ ਦੌਰਾਨ ਆਉਣ ਵਾਲੀਆਂ ਔਕੜਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਪੰਜਾਬ ਚੌਲਾਂ ਦਾ ਪ੍ਰਮੁੱਖ ਉਤਪਾਦਕ ਸੂਬਾ ਹੈ ਅਤੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਉਪਲਬਧ ਕਰਵਾ ਕੇ ਹੀ ਸੂਬੇ ਵਿੱਚ ਝੋਨੇ ਦੀ ਫ਼ਸਲ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਲੇ ਦੀ ਸਪਲਾਈ ਵਿੱਚ ਦੇਰੀ ਨਾਲ ਝੋਨੇ ਦੀ ਉਤਪਾਦਕਤਾ ‘ਤੇ ਸਿੱਧਾ ਅਸਰ ਪਵੇਗਾ।
ਸ. ਬਾਦਲ ਨੇ ਕਿਹਾ ਕਿ ਝੋਨੇ ਦੀ ਲਵਾਈ ਅਤੇ ਮੌਨਸੂਨ ਵਿੱਚ ਦੇਰੀ ਹੋ ਜਾਣ ਕਾਰਨ ਸੂਬੇ ਲਈ ਆਉਣ ਵਾਲੇ 15 ਦਿਨਾਂ ਬਹੁਤ ਹੀ ਮਹੱਤਵਪੂਰਨ ਹਨ। ਇਸ ਲਈ ਪੰਜਾਬ ਨੂੰ ਬਿਨਾਂ ਦੇਰੀ ਸੂਬੇ ਨੂੰ ਅਲਾਟ ਕੋਲਾ ਪੁੱਜਦਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਲਹਿਰਾ ਅਤੇ ਬਠਿੰਡਾ ਦੇ ਥਰਮਲ ਪਲਾਂਟਾਂ ਲਈ ਵੀ ਵਾਧੂ ਕੋਲ ਲਿੰਕ ਲੋੜੀਂਦੇ ਹਨ ਅਤੇ ਰੇਲਵੇ ਕੋਲੇ ਦੀ ਸਮੇਂ ਸਿਰ ਕੋਲ ਖਾਨਾਂ ਤੋਂ ਥਰਮਲਾਂ ਤੱਕ ਸਪਲਾਈ ਨੂੰ ਯਕੀਨੀ ਬਣਾਏ।
ਰੇਲ ਬਜਟ ਵਿੱਚ ਪੰਜਾਬ ਨੂੰ ਨਵੀਆਂ ਗੱਡੀਆਂ ਜਿਸ ਵਿੱਚ ਦਿੱਲੀ-ਬਠਿੰਡਾ ਸ਼ਤਾਬਦੀ, ਸਹਰਸਾ-ਅੰਮ੍ਰਿਤਸਰ ਜਨ ਸਧਾਰਨ ਐਕਸਪ੍ਰੈੱਸ, ਨਾਗਪੁਰ-ਅੰਮ੍ਰਿਤਸਰ ਏ. ਸੀ. ਐਕਸਪ੍ਰੈੱਸ ਸਪਤਾਹਿਕ, ਫਿਰੋਜਪੁਰ ਚੰਡੀਗੜ੍ਹ ਐਕਸਪ੍ਰੈੱਸ ਅਤੇ ਦਿੱਲੀ-ਪਠਾਨਕੋਟ ਹਾਈ ਸਪੀਡ ਐਕਸਪ੍ਰੈੱਸ ਗੱਡੀਆਂ ਸ਼ਾਮਿਲ ਹਨ, ਦੇਣ ਲਈ ਰੇਲ ਮੰਤਰੀ ਦਾ ਧੰਨਵਾਦ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਯੂ. ਪੀ. ਏ. ਸਰਕਾਰ ਨੇ ਹਮੇਸ਼ਾ ਹੀ ਰੇਲ ਪ੍ਰੋਜੈਕਟਾਂ ਦੀ ਅਲਾਟਮੈਂਟ ਵਿੱਚ ਪੰਜਾਬ ਨਾਲ ਭੇਦਭਾਵ ਕੀਤਾ ਸੀ।
ਪੰਜਾਬ ਦੇ ਉਪ ਮੁੱਖ ਮੰਤਰੀ ਵੱਲੋਂ ਉਠਾਏ ਮੁੱਦਿਆਂ ਤੇ ਰੇਲ ਮੰਤਰੀ ਨੇ ਤੁਰੰਤ ਕਾਰਵਾਈ ਕਰਦਿਆਂ ਨਿਰਦੇਸ਼ ਜਾਰੀ ਕੀਤੇ ਕਿ ਪੰਜਾਬ ਨੂੰ ਰੇਲਵੇ ਰਾਹੀਂ ਕੋਲੇ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਨੇ ਰੇਲ ਮੰਤਰਾਲੇ ਵੱਲੋਂ ਪੰਜਾਬ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਸ੍ਰੀ ਡੀ. ਪੀ. ਪਾਂਡੇ ਮੈਂਬਰ ਟ੍ਰੈਫਿਕ ਨੂੰ ਮੌਕੇ ‘ਤੇ ਹੀ ਕਿਹਾ ਕਿ ਇਸ ਮਸਲੇ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੇ ਸੀਜਨ ਦੌਰਾਨ ਕੋਲੇ ਦੀ ਘਾਟ ਕਾਰਨ ਬਿਜਲੀ ਦੀ ਕਿਸੇ ਪ੍ਰਕਾਰ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਸਕੱਤਰ ਊਰਜਾ ਸ੍ਰੀ ਅਨਿਰੁੱਧ ਤਿਵਾੜੀ, ਪਾਵਰਕਾਮ ਦੇ ਚੇਅਰਮੈਨ ਸ੍ਰੀ ਕੇ. ਡੀ. ਚੌਧਰੀ ਡਾ. ਵੀ. ਪੁਨੂੰਰਾਜ ਨਿੱਜੀ ਸਕੱਤਰ ਰੇਲ ਮੰਤਰੀ ਵੀ ਹਾਜ਼ਰ ਸਨ।
Indian News ਸੁਖਬੀਰ ਸਿੰਘ ਬਾਦਲ ਨੇ ਰੇਲਵੇ ਮੰਤਰੀ ਨਾਲ ਮੁਲਾਕਾਤ ਕਰਕੇ ਪੰਜਾਬ ਲਈ ਕੋਲੇ...