ਸੁਪਰੀਮ ਕੋਰਟ ਨੇ ਬਦਲਵੇਂ ਸ਼ਬਦਾਂ ਬਾਰੇ ਇਕ ਕਿਤਾਬਚਾ ‘ਹੈਂਡਬੁਕ ਆਨ ਕੰਬੈਟਿੰਗ ਜੈਂਡਰ ਸਟੀਰੀਓਟਾਈਪਸ’ ਰਿਲੀਜ਼ ਕੀਤਾ

ਨਵੀਂ ਦਿੱਲੀ, 16 ਅਗਸਤ – ਈਵ ਟੀਜ਼ਿੰਗ (ਛੇੜਛਾੜ), ਪ੍ਰੌਸਟੀਚਿਊਟ (ਦੇਹ ਵਪਾਰ) ਤੇ ਹਾਊਸਵਾਈਫ ਵਰਗੇ ਸ਼ਬਦ, ਜੋ ਮਹਿਲਾਵਾਂ ਲਈ ਵਰਤੇ ਜਾਂਦੇ ਹਨ, ਜਲਦੀ ਹੀ ਕਾਨੂੰਨੀ ਅਮਲ ’ਚੋਂ ਬਾਹਰ ਹੋ ਜਾਣਗੇ ਤੇ ਉਨ੍ਹਾਂ ਦੀ ਥਾਂ ਸਟਰੀਟ ਸੈਕਸੁਅਲ ਹੈਰਾਸਮੈਂਟ, ਸੈਕਸ ਵਰਕਰ ਤੇ ਹੋਮਮੇਕਰ ਵਰਗੇ ਸ਼ਬਦ ਵਰਤੇ ਜਾਣਗੇ।
ਸੁਪਰੀਮ ਕੋਰਟ ਨੇ ਅੱਜ ਇਕ ਕਿਤਾਬਚਾ ਰਿਲੀਜ਼ ਕੀਤਾ ਹੈ ਜਿਸ ਵਿੱਚ ਲਿੰਗ ਆਧਾਰ ’ਤੇ ਮਹਿਲਾਵਾਂ ਲਈ ਵਰਤੇ ਜਾਂਦੇ ਤਰਕਹੀਣ ਸ਼ਬਦਾਂ ਦੀ ਥਾਂ ’ਤੇ ਬਦਲਵੇਂ ਸ਼ਬਦ ਸੁਝਾਏ ਗਏ ਹਨ। ਵੇਰਵਿਆਂ ਅਨੁਸਾਰ ਚੀਫ ਜਸਟਿਸ ਡੀ. ਵਾਈ ਚੰਦਰਚੂੜ ਦੀ ਅਗਵਾਈ ਹੇਠ ਜਦੋਂ ਪੰਜ ਮੈਂਬਰੀ ਬੈਂਚ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਸਬੰਧੀ ਪਟੀਸ਼ਨ ਦੀ ਸੁਣਵਾਈ ਲਈ ਬੈਠਿਆ ਤਾਂ ਜਸਟਿਸ ਚੰਦਰਚੂੜ ਨੇ ਕਿਤਾਬਚਾ ‘ਹੈਂਡਬੁਕ ਆਨ ਕੰਬੈਟਿੰਗ ਜੈਂਡਰ ਸਟੀਰੀਓਟਾਈਪਸ’ ਰਿਲੀਜ਼ ਕਰਨ ਦਾ ਐਲਾਨ ਕੀਤਾ।
ਸੁਪਰੀਮ ਕੋਰਟ ਨੇ ਮਗਰੋਂ ਕਿਤਾਬਚੇ ਬਾਰੇ ਪ੍ਰੈੱਸ ਰਿਲੀਜ਼ ਜਾਰੀ ਕਰਦਿਆਂ ਕਿਹਾ ਕਿ ਇਸ ਵਿੱਚ ਬਦਲਵੇਂ ਸ਼ਬਦਾਂ ਬਾਰੇ ਸੁਝਾਅ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਕਾਨੂੰਨੀ ਮਾਹਿਰਾਂ ਵੱਲੋਂ ਵਰਤਿਆ ਜਾ ਸਕਦਾ ਹੈ।