ਸੈਂਡਰਿੰਗਮ ਹੋਮੀਸਾਇਡ: ਡੇਅਰੀ ਕਰਮਚਾਰੀ ਜਨਕ ਪਟੇਲ ਹੱਤਿਆ ਤੋਂ ਬਾਅਦ ਦੇਸ਼ ਵਿਆਪੀ ਵਿਰੋਧ

ਆਕਲੈਂਡ, 28 ਨਵੰਬਰ – ਸੈਂਡਰਿੰਗਮ ‘ਚ ਸਥਿਤ ਰੋਜ਼ ਕਾਟੇਜ ਸੁਪਰੇਟੀ ਵਿਖੇ 23 ਨਵੰਬਰ ਦਿਨ ਬੁੱਧਵਾਰ ਦੇਰ ਰਾਤ ਨੂੰ ਚਾਕੂ ਮਾਰ ਕੇ ਡੇਅਰੀ ਕਰਮਚਾਰੀ ਜਨਕ ਪਟੇਲ (34) ਦੀ ਹੱਤਿਆ ਤੋਂ ਬਾਅਦ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਵੇਖਣ ਨੂੰ ਮਿਲ ਰਿਹਾ ਹੈ। ਅੱਜ ਦੇਸ਼ ਭਰ ਦੀਆਂ ਕਈ ਡੇਅਰੀਆਂ ਨੇ ਆਪਣੇ ਸਟੋਰ ਦੋ ਘੰਟਿਆਂ ਲਈ ਬੰਦ ਰੱਖੇ। ਅੱਜ ਸੈਂਕੜੇ ਲੋਕਾਂ ਨੇ ਆਕਲੈਂਡ ਵਿੱਚ ਨਿਊ ਨਾਰਥ ਆਰਡੀ ਦੇ ਹਿੱਸੇ ਨੂੰ ਬੰਦ ਕਰਨ ਲਈ ਪੁਲਿਸ ਨੂੰ ਮਜਬੂਰ ਕੀਤਾ।
ਅੱਜ ਆਕਲੈਂਡ ਦੇ ਮਾਊਂਟ ਅਲਬਰਟ ਵਿੱਚ ਪ੍ਰਧਾਨ ਮੰਤਰੀ ਆਰਡਰਨ ਦੇ ਚੋਣ ਦਫ਼ਤਰ ਦੇ ਬਾਹਰ ਡੇਅਰੀ ਵਰਕਰ ਪਟੇਲ ਦੇ ਹੱਕ ‘ਚ ‘ਇਨੱਗ ਈਜ਼ ਇਨੱਗ’ ਦੇ ਨਾਂਅ ਹੇਠ ਵੱਡਾ ਇਕੱਠਾ ਹੋਇਆ। ਲੋਕ ਸਰਕਾਰ ਪਾਸੋਂ ਇਨਸਾਫ਼ ਦੀ ਮੰਗ ਕਰਨ ਦੇ ਨਾਲ-ਨਾਲ ਦੋਸ਼ੀਆਂ ਲਈ ਸਖ਼ਤ ਕਾਨੂੰਨ ਬਣਾਉਣ ਲਈ ਮੰਗ ਕਰ ਰਹੇ ਸਨ। ਜਿਵੇਂ-ਜਿਵੇਂ ਗਿਣਤੀ ਵਧਦੀ ਗਈ, ਪ੍ਰਦਰਸ਼ਨਕਾਰੀ ਭਾਈਚਾਰੇ ਦੇ ਨੇਤਾਵਾਂ ਅਤੇ ਸਬੰਧਿਤ ਨਾਗਰਿਕਾਂ ਦੇ ਭਾਸ਼ਣ ਸੁਣਨ ਲਈ ਇਕੱਠੇ ਹੋ ਗਏ। ਇਕੱਠ ਨੇ ਵੀ ਆਵਾਜ਼ ਵਿੱਚ ਵਾਧਾ ਕੀਤਾ, ਸਮੂਹਿਕ ਤੌਰ ‘ਤੇ ਨਿਆਂ ਦੀ ਮੰਗ ਕੀਤੀ ਅਤੇ ਰਿਟੇਲ ਕ੍ਰਾਈਮ ਦੇ ਦੋਸ਼ੀਆਂ ਦੇ ਖ਼ਿਲਾਫ਼ ਪੁਲਿਸ ਅਤੇ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ, “ਬਹੁਤ ਹੋ ਗਿਆ(Enough Is Enough)”, “ਕਾਨੂੰਨ ਬਦਲੋ (Change The Law)” ਅਤੇ “ਸਖ਼ਤ ਸਜ਼ਾਵਾਂ(Harsher Penalties)” ਦੇ ਨਾਅਰੇ ਲਗਾਏ।
ਡੇਅਰੀ ਅਤੇ ਬਿਜ਼ਨਸ ਓਨਰਜ਼ ਗਰੁੱਪ ਦੇ ਚੇਅਰਮੈਨ ਸੰਨੀ ਕੌਸ਼ਲ ਨੇ ਆਰਡਰਨ ਦੇ ਮਾਊਂਟ ਅਲਬਰਟ ਦਫ਼ਤਰ ਦੇ ਬਾਹਰ ਕਿਹਾ ਕਿ, “ਸਰਕਾਰ ਲਈ ਸਾਡੇ ਕੋਲ ਸੁਨੇਹਾ ਕਾਫ਼ੀ ਹੈ। ਸਾਨੂੰ ਤੁਰੰਤ ਹੱਲ ਅਤੇ ਕਾਰਵਾਈ ਦੀ ਲੋੜ ਹੈ”। ‘ਉਨ੍ਹਾਂ ਨੇ ਸਰਕਾਰ ਤੋਂ ਪੁੱਛਿਆ ਕਿ ਹੋਰ ਕਿੰਨੇ ਲੋਕਾਂ ਨੂੰ ਮਰਨ ਦੀ ਲੋੜ ਹੈ? ਸਾਨੂੰ ਹੋਰ ਕਿੰਨੀਆਂ ਜਾਨਾਂ ਗੁਆਉਣੀਆਂ ਪੈਣਗੀਆਂ?’। ਉਨ੍ਹਾਂ ਕਿਹਾ, “ਅਸੀਂ ਲੰਬੇ ਸਮੇਂ ਤੋਂ ਸਰਕਾਰ ਨੂੰ ਇਸ ਬਾਰੇ ਦੱਸ ਰਹੇ ਹਾਂ। ਇਸ ਤਰ੍ਹਾਂ ਦੇ ਦੁਖਾਂਤ ਤੇ ਘਟਨਾਵਾਂ ਤੋਂ ਬਚਿਆ ਜਾਣਾ ਚਾਹੀਦਾ ਹੈ”।
ਅੱਜ ਦੋ ਘੰਟੇ ਦਾ ਵਿਰੋਧ ਦੁਪਹਿਰ 12.30 ਵਜੇ ਸ਼ੁਰੂ ਹੋਇਆ, ਨਿਊਜ਼ੀਲੈਂਡ ਭਰੇ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਕਾਂ ਨੇ ਵਿਰੋਧ ਕੀਤਾ ਅਤੇ ਵੈਲਿੰਗਟਨ ਵਿੱਚ ਉਪ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਦੇ ਚੋਣ ਦਫ਼ਤਰ ਦੇ ਬਾਹਰ ਵਿਰੋਧ ‘ਚ ਸ਼ਾਮਲ ਹੋ ਕੇ ਏਕਤਾ ਦਿਖਾਈ।