ਸੈਕਰਾਮੈਂਟੋ ਕਬੱਡੀ ਕੱਪ ਨਿਊਯਾਰਕ ਮੈਟਰੋ ਨੇ ਜਿੱਤਿਆ ਤੇ ਓਪਨ ‘ਚ ਚੜ੍ਹਦਾ ਪੰਜਾਬ ਰੋਜਵਿਲ ਜੇਤੂ ਰਹੇ, ਦਰਸ਼ਕਾਂ ਦੇ ਇਕੱਠ ਨੇ ਰਿਕਾਰਡ ਤੋੜਿਆ।

ਸੈਕਰਾਮੈਂਟੋ, ਕੈਲੀਫੋਰਨੀਆ, 31 ਮਈ (ਹੁਸਨ ਲੜੋਆ ਬੰਗਾ) – ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ‘ਚ ਕਰਵਾਇਆ ਗਿਆ 7ਵਾਂ ਕਬੱਡੀ ਕੱਪ ਐਤਕਾਂ ਨਿਊਯਾਰਕ ਮੈਟਰੋ ਦੀ ਝੋਲੀ ਪਿਆ ਤੇ ਹੋਲਾ ਮਹੱਲਾ ਕਲੱਬ ਰੋਜਵਿਲ ਨੂੰ ਦੂਸਰੇ ਥਾਂ ਹੀ ਸਬਰ ਕਰਨਾ ਪਿਆ। ਕੋਰੋਨਾ ਵਾਇਰਸ ਦੇ ਬੰਦ ਤੋਂ ਬਾਅਦ ਇਹ ਪੂਰੇ ਅਮਰੀਕਾ ਵਿੱਚ ਪਹਿਲਾ ਕਬੱਡੀ ਟੂਰਨਾਮੈਂਟ ਸੀ ਜਿਸ ਕਰਕੇ ਲੋਕਾਂ ਦਾ ਭਾਰੀ ਰਿਕਾਰਡ ਤੋੜ ਇਕੱਠ ਦੇਖਣ ਨੂੰ ਮਿਲਿਆ ।ਇਸੇ ਤਰਾਂ ਕਬੱਡੀ ਓਪਨ ‘ਚ “ਚੜ੍ਹਦਾ ਪੰਜਾਬ” ਪਹਿਲੇ ਸਥਾਨ ਤੇ ਰਿਹਾ ਤੇ ਦੂਸਰੇ ਨੰਬਰ ਤੇ ਫਰਿਜਨੋ ਰਿਹਾ। ਰੱਸੀ ਕੱਸੀ ‘ਚ ਟਗ ਵੋਰੀਅਰਜ ਫਰਿਜਨੋ ਪਹਿਲੇ ਤੇ ਮੈਨਟੀਕਾ ਦੀ ਟੀਮ ਦੂਜੇ ਸਥਾਨ ਤੇ ਰਹੀ। ਬੈੱਸਟ ਸਟਾਪਰ ਦਾ ਖ਼ਿਤਾਬ ਸਾਂਝੇ ਤੌਰ ‘ਤੇ ਹੁਸ਼ਿਆਰਾ ਬੋਹਪੁਰ ਤੇ ਪਾਲਾ ਜਲਾਲਪੁਰ ਨੂੰ ਦਿੱਤਾ ਗਿਆ, ਇਸੇ ਤਰਾਂ ਬੈੱਸਟ ਰੇਡਰ ਦਾ ਖ਼ਿਤਾਬ ਸੁਲਤਾਨ ਸਮਸਪੁਰ ਨੂੰ ਦਿੱਤਾ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬੀ ਦੀ ਨਾਮਵਰ ਗਾਇਕਾ ਮਨਿੰਦਰ ਦਿਓਲ ਤੇ ਕਿਸਾਨੀ ਸੰਘਰਸ਼ ਵਿੱਚ ਪ੍ਰਮੁੱਖ ਸੇਵਾਵਾਂ ਨਿਭਾਉਣ ਵਾਲੇ ਡਾਕਟਰ ਸਵੈਮਾਨ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਮੌਕੇ ਗਾਇਕਾ ਮਨਿੰਦਰ ਦਿਓਲ ਨੇ ਭਾਰੀ ਗਿਣਤੀ ਚ ਪਹੁੰਚੇ ਦਰਸ਼ਕਾਂ ਦਾ ਤੇ ਸੁਚੱਜੇ ਪ੍ਰਬੰਧ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਬੱਡੀ ਖਿਡਾਰੀ ਪਾਲਾ ਜਲਾਲਪੁਰ, ਨਵੀਂ ਤੇ ਕਬੱਡੀ ਕਮੈਂਟੇਟਰ ਮੱਖਣ ਅਲੀ ਨੂੰ ਡਾਇਮੰਡ ਦੀਆਂ ਮੁੰਦੀਆਂ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਵੱਖ ਵੱਖ ਸਪੌਂਸਰਾਂ ਵੱਲੋਂ ਜੇਤੂ ਖਿਡਾਰੀਆਂ ਟਰੌਫੀਆਂ, ਸ਼ੀਲਡਾਂ ਤੇ ਡਾਲਰਾਂ ਨਾਲ ਸਨਮਾਨ ਕੀਤਾ, ਸਨਮਾਨ ਕਰਨ ਵਾਲਿਆਂ ਵਿੱਚ ਬੋਪਾਰਾਏ ਬ੍ਰਦਰਜ਼, ਕੁਲਜੀਤ ਨਿੱਝਰ, ਸੰਤੋਖ ਜੱਜ, ਮੇਜਰ ਨਿੱਝਰ, ਸਰਬਜੀਤ ਧੂਤ, ਭੰਡਾਲ ਪਰਿਵਾਰ, ਗਾਖਲ ਭਰਾ, ਮਾਈਕ ਭੁੱਲਰ, ਨਰਿੰਦਰ ਔਜਲਾ,ਜਗਜੀਤ ਰੱਕੜ, ਗੁਰਵਿੰਦਰ ਗਾਖਲ, ਦਲਵਿੰਦਰ ਧੂਤ, ਬਲਜੀਤ ਬਾਸੀ, ਕੁਲਜੀਤ ਸਿੱਧੂ, ਮਲਾਘਰ ਖੈਰਾ, ਪਰਮਜੀਤ ਖੈਰਾ, ਜਸਵਿੰਦਰ ਰਾਏ, ਰਵਿੰਦਰ ਜੌਹਲ, ਜੱਸੀ ਸ਼ੇਰ ਗਿੱਲ, ਸੰਘਾ, ਤੀਰਥ ਸਹੋਤਾ, ਸਨੀ ਸਮਰਾ ਹਰਮਨ ਬਸਰਾ, ਟੋਨੀ ਧਾਲੀਵਾਲ, ਸਤਵੰਤ ਨਿੱਝਰ, ਸੁਖਵਿੰਦਰ ਅਜ਼ੀਮਲ, ਦਵਿੰਦਰ ਨਿੱਝਰ ਆਦਿ ਹਾਜ਼ਰ ਸਨ। ਇਸ ਮੌਕੇ ਟੂਰਨਾਮੈਂਟ ਨੂੰ ਸਟੇਜ ਤੋਂ ਖ਼ੂਬਸੂਰਤੀ ਨਾਲ ਸ਼ਬਦਾਂ ਦੀ ਧਨੀ ਆਸ਼ਾ ਸ਼ਰਮਾ ਨੇ ਚਲਾਇਆ ਤੇ ਖੇਡ ਦੇ ਮੈਦਾਨ ਤੋਂ ਮੱਖਣ ਅਲੀ, ਇਕਬਾਲ ਗ਼ਾਲਿਬ, ਕਾਲਾ ਰੇਚਿੰਨ ਨੇ ਚਲਾਇਆ ਤੇ ਕੋਚ ਦਵਿੰਦਰ ਨੇ ਮੈਚਾਂ ਦੀ ਰੈਫ਼ਰੀ ਕੀਤੀ। ਇਸ ਮੌਕੇ ਗੁਰਦੁਆਰਾ ਦਸਮੇਸ਼ ਦਰਬਾਰ ਦੀ ਕਮੇਟੀ ਵੱਲੋਂ ਵੱਖ ਵੱਖ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਸੀ। ਸੈਕਰਾਮੈਂਟੋ ਕਿੰਗਜ਼ ਸਪੋਰਟਸ ਕਲੱਬ ਦੇ ਪ੍ਰਬੰਧਕਾਂ ਮੁੱਖ ਤੌਰ ‘ਤੇ ਸੁਖੀ ਸੇਖੋਂ, ਗੁਰਨੇਕ ਸਿੰਘ, ਕਿੰਦੂ ਰਮੀਦੀ, ਸੀਤਲ ਸਿੰਘ, ਸੁਖਵਿੰਦਰ ਤੂਰ, ਸੋਢੀ ਸਿੰਘ, ਗੁਰਮੁਖ ਸੰਧੂ, ਜੱਸੀ ਢਿੱਲੋਂ ਵੱਲੋਂ ਜੇਤੂ ਕਬੱਡੀ ਟੀਮ ਨੂੰ 15 ਹਜ਼ਾਰ ਡਾਲਰ ਦਾ ਨਗਦ ਇਨਾਮ ਤੇ ਟਰਾਫ਼ੀ ਦਿੱਤੀ ਗਈ। ਇਸੇ ਤਰਾਂ ਬਾਕੀ ਜੇਤੂ ਟੀਮਾਂ ਨੂੰ ਵੀ ਨਗਦ ਇਨਾਮ ਤੇ ਟਰਾਫ਼ੀਆਂ ਦਿੱਤੀਆਂ ਗਈਆਂ। ਇਸ ਮੌਕੇ ਬੀਬੀਆਂ ਵੀ ਭਾਰੀ ਗਿਣਤੀ ‘ਚ ਹਾਜ਼ਰ ਹੋਈਆਂ। ਇਸ ਮੌਕੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਤੇ ਮਹਿੰਦਰ ਸਿੰਘ ਮੌੜ ਦੇ ਅਕਾਲ ਚਲਾਣੇ ‘ਤੇ ਪ੍ਰਬੰਧਕਾਂ ਤੇ ਦਰਸ਼ਕਾਂ ਵੱਲੋਂ ਇੱਕ ਮਿੰਟ ਦਾ ਮੌਨ ਵੀ ਰੱਖਿਆ ਗਿਆ। ਸਕਿਉਰਿਟੀ ਦੇ ਖ਼ਾਸ ਪ੍ਰਬੰਧ ਨੇ ਮਹੌਲ ਸ਼ਾਂਤ ਬਣਾਈ ਰੱਖਿਆ।