ਲੁਧਿਆਣਾ – ਸੁਧਾਰ ਪਿੰਡ ਦੇ ਨਜ਼ਦੀਕ ਸੜਕ ਕਿਨਾਰੇ ਪਏ 70-75 ਸਾਲ ਦੇ ਦਿਮਾਗੀ ਸੰਤੁਲਨ ਗਵਾ ਚੁੱਕੇ ਲਾਵਾਰਸ ਬਿਮਾਰ ਬਜ਼ੁਰਗ ਨੂੰ ਉਸ ਸਮੇਂ ਨਵੀਂ ਜ਼ਿੰਦਗੀ ਮਿਲੀ ਜਦੋਂ ਘੁਮਾਣ ਪਿੰਡ ਦਾ ਇਕ ਵਿਅਕਤੀ ਇਸ ਨੂੰ ਚੁੱਕ ਕੇ ਸਰਾਭਾ ਪਿੰਡ ਦੇ ਨਜ਼ਦੀਕ ਬਣੇ “ਗੁਰੂ ਅਮਰਦਾਸ ਅਪਾਹਜ ਆਸ਼ਰਮ” ਵਿੱਚ ਲੈ ਆਇਆ। ਇਸ ਬਜ਼ੁਰਗ ਦੇ ਸਰੀਰ ਉੱਤੇ ਪਈ ਹੋਈ ਮਿੱਟੀ ਅਤੇ ਤਨ ‘ਤੇ ਪਹਿਨੇ ਹੋਏ ਫਟੇ-ਪੁਰਾਣੇ ਕੱਪੜਿਆਂ ਨੂੰ ਵੇਖ ਕੇ ਇੰਜ ਲਗਦਾ ਸੀ ਕਿ ਇਹ ਵਿਅਕਤੀ ਕਾਫ਼ੀ ਸਮੇਂ ਤੋਂ ਸੜਕਾਂ ‘ਤੇ ਰੁਲ ਰਿਹਾ ਹੈ। ਇਸ ਨੇ ਪਹਿਨੇ ਹੋਏ ਫਟੇ-ਪੁਰਾਣੇ ਕੱਪੜਿਆਂ ਨੂੰ ਇਤਨੀਆਂ ਗੰਢਾਂ ਦਿੱਤੀਆਂ ਹੋਈਆਂ ਸਨ ਕਿ ਕੈਂਚੀ ਨਾਲ ਕੱਟ ਕੇ ਇਸ ਦੇ ਕੱਪੜੇ ਉਤਾਰਨੇ ਪਏ।
ਆਸ਼ਰਮ ਵਿੱਚ ਆਉਣ ਤੋਂ ਬਾਅਦ ਚੰਗੀ ਦੇਖ-ਭਾਲ ਅਤੇ ਮੈਡੀਕਲ ਸਹਾਇਤਾ ਮਿਲਣ ਉਪਰੰਤ ਭਾਵੇਂ ਇਸ ਵਿਅਕਤੀ ਦੀ ਹਾਲਤ ਵਿੱਚ ਕਾਫ਼ੀ…… ਸੁਧਾਰ ਹੋਇਆ ਹੈ ਪਰ ਫਿਰ ਵੀ ਦਿਮਾਗੀ ਸੰਤੁਲਨ ਗਵਾ ਚੁੱਕਾ ਅਤੇ ਬੇਹੱਦ ਕਮਜ਼ੋਰ ਇਹ ਬਜ਼ੁਰਗ ਆਪਣਾ ਨਾਉਂ ਸਪਸ਼ਟ ਨਹੀਂ ਦੱਸ ਸਕਦਾ। ਕਦੇ ਵਲੈਤੀ ਰਾਮ ਅਤੇ ਕਦੇ ਦੇਸੂ ਦੱਸਦਾ ਹੈ। ਆਪਣਾ ਪਿੰਡ ਕਦੇ ਭੱਟੀਆਂ ਕਦੇ ਬੱਸੀਆਂ ਦੱਸਦਾ ਹੈ। ਸੋਟੀ ਦੇ ਸਹਾਰੇ ਥੋੜਾ ਬਹੁਤਾ ਤੁਰ ਲੈਂਦਾ ਹੈ। ਉੱਚੀ ਬੋਲਿਆਂ ਥੋੜੀ-ਬਹੁਤੀ ਗੱਲ-ਬਾਤ ਵੀ ਸਮਝ ਲੈਂਦਾ ਹੈ। ਪਰ ਇਸ ਦੇ ਬੋਲਣ ਦੀ ਦੂਸਰੇ ਇਨਸਾਨ ਨੂੰ ਜ਼ਿਆਦਾ ਸਮਝ ਨਹੀਂ ਪੈਂਦੀ। ਇਸ ਦੇ ਪਰਿਵਾਰ, ਘਰ-ਬਾਰ ਆਦਿ ਵਾਰੇ ਕੋਈ ਜਾਣਕਾਰੀ ਨਹੀਂ ਹੈ। ਇਹ ਮਲ-ਮੂਤਰ ਵੀ ਕੱਪੜਿਆਂ ਵਿੱਚ ਜਾਂ ਬਿਸਤਰੇ ਵਿੱਚ ਹੀ ਕਰ ਦਿੰਦਾ ਹੈ ।
ਆਸ਼ਰਮ ਦੇ ਸੇਵਾਦਾਰ ਡਾ. ਨੌਰੰਗ ਸਿੰਘ ਮਾਂਗਟ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੇ ਸਰਾਭਾ-ਸਹੌਲੀ-ਅੱਬੂਵਾਲ ਪਿੰਡਾਂ ਦੇ ਵਿਚਕਾਰ ਸਥਿਤ ਇਸ ਆਸ਼ਰਮ ਵਿੱਚ ਬੇਸਹਾਰਾ ਲੋੜਵੰਦਾਂ ਦੀ ਸੇਵਾ-ਸੰਭਾਲ ਕੀਤੀ ਜਾਂਦੀ ਹੈ। ਇਸ ਆਸ਼ਰਮ ਵਿੱਚ ਹੁਣ 14-15 ਲੋੜਵੰਦ ਆਪਣਾ ਜੀਵਨ ਨਿਰਬਾਹ ਕਰ ਰਹੇ ਹਨ। ਆਸ਼ਰਮ ਵਿੱਚ ਰਹਿਣ ਵਾਲੇ ਲੋੜਵੰਦਾਂ ਲਈ ਰੋਟੀ-ਕੱਪੜਾ, ਮੰਜਾ-ਬਿਸਤਰਾ ਅਤੇ ਸੇਵਾ-ਸੰਭਾਲ ਤੋਂ ਇਲਾਵਾ ਮੈਡੀਕਲ ਸਹਾਇਤਾ ਵੀ ਕੀਤੀ ਜਾਂਦੀ ਹੈ। ਪਰ ਇਨ੍ਹਾਂ ਲੋੜਵੰਦਾਂ ਕੋਲੋਂ ਕਿਸੇ ਵੀ ਪ੍ਰਕਾਰ ਦੀ ਫ਼ੀਸ ਜਾਂ ਖ਼ਰਚਾ ਆਦਿ ਨਹੀਂ ਲਿਆ ਜਾਂਦਾ। ਇੱਥੋਂ ਦਾ ਸਾਰਾ ਪ੍ਰਬੰਧ ਗੁਰੂ ਦੀਆਂ ਸੰਗਤਾਂ ਵਲੋਂ ਦਿੱਤੇ ਸਹਿਯੋਗ ਨਾਲ ਹੀ ਚੱਲਦਾ ਹੈ। ਇਸ ਆਸ਼ਰਮ ਲਈ ਖ਼ਰੀਦੀ ਜ਼ਮੀਨ ਸਮੇਤ ਹਰ ਵਸਤੂ ਕਿਸੇ ਵਿਅਕਤੀ ਦੀ ਨਿੱਜੀ ਨਹੀਂ ਹੈ ਸਗੋਂ “ਗੁਰੂ ਅਮਰ ਦਾਸ ਅਪਾਹਜ ਆਸ਼ਰਮ” ਸੰਸਥਾ ਦੀ ਮਲਕੀਅਤ ਹੈ।
ਡਾ. ਮਾਂਗਟ ਨੇ ਬਜ਼ੁਰਗਾਂ, ਬੀਬੀਆਂ, ਅਪਾਹਜਾਂ, ਨੇਤਰਹੀਣਾਂ ਅਤੇ ਹੋਰ ਲੋੜਵੰਦਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਸ਼ਰਮ ਵਿੱਚ ਆ ਕੇ ਆਪਣੀ ਜ਼ਿੰਦਗੀ ਨੂੰ ਸੁਖਾਲੀ ਬਣਾ ਸਕਦੇ ਹਨ। ਹੋਰ ਜਾਣਕਾਰੀ ਲਈ ਡਾ. ਨੌਰੰਗ ਸਿੰਘ ਮਾਂਗਟ ਨਾਲ ਮੋਬਾਈਲ 95018-42505, 95018-42506 ਜਾਂ ਈ ਮੇਲ: nsmangat14@hotmail.com ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Indian News ਸੁਧਾਰ ਪਿੰਡ ਦੀ ਸੜਕ ‘ਤੇ ਮੰਦੀ ਹਾਲਤ ਵਿੱਚ ਪਏ ਬਜ਼ੁਰਗ ਨੂੰ ਸਰਾਭਾ...