ਸੈਂਡਰਿੰਗਮ ਹੋਮੀਸਾਇਡ: ਡੇਅਰੀ ਕਰਮਚਾਰੀ ਜਨਕ ਪਟੇਲ ਨੂੰ ਵੀਰੀ ਫਿਊਨਰਲ ਹੋਮ ਵਿਖੇ ਅੰਤਿਮ ਵਿਦਾਇਗੀ ਦਿੱਤੀ ਗਈ, ਪ੍ਰਧਾਨ ਮੰਤਰੀ ਆਰਡਰਨ ਵੀ ਅੰਤਿਮ ਸਸਕਾਰ ‘ਚ ਸ਼ਾਮਲ ਹੋਈ

ਆਕਲੈਂਡ, 28 ਨਵੰਬਰ – ਸੈਂਟਰਲ ਆਕਲੈਂਡ ਦੇ ਸੈਂਡਰਿੰਗਮ ‘ਚ ਸਥਿਤ ਰੋਜ਼ ਕਾਟੇਜ ਸੁਪਰੇਟੀ ਵਿਖੇ 23 ਨਵੰਬਰ ਦਿਨ ਬੁੱਧਵਾਰ ਦੇਰ ਰਾਤ ਚਾਕੂ ਮਾਰਨ ਤੋਂ ਬਾਅਦ ਮਰਨ ਵਾਲੇ ਕਰਮਚਾਰੀ ਜਨਕ ਪਟੇਲ (34) ਦਾ 27 ਨਵੰਬਰ ਦਿਨ ਐਤਵਾਰ ਨੂੰ ਸਾਊਥ ਆਕਲੈਂਡ ਦੇ ਉਪਨਗਰ ਵੀਰੀ ਦੇ ਐਨਾ ਫਿਊਨਰਲ ਹੋਮ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਨਕ ਪਟੇਲ ਦੇ ਅੰਤਿਮ ਸੰਸਕਾਰ ਵਿੱਚ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਵੀ ਸ਼ਾਮਲ ਹੋਈ। ਅੰਤਿਮ ਸੰਸਕਾਰ ਵਿੱਚ ਪਟੇਲ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਵੱਡੀ ਗਿਣਤੀ ‘ਚ ਭਾਈਚਾਰੇ ਦੇ ਲੋਕ ਹਾਜ਼ਰ ਸਨ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਤੋਂ ਇਲਾਵਾ ਟਰਾਂਸਪੋਰਟ ਮੰਤਰੀ ਮਾਈਕਲ ਵੁੱਡ, ਮਨਿਸਟਰ ਪ੍ਰਿਅੰਕਾ ਰਾਧਾਕ੍ਰਿਸ਼ਨਨ, ਐਮਪੀ ਮਾਰਕ ਮਿਸ਼ੇਲ, ਨੈਸ਼ਨਲ ਐਮਪੀ ਮੇਲਿਸਾ ਲੀ, ਸਾਬਕਾ ਐਮਪੀ ਸ. ਕੰਵਲਜੀਤ ਸਿੰਘ ਬਖਸ਼ੀ ਅਤੇ ਡਿਟੈਕਟਿਵ ਇੰਸਪੈਕਟਰ ਸਕਾਟ ਬੀਅਰਡ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਸਨ ਜੋ ਪਟੇਲ ਨੂੰ ਅੰਤਿਮ ਸਸਕਾਰ ਮੌਕੇ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ ਸਨ।
ਪੁਲਿਸ ਨੇ ਜਨਕ ਪਟੇਲ ਦੀ ਮੌਤ ਤੋਂ ਬਾਅਦ ਸ਼ੁੱਕਰਵਾਰ ਨੂੰ ਇੱਕ 34 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ‘ਤੇ ਡਕੈਤੀ ਅਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਦੂਜੇ 42 ਸਾਲਾ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ‘ਤੇ ਲੁੱਟ ਦਾ ਦੋਸ਼ ਲਗਾਇਆ ਗਿਆ ਹੈ। ਦੋਵਾਂ ਨੂੰ ਸ਼ਨੀਵਾਰ ਨੂੰ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਜਦੋਂ ਕਿ ਤੀਜੇ ਵਿਅਕਤੀ ‘ਤੇ ਵੀ ਲੁੱਟ-ਖੋਹ ਦਾ ਦੋਸ਼ ਲਗਾਇਆ ਗਿਆ ਹੈ। ਇਸ 36 ਸਾਲਾ ਵਿਅਕਤੀ ਨੂੰ ਸੋਮਵਾਰ ਨੂੰ ਆਕਲੈਂਡ ਡਿਸਟ੍ਰਿਕਟ ਕੋਰਟ ਵਿੱਚ ਪੇਸ਼ ਕੀਤਾ ਜਾਣਾ ਹੈ।